ਨਵੀਂ ਦਿੱਲੀ : ਕਰਫਿਊ ਦੇ ਲਾਕਡਾਊਨ ਦੌਰਾਨ ਦਿੱਲੀ ਦੇ ਨਜ਼ਾਮੁਦੀਨ ਅੰਦਰ ਤਬਲੀਗੀ ਜਮਾਤ ਲਗਾਉਣ ਦੇ ਮਾਮਲੇ ਵਿੱਚ ਦਿਨ ਬ ਦਿਨ ਨਵੇਂ ਖੁਲਾਸੇ ਹੋ ਰਹੇ ਹਨ।ਦਿੱਲੀ ਪੁਲਿਸ ਨੇ ਹੁਣ ਇਸ ਸੰਬੰਧ ਵਿੱਚ ਮਰਕਜ਼ ਦੇ ਮੁਖੀ ਮੌਲਾਨਾ ਸਾਧ ਕੰਧਾਲਵੀ ਵਿਰੁੱਧ ਲਾਕਡਾਊਨ ਦੌਰਾਨ ਮਨਾਹੀ ਦੇ ਹੁਕਮਾਂ ਦੇ ਬਾਵਜੂਦ ਤਬਲੀਗੀ ਜਮਾਤ ਲਾਉਣ ਦੇ ਜ਼ੁਰਮ ਤਹਿਤ ਗੈਰ ਇਰਾਦਤਨ ਹੱਤਿਆ ਦੀ ਧਾਰਾ ਵੀ ਜੋੜ ਦਿੱਤੀ ਹੈ।ਦੱਸ ਦਈਏ ਕਿ ਮੌਲਾਨਾ ਸਾਧ ਕੰਧਾਲਵੀ ਵਿਰੁੱਧ ਲੰਘੀ 31 ਮਾਰਚ 2020 ਨੂੰ ਉੱਥੋਂ ਦੇ ਐਸਐਚਓ ਦੀ ਸਿ਼ਕਾਇਤ ਤੇ ਦਿੱਲੀ ਦੀ ਅਪਰਾਧ ਸ਼ਾਖਾ ਨੇ ਮੌਲਾਨਾ ਸਾਧ ਸਣੇ ਕੁੱਲ 8 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਸੀ ਤੇ ਉਸੇ ਮਾਮਲੇ ਵਿੱਚ ਅਪਰਾਧ ਸ਼ਾਖਾ ਨੇ 1900 ਤੋਂ ਵੱਧ ਵਿਦੇਸ਼ੀ ਤਬਲੀਗੀਆਂ ਖਿਲਾਫ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ।
ਏਸ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਮੌਲਾਨਾ ਸਾਧ ਕੰਧਾਲਵੀ ਅਤੇ ਉਸ ਦੇ 17 ਸਾਥੀਆਂ ਨੂੰ ਵੀ ਅਪਰਾਧ ਸ਼ਾਖਾ ਵੱਲੋਂ ਮਰਕਜ ਦੀ ਜਮਾਤ ਲਾਉਣ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਉਹ ਅਜੇ ਤੱਕ ਜਾਂਚ ਵਿੱਚ ਸ਼ਾਮਿਲ ਨਹੀਂ ਹੋਏ।ਜਿਸ ਬਾਰੇ ਦੋਸ਼ ਐ ਕਿ ਪਹਿਲਾਂ ਮੌਲਾਨਾ ਸਾਧ ਕੰਧਾਲਵੀ ਦਿੱਲੀ ਦੇ ਜ਼ਾਕਿਰ ਨਗਰ ਇਲਾਕੇ ਵਿੱਚ ਲੁਕੇ ਹੋਏ ਸਨ ਪਰ ਜਿਓਂ ਹੀ ਉਨ੍ਹਾਂ ਨੂੰ ਕੇਸ ਦਰਜ ਕੀਤੇ ਜਾਣ ਸੰਬੰਧੀ ਸੂਚਨਾ ਮਿਲੀ ਉਹ ਉੱਥੋਂ ਫਰਾਰ ਹੋ ਗਏ ਜਦਕਿ ਦੂਜੇ ਪਾਸੇ ਮੌਲਾਨਾ ਸਾਧ ਦੇ ਵਕੀਲ ਦਾ ਕਹਿਣਾ ਹੈ ਕਿ ਮੌਲਾਨਾ ਫਰਾਰ ਨਹੀਂ ਹੋਏ ਬਲਕਿ ਉਨ੍ਹਾਂ ਨੇ ਖੁਦ ਨੂੰ ਵੱਖਰੇ ਤੌਰ ਤੇ ਇਕਾਂਤਵਾਸ ਵਿੱਚ ਰੱਖਿਆ ਹੋਇਆ ਹੈ।