ਨਿਊਜ਼ ਡੈਸਕ : ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪਿਛਲੇ 40 ਦਿਨਾਂ ਤੋਂ ਪੰਜਾਬ ‘ਚ ਤਾਲਾਬੰਦੀ ਤੇ ਕਰਫਿਊ ਲਾਗੂ ਹੋਣ ਕਾਰਨ ਜਿੱਥੇ ਬਹੁਤੇ ਲੋਕ ਆਪੋ ਆਪਣੇ ਰੋਜ਼ਗਾਰ ਬੰਦ ਹੋਣ ਕਾਰਨ ਪਰੇਸ਼ਾਨ ਸਨ, ਉਥੇ ਗਰੀਬ ਅਬਾਦੀ ਦੀ ਤਾਂ ਭੁੱਖੇ ਮਰਨ ਤੱਕ ਦੀ ਨੌਬਤ ਆ ਗਈ ਐ। ਅਜਿਹੇ ਵਿੱਚ ਜੇਕਰ ਲੋਕਾਂ ਨੂੰ ਕਿਸੇ ਗੱਲ ਨੇ ਸੁਕੂਨ ਦਿੱਤਾ ਸੀ ਤਾਂ ਉਹ ਸੀ ਵਾਤਾਵਰਣ ਦੀ ਸ਼ੁੱਧਤਾ ਨੇ। ਜਿਸ ਨੂੰ ਦੇਖ ਕੇ ਲੋਕਾਂ ਨੇ ਦਹਾਕਿਆਂ ਬਾਅਦ ਸੁਖ ਦਾ ਸਾਹ ਲਿਆ ਸੀ। ਅੱਜ ਨਾ ਤਾਂ ਨਦੀਆਂ ਦਰਿਆਂਵਾਂ ਦਾ ਪਾਣੀ ਗੰਧਲਾ ਦਿਖਾਈ ਦੇਂਦਾ ਹੈ ਤੇ ਨਾਂ ਹੀ ਪ੍ਰਦੂਸ਼ਿਤ ਹਵਾ ਸਾਡਾ ਦਮ ਘੋਟਦੀ ਹੈ। ਅਜਿਹੇ ਵਿਚ ਜਿਉਂ ਜਿਉਂ ਕਣਕ ਦੀ ਫ਼ਸਲ ਦੀ ਕਟਾਈ ਦਾ ਸੀਜ਼ਨ ਨੇੜੇ ਆ ਰਿਹਾ ਸੀ ਸਮਾਜ ਚਿੰਤਕਾਂ ਦੇ ਮੱਥੇ ‘ਤੇ ਇਹ ਸੋਚਕੇ ਚਿੰਤਾ ਦੀਆਂ ਢੂੰਘੀਆਂ ਲਕੀਰਾਂ ਖਿੱਚੀਆਂ ਜਾ ਰਹੀਆਂ ਸਨ ਕਿ ਕਣਕ ਵੱਢਣ ਤੋਂ ਬਾਅਦ ਕਿਸਾਨ ਫੇਰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣਗੇ, ਤੇ ਇਹ ਸਾਫ ਸੁਥਰਾ ਵਾਤਾਵਰਣ ਮੁੜ ਗੰਧਲਾ ਹੋ ਜਾਏਗਾ, ਮੁੜ ਲੋਕ ਦਮੇ, ਸਾਹ ਦੀਆਂ ਬਿਮਾਰੀਆਂ, ਅਲਰਜੀ ਆਦਿ ਦੇ ਸ਼ਿਕਾਰ ਹੋ ਜਾਣਗੇ, ਤੇ ਦੱਸ ਦਈਏ ਕਿ ਉਨ੍ਹਾਂ ਦੀਆਂ ਚਿੰਤਾਂਵਾਂ ਸਹੀ ਸਨ, ਕਿਉਂਕਿ ਓਹੋ ਕੁਝ ਹੋਣਾ ਸ਼ੁਰੂ ਹੋ ਗਿਆ ਹੈ। ਇਹ ਤਾਂ ਰੱਬ ਨੇ ਹੀ ਵਾਰ ਵਾਰ ਮੀਂਹ ਪਾਕੇ ਹਾਲੇ ਤੱਕ ਬਹੁਤੀ ਥਾਂਈ ਕਿਸਾਨਾਂ ਨੂੰ ਕੇਟਾਂ ‘ਚ ਅੱਗਾਂ ਲਾਉਣੋ ਰੋਕਿਆ ਹੋਇਆ ਸੀ, ਨਹੀਂ ਤਾਂ ਉਣ ਤੱਕ ਉਹ ਕੁਝ ਬੁਹਤ ਪਹਿਲਾਂ ਹੋ ਗਿਆ ਹੁੰਦਾ ਜਿਸ ਦੀ ਚਿੰਤਾ ਸਮਾਜ ਚਿੰਤਕਾਂ ਨੂੰ ਲੱਗੀ ਹੋਈ ਸੀ।
ਪਰ ਹੁਣ ਇਸ ਸਭ ਦੇ ਖਿਲਾਫ ਲੱਖਾ ਸਿਧਾਣਾ ਖੁੱਲ੍ਹ ਕੇ ਮੈਦਾਨ ਵਿੱਚ ਆ ਗਏ ਨੇ। ਜਿਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਅਜਿਹੇ ਕਿਸਾਨ ਦੇ ਖੇਤ ਅੱਗੇ ਖਲੋਅ ਕੇ ਵੀਡੀਓ ਬਣਾਈ ਹੈ ਜਿਸ ਦੇ ਖੇਤ ਨੂੰ ਤਾਜ਼ੀ ਤਾਜ਼ੀ ਅੱਗ ਲਾਈ ਹੋਈ ਐ। ਵੀਡੀਓ ਵਿੱਚ ਲੱਖਾ ਸਿਧਾਣਾ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਲਾਹਨਤਾਂ ਪਾਉਂਦਿਆਂ ਕਹਿ ਰਿਹਾ ਹੈ ਕਿ ਝੋਨੇ ਦੀ ਪਰਾਲੀ ਬਾਰੇ ਤਾਂ ਚਲੋ ਆਪਾਂ ਸਾਰੇ ਕਹਿੰਦੇ ਆਂ ਕਿ ਸਾਡੇ ਕੋਲ ਇਸ ਦਾ ਕੋਈ ਹੱਲ ਨਹੀਂ ਐ, ਪਰ ਕਣਕ ਦੀ ਇਹ ਨਾੜ ਨੂੰ ਅੱਗ ਲਾਉਣਾ ਤਾਂ ਸਰਾਸਰ ਨਾਜਾਇਜ਼ ਹੈ। ਜਿਸ ਕਾਰਨ ਖੇਤਾਂ ਚ ਪਤਾ ਨਹੀਂ ਕਿੰਨੇ ਹੀ ਮਿੱਤਰ ਕੀੜੇ, ਕਿੰਨੇ ਹੀ ਦਰੱਖਤ, ਕਿੰਨੇ ਹੀ ਪੰਛੀ ਜੋ ਅੰਡੇ ਦੇਈ ਬੈਠੇ ਹੋਣਗੇ ਅੰਡਿਆਂ ਚੋਂ ਬੱਚੇ ਕੱਢੀ ਬੈਠੇ ਹੋਣਗੇ ਉਹ ਸਾਰੇ ਮਾਰੇ ਜਾਣਗੇ, ਇਸ ਅੱਗ ‘ਚ ਜ਼ਿੰਦਾ ਸੜ ਜਾਣਗੇ। ਵੀਡੀਓ ਚ ਲੱਖਾ ਸਿਧਾਣਾ ਇੱਕ ਵਾਰ ਤਾਂ ਖਿਝ ਕੇ ਕਿਸਾਨਾਂ ਨੂੰ ਇਥੋਂ ਤੱਕ ਕਹਿ ਦਿੰਦਾ ਹੈ ਕਿ ਜਰਾ ਅਕਾਲ ਨੂੰ ਹੱਥ ਮਾਰੋ ਯਾਰ, ਕਿਉਂ ਇਸ ਗੱਲ ‘ਤੇ ਅੜੇ ਬੈਠੇ ਓ ਕਿ ਫੈਕਟਰੀਆਂ ਵੀ ਪ੍ਰਦੂਸ਼ਣ ਕਰਦਿਆਂ ਨੇ ਅਸੀਂ ਵੀ ਕਰਾਂਗੇ। ਉਹ ਸਵਾਲ ਕਰਦਾ ਹੈ ਕਿ ਇਥੇ ਕਿਹੜਾ ਕੋਈ ਰੇਸ ਲੱਗੀ ਹੋਈ ਹੈ ? ਜਿਹੜਾ ਆਪਾਂ ਤੇਜ਼ ਤੇਜ਼ ਦੌੜ ਕੇ ਉਨ੍ਹਾਂ ਨਾਲ ਰਲਣ ਲਈ ਇਹ ਸਭ ਕਰ ਰਹੇ ਆਂ ? ਲੱਖਾ ਸਿਧਾਣਾ ਨੇ ਇਸ ਮੌਕੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਜੇਕਰ ਕਿਸਾਨ ਅਜਿਹੇ ਕੰਮ ਕਰਨੋਂ ਬਾਜ਼ ਨਹੀਂ ਆਉਂਦੇ ਤਾਂ ਇਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਮੁਕਦਮੇ ਦਰਜ਼ ਕੀਤੇ ਜਾਣ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,.,