ਨਵੀਂ ਦਿੱਲੀ : ਦਿੱਲੀ ਵਿੱਚ ਆਪ ਦੀ ਰਿਕਾਰਡ ਤੋੜ ਜਿੱਤ ਤੋਂ ਬਾਅਦ ਜਦੋਂ ਦਿੱਲੀ ਸਮੇਤ ਪੂਰਾ ਦੇਸ਼ ਆਪ ਦੀ ਜਿੱਤ ਦੀ ਖੁਸ਼ੀ ਮਨਾ ਰਿਹਾ ਸੀ l ਉਸ ਸਮੇਂ ਮਹਰੌਲੀ ਵਿਧਾਨ ਸਭਾ ਤੋਂ ਜਿੱਤੇ ਆਪ ਵਿਧਾਇਕ ਨਰੇਸ਼ ਯਾਦਵ ਜਦੋਂ ਮੰਦਿਰ ਤੋਂ ਪ੍ਰਮਾਤਮਾ ਦਾ ਸ਼ੁੱਕਰਾਨਾ ਕਰਨ ਉਪਰੰਤ ਮੁੜ ਰਿਹਾ ਸੀ ਤਾਂ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੱਡੀ ‘ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ l ਜਿਸ ਕਾਰਨ ਗੱਡੀ ਵਿੱਚ ਬੈਠੇ ਇੱਕ ਵਰਕਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ l ਘਟਨਾ ਦੱਖਣ ਪੱਛਮ ਦੇ ਕਿਸ਼ਨਗੜ ਪਿੰਡ ਵਿੱਚ ਰਾਤ ਕਰੀਬ 11 ਵਜੇ ਹੋਈ l ਵਾਰਦਾਤ ਦੇ ਸਮੇਂ ਯਾਦਵ ਮੰਦਿਰ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਸਨ l
ਦੱਸ ਦਈਏ ਕਿ ਮੰਗਲਵਾਰ ਰਾਤ ਨੂੰ ਜਦ ਨਰੇਸ਼ ਯਾਦਵ ਦੀ ਗੱਡੀ ਅਰੁਣਾ ਆਸਿਫ ਅਲੀ ਰੋਡ ‘ਤੇ ਇੱਕ ਟਰੈਫਿਕ ਸਿਗਨਲ ‘ਤੇ ਰੁਕੀ, ਤਦ ਇੱਕ ਨੌਜਵਾਨ ਨੇ ਪਿੱਛੇ ਤੋਂ ਆ ਕੇ ਫਾਇਰਿੰਗ ਕੀਤੀ l ਨਰੇਸ਼ ਯਾਦਵ ਨੇ ਕਿਹਾ ਕਿ ਇਹ ਬਹੁਤ ਦੁਖਦ ਘਟਨਾ ਹੈ l ਮੈਨੂੰ ਨਹੀਂ ਪਤਾ ਕਿ ਹਮਲੇ ਦੀ ਵਜ੍ਹਾ ਕੀ ਸੀ ਪਰ ਇਹ ਸਭ ਅਚਾਨਕ ਹੋਇਆ l ਕਰੀਬ 4 ਰਾਊਂਡ ਗੋਲੀਆਂ ਚਲਾਈ ਗਈਆਂ l ਮੇਰੀ ਗੱਡੀ ‘ਤੇ ਹਮਾਲ ਕੀਤਾ ਗਿਆ l ਨਰੇਸ਼ ਯਾਦਵ ਦਾ ਕਹਿਣਾ ਹੈ ਕਿ ਮੈਨੂੰ ਯਕੀਨ ਹੈ ਕਿ ਜੇਕਰ ਪੁਲਿਸ ਠੀਕ ਤਰ੍ਹਾਂ ਨਾਲ ਜਾਂਚ ਕਰੇਗੀ ਤਾਂ ਹਮਲਾਵਰ ਨੂੰ ਪਹਿਚਾਣਿਆ ਜਾ ਸਕਦਾ ਹੈ l
ਦੱਖਣ ਪੱਛਮ ਦਿੱਲੀ ਦੇ ਐਡੀਸ਼ਨ ਡੀਸੀਪੀ ਇੰਗਤ ਪ੍ਰਤਾਪ ਸਿੰਘ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਵਿੱਚ ਇਹ ਪਤਾ ਲੱਗਿਆ ਹੈ ਕਿ ਇੱਕ ਹੀ ਵਿਅਕਤੀ ਨੇ ਫਾਇਰਿੰਗ ਕੀਤੀ l ਵਿਧਾਇਕ ਨਰੇਸ਼ ਯਾਦਵ ਉਸ ਦੇ ਲਿਸ਼ਾਨੇ ‘ਤੇ ਨਹੀਂ ਸਨ l ਉਹ ਆਪ ਵਰਕਰ ਅਸ਼ੋਕ ਮਾਨ ਨੂੰ ਮਾਰਨ ਦੇ ਇਰਾਦੇ ਨਾਲ ਹੀ ਆਇਆ ਸੀ l ਪੁਲਿਸ ਦਾ ਕਹਿਣਾ ਕਿ ਘਟਨਾ ਦੇ ਸਮੇਂ ਅਸ਼ੋਕ ਮਾਨ ਅਤੇ ਹਰਿੰਦਰ ਸਿੰਘ ਵਿਧਾਇਕ ਨਰੇਸ਼ ਯਾਦਵ ਦੀ ਗੱਡੀ ਵਿੱਚ ਹੀ ਬੈਠੇ ਸਨ l ਗੋਲੀ ਲੱਗਣ ਨਾਲ ਅਸ਼ੋਕ ਦੀ ਮੌਤ ਹੋ ਗਈ ਜਦਕਿ ਜ਼ਖ਼ਮੀ ਹਰਿੰਦਰ ਹਸਪਤਾਲ ਵਿੱਚ ਭਰਤੀ ਹੈ l ਹਮਲਾਵਰ ਭੱਜਣ ਵਿੱਚ ਕਾਮਯਾਬ ਰਿਹਾ l ਪੁਲਿਸ ਨੇ ਕਿਹਾ ਕਿ ਹਮਲਾਵਰ ਦੀ ਭਾਲ ਜਾਰੀ ਹੈ ਅਤੇ ਉਸ ਨੂੰ ਜਲਦ ਹੀ ਫੜ ਲਿਆ ਜਾਵੇਗਾ l