ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਦੀ ਜ਼ੇਲ੍ਹਾਂ ਵਿੱਚ ਭੀੜ ਘੱਟ ਕਰਨ ਲਈ ਜ਼ੇਲ੍ਹ ਪ੍ਰਸ਼ਾਸਨ ਦੀ 5800 ਕੈਦੀਆਂ ਦੀ ਅਸਥਾਈ ਤੌਰ ਤੇ ਰਿਹਾ ਕਰਨ ਦੀ ਯੋਜਨਾ ਹੈ l ਹਾਲਾਂਕਿ ਜ਼ੇਲ੍ਹ ਵਿਭਾਗ ਨੂੰ ਸਰਕਾਰ ਤੋਂ ਮਨਜ਼ੂਰੀ ਦਾ ਇੰਤਜ਼ਾਰ ਹੈ l ਜ਼ੇਲ੍ਹ ਪ੍ਰਸ਼ਾਸਨ ਸਿਰਫ ਉਨ੍ਹਾਂ ਕੈਦੀਆਂ ਨੂੰ ਕਈ ਸ਼ਰਤਾਂ ਦੇ ਨਾਲ ਅਸਥਾਈ ਰੂਪ ਵਿੱਚ ਰਿਹਾ ਕਰੇਗੀ, ਜਿਹੜੇ ਕਿ ਛੋਟੇ ਜ਼ੁਰਮਾਂ ਵਿੱਚ ਗ੍ਰਿਫਤਾਰ ਹਨ l ਇਨ੍ਹਾਂ ਨੂੰ ਬਾਅਦ ਵਿੱਚ ਦੁਬਾਰਾ ਵਾਪਸ ਜ਼ੇਲ੍ਹ ਆਉਣਾ ਪਵੇਗਾ l ਇਹ ਛੋਟੇ ਜ਼ੁਰਮਾਂ ਵਿੱਚ ਬੰਦ ਕੈਦੀ ਪਾਕਿਟਮਾਰ, ਕੋਈ ਛੋਟਾ ਵਾਹਨ ਚੁਰਾਉਣ ਵਾਲਾ ਜਾਂ ਛੋਟੀ ਮਾਤਰਾ ਵਿੱਚ ਨਸ਼ੇ ਦੇ ਨਾਲ ਫੜੇ ਗਏ ਵਿਅਕਤੀ ਨੂੰ ਹੀ ਛੱਡਣ ਤੇ ਵਿਚਾਰ ਹੋਵੇਗਾ l
ਇਸ ਸੰਬੰਧੀ ਜ਼ੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕੋਰੋਨਾ ਦੇ ਕਾਰਨ ਕੈਦੀਆਂ ਦੀ ਸੁਰੱਖਿਆ ਨੂੰ ਲੈ ਕੇ ਇਹ ਕਦਮ ਬਤੌਰ ਇਹਤਿਆਤ ਚੁੱਕਿਆ ਜਾ ਰਿਹਾ ਹੈ ਪਰ ਇਸ ਬਾਰੇ ਵਿੱਚ ਅੰਤਿਮ ਫੈਸਲਾ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਕਰਨਾ ਹੈ l