ਚੰਡੀਗੜ੍ਹ : ਹੁਣ ਤੱਕ ਤਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਵਿਵਾਦ ਦਮਦਮੀ ਟਕਸਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਹੋਰਾਂ ਦੇ ਨਾਲ ਹੀ ਚੱਲ ਰਿਹਾ ਸੀ ਪਰ ਇਹ ਵਿਵਾਦ ਓਸ ਵੇਲੇ ਭਾਂਬੜ ਦਾ ਰੂਪ ਧਾਰਨ ਕਰ ਗਿਆ, ਜਦੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਜੱਥੇਦਾਰ ਸ਼੍ਰੀ ਅਕਾਲ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਓਸ ਬਿਆਨ ਤੇ ਜੱਥੇਦਾਰ ਨੂੰ ਹੀ ਸਿੱਧਾ ਚੈਲੰਜ ਕਰ ਦਿੱਤਾ।ਜਿਸ ਬਿਆਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਭਾਈ ਢੱਡਰੀਆਂ ਵਾਲਿਆਂ ਨੂੰ ਨਕਲੀ ਨਿਰੰਕਾਰੀ ਕਹਿਣ ਦਾ ਰੌਲਾ ਪਿਆ ਸੀ।ਏਸ ਸੰਬੰਧ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਪਟਿਆਲਾ ਸੰਗਰੂਰ ਰੋਡ ਤੇ ਸਥਿਤ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਲੱਗੇ ਭਾਰੀ ਦੀਵਾਨ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਧਾ ਵੰਗਾਰਦਿਆਂ ਕਿਹਾ ਕਿ ਜਾਂ ਤਾਂ ਗਿਆਨੀ ਜੀ ਉਨ੍ਹਾਂ ਨੂੰ ਨਕਲੀ ਨਿਰੰਕਾਰੀਆ ਕਹਿਣ ਵਾਲੀ ਗੱਲ ਸਾਬਿਤ ਕਰਕੇ ਦਿਖਾਉਣ, ਨਈਂ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਟੀਵੀ ਚੈਨਲਾਂ ਦੀਆਂ ਸਿੱਧਾ ਪ੍ਰਸਾਰਣ ਕਰਨ ਵਾਲੀਆਂ ਵੈਨਾਂ ਲੈ ਕੇ ਜੱਥੇਦਾਰ ਅਕਾਲ ਤਖਤ ਸਾਹਿਬ ਦੇ ਘਰ ਜਾ ਪਹੁੰਚਣਗੇ ਤੇ ਓੁਸ ਮੌਕੇ ਜਿਹੜੀ ਗੱਲਬਾਤ ਉਹ ਜੱਥੇਦਾਰ ਹਰਪ੍ਰੀਤ ਸਿੰਘ ਹੋਰਾਂ ਨਾਲ ਕਰਨਗੇ।ਉਹ ਗੱਲਬਾਤ ਸਾਰੀ ਦੁਨੀਆਂ ਦੇਖੇਗੀ।
ਏਸ ਮੌਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵਿਅੰਗ ਕਰਦੀ ਇੱਕ ਅਜਿਹੀ ਕਵਿਤਾ ਪੇਸ਼ ਕੀਤੀ, ਜਿਸਦੇ ਬੋਲ ਸਨ ਕੀ ਅਸੀਂ ਕਿਹੜਾ ਕਿਸੇ ਗੱਲੋਂ ਕਾਣੇ ਜੱਥੇਦਾਰ ਜੀ, ਅੱਗੋਂ ਤੁਸੀਂ ਆਪ ਹੀ ਸਿਆਣੇ ਜੱਥੇਦਾਰ ਜੀ।ਇਸ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਭਾਈ ਅਮਰੀਕ ਸਿੰਘ ਅਜਨਾਲਾ ਵਰਗੇ ਉਨ੍ਹਾਂ ਦੇ ਧਾਰਮਿਕ ਦੀਵਾਨਾਂ ਦਾ ਵਿਰੋਧ ਕਰਨ ਅਤੇ ਬੰਦ ਕਮਰੇੇ ਵਿੱਚ ਬੈਠ ਕੇ ਫੈਸਲੇ ਲੈਣ ਵਾਲੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੇ ਉਨ੍ਹਾਂ ਦੀ 5 ਮੈਂਬਰੀ ਕਮੇਟੀ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ।ਕਿਉਂਕਿ ਢੱਡਰੀਆਂ ਵਾਲਿਆਂ ਅਨੁਸਾਰ ਇਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਸੁਣਨ ਦੀ ਬਜਾਏ ਆਪਣੀ ਗੱਲ ਮਨਾਉਣ ਤੇ ਜ਼ੋਰ ਦੇਣਾ ਹੈ।ਲਿਹਾਜ਼ਾ ਜਿਹੜੀ ਗੱਲ ਕਰਨੀ ਹੈ ਉਹ ਚੈਨਲਾਂ ਤੇ ਸਿੱਧੇ ਪ੍ਰਸਾਰਨ ਦੌਰਾਨ ਕੀਤੀ ਜਾਵੇ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।
ਇਸ ਦੌਰਾਨ ਭਾੲਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇੇ ਸਖ਼ਤ ਰਵੱਈਏ ਨੂੰ ਦੇਖਦਿਆਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਗੱਲ ਨੂੰ ਨਵਾਂ ਮੋੜ ਦੇ ਦਿੱਤਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਉਨ੍ਹਾਂ ਵੱਲੋਂ ਦਿੱਤੇ ਨਕਲੀ ਨਿਰੰਕਾਰੀ ਵਾਲੇ ਬਿਆਨ ਦੇ ਗਲਤ ਅਰਥ ਕੱਢੇ ਹਨ।ਹੁਣ ਜਦ ਕਿ ਜੱਥੇਦਾਰ ਨੇ ਆਪਣੀ ਸਫਾਈ ਵਿੱਚ ਭਾਈ ਢੱਡਰੀਆਂ ਵਾਲਿਆਂ ਨੂੰ ਹੀ ਗਲਤ ਠਹਿਰਾ ਕੇ ਗੱਲ ਨਿਬੇੜਨ ਦੀ ਕੋਸਿ਼ਸ਼ ਕੀਤੀ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਮਾਮਲਾ ਇੱਥੇ ਹੀ ਨਿਬੜ ਜਾਵੇਗਾ ਜਾਂ ਦਮਦਮੀ ਟਕਸਾਲ ਤੇ ਢੱਡਰੀਆਂ ਵਾਲਿਆਂ ਵਿੱਚਕਾਰ ਚੱਲ ਰਿਹਾ ਇਹ ਵਿਵਾਦ ਹੁਣ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨਾਲ ਜੁੜ ਕੇੇ ਤਿਕੋਣੇ ਵਿਵਾਦ ਦਾ ਰੂਪ ਧਾਰਨ ਕਰਕੇ ਬਾਹਰ ਬੈਠੇ ਹੋਰ ਵਿਦਵਾਨਾਂ ਨੂੰ ਇਹ ਕਹਿਣ ਦਾ ਮੌਕੇ ਦੇਵੇਗਾ ਕਿ ਬਸ ਕਰੋ ਸਿੰਘੋ ਕਿਉਂ ਦੁਨੀਆਂ ਨੂੰ ਸਿੱਖ ਪੰਥ ਤੇ ਉਂਗਲਾਂ ਚੁੱਕਣ ਦਾ ਮੌਕਾ ਦਿੰਦੇ ਓ, ਸਿੱਖੀ ਦਾ ਅੱਗੇ ਹੀ ਬਹੁਤ ਨੁਕਸਾਨ ਹੋ ਗਿਆ।