ਮੋਹਾਲੀ : ਪ੍ਰਸਿੱਧ ਪੰਜਾਬੀ ਗਾਇਕ ਜੀਐਸ ਗਰੇਵਾਲ ਉਰਫ ਵੱਡਾ ਗਰੇਵਾਲ ਜਿਸ ਨੂੰ ਲੰਘੇ ਦਿਨੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਜਿ਼ਲ੍ਹੇ ਦੇ ਸੁਹਾਣਾ ਸਥਿਤ ਇੱਕ ਸੁਪਰਸਪੈਸ਼ਲਿਟੀ ਹਸਪਤਾਲ ‘ਚ ਦਾਖਲ ਕਰਾਇਆ ਗਿਆ ਸੀ। ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੇ ਪੁਲਿਸ ਨੇ ਤੁਰੰਤ ਗ੍ਰਿਫਤਾਰ ਕਰ ਲਿਆ।ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਗਾਇਕ ਕੋਲੋਂ 30 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ।ਜਿਸ ਦੀ ਡੀਐਸਪੀ ਰਮਨਦੀਪ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਗ੍ਰਿਫਤਾਰੀ ਮਗਰੋਂ ਵੱਡਾ ਗਰੇਵਾਲ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।ਜਿੱਥੋਂ ਅਦਾਲਤ ਨੇ ਉਸ ਨੂੰ ਬਰਨਾਲਾ ਜੇਲ ਭੇਜਣ ਦੇ ਹੁਕਮ ਦੇ ਦਿੱਤੇ।
ਦੱਸ ਦਈਏ ਕਿ ਲੰਘੀ 13 ਅਪ੍ਰੈਲ ਵਿਸਾਖੀ ਵਾਲੇ ਦਿਨ ਵੱਡਾ ਗਰੇਵਾਲ ਦੀ ਹਾਲਤ ਖਰਾਬ ਹੋਣ ਮਗਰੋਂ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ ਤੇ ਇਸ ਦੌਰਾਨ ਦੋ ਦਿਨ ਤੱਕ ਉਸ ਨੂੰ ਵੈਂਟੀਲੇਂਟਰ ਤੇ ਰੱਖਿਆ ਗਿਆ।ਬਾਅਦ ਵਿੱਚ ਤਬੀਅਤ ਠੀਕ ਹੋਣ ਕਾਰਨ ਉਸ ਨੂੰ ਹਸਪਤਾਲ ਦੇ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ।ਜਿੱਥੋਂ ਛੁੱਟੀ ਮਿਲਦਿਆਂ ਹੀ ਥਾਣਾ ਸੁਹਾਣਾ ਦੀ ਪੁਲਿਸ ਨੇ ਵੱਡਾ ਗਰੇਵਾਲ ਨੂੰ ਗ੍ਰਿਫਤਾਰ ਕਰ ਲਿਆ।ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਹਸਪਤਾਲ ਦੇ ਡਾਕਟਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਵੱਡਾ ਗਰੇਵਾਲ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਇੱਥੇ ਦਾਖਿਲ ਹੋਇਆ, ਜਿਸ ਤੋਂ ਬਾਅਦ ਪੁਲਿਸ ਨੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਸੀ।
ਪੁਲਿਸ ਅਧਿਕਾਰੀਆਂ ਅਨੁਸਾਰ ਸ਼ੁਰੂਆਤੀ ਪੁੱਛਗਿਛ ‘ਚ ਇਹ ਪਤਾ ਲੱਗਾ ਹੈ ਕਿ ਵੱਡਾ ਗਰੇਵਾਲ ਉੱਥੋਂ ਦੇ ਸੈਕਟਰ 51 ਵਿੱਚ ਰਹਿੰਦੇ ਆਪਣੇ ਦੋਸਤਾਂ ਕੋਲ ਆਇਆ ਸੀ।ਜਿਸ ਮਗਰੋਂ ਉਹ ਵੱਖ ਵੱਖ ਹੋਟਲਾਂ ‘ਚ ਵੀ ਜਾ ਕੇ ਰਿਹਾ।ਇਸ ਦੌਰਾਨ ਪੁਲਿਸ ਨੇ ਵੱਡਾ ਗਰੇਵਾਲ ਦੇ ਇੱਕ ਦੋਸਤ ਨੂੰ ਸੱਦ ਕੇ ਵੀ ਉਸ ਕੋਲੋਂ ਪੁੱਛਗਿਛ ਕੀਤੀ ਸੀ ਤੇ ਮਾਮਲਾ ਸਾਫ ਹੋਣ ਤੋਂ ਬਾਅਦ ਜਦੋਂ ਵੱਡਾ ਗਰੇਵਾਲ ਤੋਂ 30 ਗ੍ਰਾਮ ਅਫੀਮ ਬਰਾਮਦ ਕੀਤੇ ਜਾਣ ਦਾ ਵੀ ਦਾਅਵਾ ਹੋਇਆ ਤਾਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ।