ਬਰਨਾਲਾ (ਰਾਜੇਸ਼ ਗੋਇਲ) : ਬਰਨਾਲਾ ਜ਼ਿਲ੍ਹੇ ‘ਚ ਪੈਂਦੀ ਬਡਬਰ ਪੁਲਿਸ ਫਾਇਰਿੰਗ ਰੇਂਜ ਚ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਉਨ੍ਹਾਂ ਦੇ 3 ਸਾਥੀਆਂ ‘ਤੇ 6 ਪੁਲਿਸ ਮੁਲਾਜ਼ਮਾਂ ਵਲੋਂ ਸਰਕਾਰੀ ਏਕੇ-47 ਰਾਈਫਲ ਨਾਲ ਕੀਤੀ ਗਈ ਫਾਇਰਿੰਗ ਤੋਂ ਬਾਅਦ ਹਕੀਕਤ ਟੀਵੀ ਪੰਜਾਬੀ ਨੇ ਖੇਤਾਂ ‘ਚ ਬਣੀ ਉਹ ਥਾਂ ਲੱਭ ਲਈ ਐ, ਜਿੱਥੇ ਵੀਡੀਓ ਅਨੁਸਾਰ ਇਨ੍ਹਾਂ ਸਾਰਿਆਂ ਨੇ ਇਸ ਗੈਰਕਨੂੰਨੀ ਘਟਨਾ ਨੂੰ ਅੰਜਾਮ ਦਿੱਤਾ ਸੀ। ਬਰਨਾਲਾ ਪੁਲਿਸ ਨੇ ਇਨ੍ਹਾਂ ਸਾਰਿਆਂ ਵਿਰੁੱਧ ਪਰਚਾ ਦਰਜ ਕਰਨ ਮਗਰੋਂ ਐਸਐਸਪੀ ਸੰਦੀਪ ਗੋਇਲ ਦੀ ਅਗਵਾਈ ਵਿੱਚ ਘਟਨਾ ਵਾਲੀ ਉਸ ਥਾਂ ਦਾ ਮੁਆਇਨਾ ਕੀਤਾ, ਤਾਂਕਿ ਦਰਜ ਕੀਤੀ ਐਫਆਈਆਰ ਮੁਤਾਬਕ ਤੱਥਾਂ ਨੂੰ ਗਹੁ ਨਾਲ ਵਾਚਣ ਮਗਰੋਂ ਅਗਲੀ ਕਾਰਵਾਈ ਅਰੰਭੀ ਜਾ ਸਕੇ।
ਇਸ ਦੌਰਾਨ ਮੌਕੇ ‘ਤੇ ਮੌਜੂਦ ਪਿੰਡ ਬਡਬਰ ਵਾਸੀ ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਉਸ ਜਗ੍ਹਾ ਤੋਂ ਸਿਰਫ ਇੱਕ ਕਿੱਲਾ ਦੂਰੀ ‘ਤੇ ਸਥਿਤ ਹੈ, ਜਿੱਥੇ ਇਹ ਸਾਰੀ ਘਟਨਾ ਵਾਪਰੀ ਸੀ। ਪ੍ਰਤੱਖਦਰਸ਼ੀ ਕਰਮਜੀਤ ਸਿੰਘ ਅਨੁਸਾਰ ਘਟਨਾ ਵਾਲੇ ਦਿਨ ਇੱਥੇ 25-30 ਜਣੇ ਆਏ ਸਨ। ਜਿਨ੍ਹਾਂ ਵਿੱਚ 10-15 ਮੁਲਾਜ਼ਮ ਵੀ ਸ਼ਾਮਲ ਸਨ। ਕਿਸਾਨ ਅਨੁਸਾਰ ਗਾਇਕ ਸਿੱਧੂ ਮੂਸੇਵਾਲਾ ਵੀ ਇਨ੍ਹਾਂ ਸਾਰਿਆਂ ਦੇ ਨਾਲ ਸੀ, ਤੇ ਇਸ ਦੌਰਾਨ ਇਨ੍ਹਾਂ ਨੇ ਖੇਤ ‘ਚ ਇੱਕ ਬੁੱਤ ਖੜ੍ਹਾ ਕਰਕੇ ਬਹੁਤ ਚਿਰ ਗੋਲੀਆਂ ਵੀ ਚਲਾਈਆਂ ਸਨ। ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਕੋਲ ਜਾਣੋ ਰੋਕਦਿਆਂ ਕਿਹਾ ਸੀ ਕਿ ਤੁਸੀਂ ਦੂਰ ਚਲੇ ਜਾਓ। ਕਰਮਜੀਤ ਸਿੰਘ ਅਨੁਸਾਰ ਉਸ ਦਿਨ ਇਹ ਸਾਰੇ ਇਥੇ ਸ਼ਾਮ ਚਾਰ ਵਜੇ ਦੇ ਕਰੀਬ ਆਕੇ ਅੱਠ ਵਜੇ ਵਾਪਸ ਗਏ ਸਨ ਤੇ ਇਨ੍ਹਾਂ ਨੇ ਬਹੁਤ ਜ਼ਿਆਦਾ ਗੋਲੀਆਂ ਚਲਾਈਆਂ ਸਨ। ਜਿਸ ਤੋਂ ਬਾਅਦ ਇਹ ਨਾਲ ਲੱਗਦੇ ਰੋਹਨ ਨਾਮ ਦੇ ਬੰਦੇ ਦੇ ਉਸ ਖੇਤ ‘ਚ ਚਲੇ ਗਏ ਜਿਥੇ ਉਸ ਨੇ ਫਾਇਰਿੰਗ ਰੇਂਜ ਬਣਾਈ ਹੋਈ ਐ।
ਕਿਸਾਨ ਨੇ ਦੱਸਿਆ ਕਿ ਇਹ ਇਥੇ ਪਹਿਲਾਂ ਵੀ ਆਉਂਦੇ ਰਹੇ ਨੇ ਪਰ ਉਦੋਂ ਇਹ ਇਥੇ ਨਹੀਂ ਆਏ ਸਨ ਜਿਥੇ ਹੁਣ ਆਏ ਨੇ। ਪਹਿਲਾਂ ਇਹ ਦੂਜੇ ਖੇਤ ‘ਚ ਆਕੇ ਮੁੜ ਜਾਂਦੇ ਸਨ। ਇਸ ਵਾਰ ਇਨ੍ਹਾਂ ਨੇ ਰੋਹਨ ਦੇ ਖੇਤ ‘ਚ ਬੀਅਰ ਦੀਆਂ ਬੋਤਲਾਂ ਵੀ ਭੰਨੀਆਂ ਸਨ। ਕਰਮਜੀਤ ਨੇ ਦੱਸਿਆ ਕਿ ਰੋਹਨ ਨਾਮ ਦੇ ਜਿਸ ਬੰਦੇ ਦੇ ਖੇਤ ‘ਚ ਇਨ੍ਹਾਂ ਨੇ ਫਾਇਰਿੰਗ ਕੀਤੀ ਹੈ ਉਹ ਉਸ ਵੇਲੇ ਮੌਕੇ ਤੇ ਮੌਜੂਦ ਸੀ ਪਰ ਇਨ੍ਹਾਂ ਲੋਕਾਂ ਨੇ ਉਸ ਨੂੰ ਉਥੋਂ ਜਾਣ ਲਈ ਕਹਿ ਦਿੱਤਾ ਜਿਹੜਾ ਬਾਅਦ ਵਿੱਚ ਉਥੋਂ 2-3 ਕਿੱਲੇ ਦੂਰ ਜਾ ਕੇ ਬੈਠ ਗਿਆ। ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਬਰਨਾਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੋਰੋਨਾ ਮਹਾਂਮਾਰੀ ਦੌਰਾਨ ਕਰਫਿਊ ਤੇ ਤਾਲਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਸਿੱਧੂ ਮੂਸੇਵਾਲਾ ਤੇ ਕੁਝ ਲੋਕ ਬਡਬਰ ਫਾਇਰਿੰਗ ਰੇਂਜ ਅੰਦਰ ਇਕੱਠੇ ਹੋਕੇ ਲੋਕਾਂ ਦੀ ਜਾਨ ਨੂੰ ਖਤਰੇ ‘ਚ ਪਾ ਰਹੇ ਨੇ ਲਿਹਾਜਾ ਉਨ੍ਹਾਂ ਨੇ ਇਨ੍ਹਾਂ ਸਾਰਿਆਂ ‘ਤੇ ਧਾਰਾ 188 ਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਤਹਿਤ ਪਰਚਾ ਦਰਜ ਕੀਤਾ ਹੈ ਪਰ ਉਨ੍ਹਾਂ ਨੇ ਇਸ ਦੌਰਾਨ ਇਸ ਗੱਲ ਦਾ ਜ਼ਿਕਰ ਬਿਲਕੁਲ ਵੀ ਨਹੀਂ ਕੀਤਾ ਕਿ ਦਰਜ ਕੀਤੇ ਗਏ ਪਰਚੇ ਵਿੱਚ ਸਿੱਧੂ ਮੂਸੇਵਾਲਾ ਤੇ ਉਨ੍ਹਾਂ ਦੇ ਸਾਥੀ ਪੁਲਿਸ ਮੁਲਾਜ਼ਮਾਂ ਵੱਲੋ ਸਰਕਾਰੀ ਏਕੇ-47 ਰਾਈਫਲ ਨਾਲ ਗੋਲੀਆਂ ਚਲਾਉਣ ਦੀਆਂ ਧਰਾਂਵਾਂ ਕਿਉਂ ਨਹੀਂ ਲਈਆਂ ਗਈਆਂ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,.,
