ਅੰਮ੍ਰਿਤਸਰ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਟਿੱਪਣੀ ਕਰਕੇ ਵਿਵਾਦਾਂ ਵਿੱਚ ਘਿਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ਼ ਸ਼੍ਰੀ ਅਕਾਲ ਤਖਤ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ l ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਉੱਪ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨੇ ਐਸਜੀਪੀਸੀ ਮੈਂਬਰਾਂ ਦੇ ਨਾਲ ਸ਼੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਮੰਤਰੀ ਜਸਪਾਲ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਹੈ l ਇਸ ਪੱਤਰ ਵਿੱਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮੰਤਰੀ ਰੰਧਾਵਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿਵਾਦਿਤ ਟਿੱਪਣੀ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਹੈ l ਇਸ ਲਈ ਰੰਧਾਵਾ ਦੇ ਵਿਰੁੱਧ ਪੰਥਕ ਮਰਿਆਦਾ ਦੇ ਅਨਸੁਾਰ ਤੁਰੰਤ ਕਾਰਵਾਈ ਕੀਤੀ ਜਾਵੇ l
ਭਾਈ ਮਹਿਤਾ ਅਤੇ ਐਸਜੀਪੀਸੀ ਮੈਂਬਰਾਂ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਨਾਲ ਮੁਲਾਕਾਤ ਕਰਕੇ ਮੰਤਰੀ ਰੰਧਾਵਾ ਦੇ ਵਿਰੁੱਧ ਧਾਰਾ 295 ਏ ਸਹਿਤ ਹੋਰ ਧਾਰਾਵਾਂ ਵਿੱਚ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ l ਮੀਡੀਆ ਨਾਲ ਗੱਲਬਾਤ ਕਰਦਿਆਂ ਮਹਿਤਾ ਨੇ ਕਿਹਾ ਕਿ ਮੰਤਰੀ ਰੰਧਾਵਾ ਨੇ ਸੱਤਾ ਦੇ ਨਸ਼ੇ ਵਿੱਚ ਪਹਿਲੇ ਗੁਰੂ ਦੇ ਵਿਰੁੱਧ ਵਿਵਾਦਿਤ ਟਿੱਪਣੀ ਕੀਤੀ ਹੈ l ਅਜਿਹੇ ਇਨਸਾਨ ਦਾ ਇੱਕ ਜ਼ਿੰਮੇਦਾਰ ਅਹੁਦੇ ਤੇ ਬੈਠੇ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ, ਸਿੱਖ ਸਮਾਜ ਵਿੱਚ ਵੀ ਕੋਈ ਸਥਾਨ ਨਹੀਂ ਹੋਣਾ ਚਾਹੀਦਾ l
