ਨਵੀਂ ਦਿੱਲੀ : ਇੰਝ ਜਾਪਦਾ ਹੈ ਜਿਵੇਂ ਪੈਟਰੋਲ ਤੇ ਡੀਜ਼ਲ ਦੀਆਂ ਗੱਡੀਆਂ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦੇ ਅੱਛੇ ਦਿਨ ਆਉਣ ਵਾਲੇ ਨੇ।ਅਜਿਹਾ ਕਿਹਾ ਜਾ ਰਿਹਾ ਰੁਸ ਤੇ ਸਾਊਦੀ ਅਰਬ ਵਿੱਚਕਾਰ ਤੇਲ ਕੀਮਤਾਂ ਦੀ ਜੰਗ ਸ਼ੁਰੂ ਹੋਣ ਕਾਰਨ ਕਿਉਂਕਿ ਓਪੇਕ + ਗੱਠਜੋੜ ਟੁੱਟਣ ਨਾਲ ਕੌਮਾਂਤਰੀ ਤੇਲ ਬਜ਼ਾਰ ਅੰਦਰ ਵੱਡੀ ਉਥਲ ਪੁਥਲ ਦੇਖਣ ਨੂੰ ਮਿਲੀ ਹੈ।ਇਸ ਦੇ ਚੱਅਦਿਆਂ ਬਰੈਂਟ ਕਰੂਟ ਦੀ ਕੀਮਤ 31.02 ਡਾਲਰ ਪ੍ਰਤੀ ਬੈਰਲ ਤੇ ਆ ਡਿੱਗੀ ਹੈ ਜੋ ਕਿ ਆਮ ਨਾਲੋਂ 30 ਫੀਸਦੀ ਘੱਟ ਰੇਟ ਹੈ।ਏਸੇ ਤਰ੍ਹਾਂ ਵੈਸਟ ਟੈਕਸਾਸ ਇੱਟਰਮੀਡਿਏਟ (ਡਬਲਿਊ.ਟੀ.ਆਈ) ਦੀਆਂ ਕੀਮਤਾਂ ਵੀ 30 ਡਾਲਰ ਪ੍ਰਤੀ ਬੈਰਲ ਰਹਿ ਗਈਆਂ ਹਨ ਜੋ ਕਿ 27 ਫੀਸਦੀ ਤੱਕ ਰੇਟ ਗਿਰਨਾ ਆਂਕਿਆ ਗਿਆ ਹੈ।
ਵੱਡੀ ਪੱਧਰ ਤੇ ਡਿੱਗਦੀਆਂ ਤੇਲ ਕੀਮਤਾਂ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾਂ ਅਸਰ ਪਵੇਗਾ ਉਹ ਹੈ ਹਵਾਈ ਯਾਤਰਾ ਸਸਤੀ ਹੋਣਾ ਤੇ ਏਸ ਦੇ ਨਾਲ ਹੀ ਪੈਟਰੋਲ ਤੇ ਡੀਜ਼ਲ ਦੀਆਂ ਗੱਡੀਆਂ ਦਾ ਇਸਤੇਮਾਲ ਕਰਨ ਵਾਲੇ ਵਾਹਨ ਮਾਲਕਾਂ ਨੇ ਵੀ ਅਚਾਨਕ ਡਿੱਗੀਆਂ ਇਨ੍ਹਾਂ ਕੀਮਤਾਂ ਤੋਂ ਬਾਅਦ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਇਹ ਕੀਮਤਾਂ ਸਾਲ 2016 ਪਿੱਛੋਂ ਸਭ ਤੋਂ ਘੱਟ ਆਂਕੀਆਂ ਗਈਆਂ ਹਨ।ਦੱਸ ਦਈਏ ਕਿ ਭਾਰਤ ਆਪਣੀ ਕੁੱਲ ਖਪਤ ਦਾ 80 ਪ੍ਰਤੀਸ਼ਤ ਤੇਲ ਬਾਹਰੋਂ ਮੰਗਵਾਉਂਦਾ ਹੈ ਤੇ ਇੰਝ ਕੀਮਤਾਂ ਘੱਟਣ ਨਾਲ ਨਾ ਸਿਰਫ ਦੇਸ਼ ਵਾਸੀਆਂ ਨੂੰ ਇਸ ਦਾ ਲਾਭ ਹੋਵੇਗਾ ਬਲਕਿ ਭਾਰਤ ਸਰਕਾਰ ਨੂੰ ਵੀ ਇਸ ਤਰ੍ਹਾਂ ਕੀਮਤਾਂ ਡਿੱਗਣ ਨਾਲ ਵਿਦੇਸ਼ੀ ਮੁਦਰਾ ਦੀ ਬੱਚਤ ਹੋਵੇਗੀ।
ਜਿਕਰਯੋਗ ਹੈ ਕਿ ਲੰਘੇ ਵੀਰਵਾਰ ਨੂੰ ਓਪੇਕ + ਦੀ ਸੱਦੀ ਗਈ ਮੀਟਿੰਗ ਵਿੱਚ ਤੇਲ ਦੀ ਸਪਲਾਈ ਵਿੱਚ ਕਟੋਤੀ ਕਰਨ ਤੇ ਕੋਈ ਸਹਿਮਤੀ ਨਾ ਬਣਨ ਤੋਂ ਬਾਅਦ ਸਾਊਦੀ ਅਰਬ ਤੇਲ ਬਜ਼ਾਰ ‘ਚ ਖੁੱਲ ਕੇ ਨਿਤਰ ਆਇਆ ਹੈ।ਜਿਸ ਨੇ ਧਮਕੀ ਦਿੱਤੀ ਹੈ ਕਿ ਉਹ ਆਉਂਦੇ ਮਹੀਨੇ ‘ਚ ਤੇਲ ਦੀ ਪੈਦਾਵਾਰ 3 ਲੱਖ ਬੈਰਲ ਤੋਂ ਵੀ ਉੱਪਰ ਵਧਾ ਦੇਵੇਗਾ, ਜਿਹੜੀ ਕਿ ਮੌਜੂਦਾ ਸਮੇਂ 97 ਲੱਖ ਬੈਰਲ ਤੋਂ ਵੱਧ ਕੇ 1 ਕਰੋੜ ਬੈਰਲ ਤੱਕ ਪਹੁੰਚਣ ਦਾ ਅਨੁਮਾਨ ਹੈ।ਇੱਥੇ ਇਹ ਵੀ ਦੱਸਣਯੋਗ ਹੈ ਕਿ ਸਾਊਦੀ ਅਰਬ ਪੈਟਰੋਲੀਅਮ ਵੇਚਣ ਵਾਲੇ ਮੁਲਕਾਂ ਦੇ ਗਠਜੋੜ ਦਾ ਮੋਢੀ ਹੈ ਤੇ ਉਸ ਗਠਜੋੜ ਨੂੰ ਓਪੇਕ ਕਿਹਾ ਜਾਂਦਾ ਹੈ, ਜੋੋ ਕਿ ਤੇਲ ਵੇਚਣ ਵਾਲਾ ਸਭ ਤੋਂ ਵੱਡਾ ਗਰੁੱਪ ਹੈ।
ਇਹ ਝਗੜਾ ਉਸ ਵੇਲੇ ਵਧਿਆ ਜਦੋਂ ਸਾਊਦੀ ਅਰਬ ਦੁਨੀਆਂ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਕਾਰਨ ਤੇਲ ਬਜ਼ਾਰ ਵਿੱਚ ਹੋਏ ਨੂਕਸਾਨ ਨੂੰ ਪੂਰਾ ਕਰਨ ਲਈ ਤੇਲ ਦੀ ਪੈਦਾਵਾਰ ਘਟਾਉਣਾ ਚਾਹੁੰਦਾ ਸੀ।ਜਿਸ ਤੋਂ ਰੂਸ ਨੇ ਸਿੱਧਾ ਮਨ੍ਹਾਂ ਕਰ ਦਿੱਤਾ ਤੇ ਮਾਮਲਾ ਵੱਧ ਗਿਆ।