ਅੰਮ੍ਰਿਤਸਰ : ਅਸ਼ਲੀਲ ਵੀਡੀਓ ਮਾਮਲੇ ‘ਚ ਫਸ ਕੇ ਸਿੱਖ ਪੰਥ ‘ਚੋਂ ਬਾਹਰ ਕੱਢੇ ਗਏ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਪੰਥ ਵਾਪਸੀ ਕਰਨ ਲਈ ਤਰਲੋੋ ਮੱਛੀ ਹਨ ਤੇ ਹਰ ਉਸ ਕੋਸਿ਼ਸ਼ ਵਿੱਚ ਲੱਗੇ ਹੋਏ ਹਨ ਕਿ ਉਹ ਕਿਸੇ ਤਰ੍ਹਾਂ ਸਿੱਖ ਪੰਥ ਵਿੱਚ ਮੁੜ ਸ਼ਾਮਿਲ ਕਰ ਲਏ ਜਾਣ।ਏਸੇ ਕੋਸਿ਼ਸ਼ ਤਹਿਤ ਲੰਗਾਹ ਹੁਣ ਦੋ ਸਾਲ ਸੱਤ ਮਹੀਨੇ ਦੌਰਾਨ ਤੀਜੀ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ, ਜਿੱਥੇ ਉਨ੍ਹਾਂ ਨੇ ਇੱਕ ਵਾਰ ਫੇਰ ਲਿਖਤੀ ਅਰਜ਼ੀ ਦੇ ਕੇ ਸਿੱਖ ਪੰਥ ‘ਚ ਵਾਪਸੀ ਦੀ ਬੇਨਤੀ ਕੀਤੀ।
ਜਿ਼ਕਰਯੋਗ ਐ ਕਿ 5 ਅਕਤੂਬਰ, 2017 ਵਾਲੇ ਦਿਨ ਸੁੱਚਾ ਸਿੰਘ ਲੰਗਾਹ ਨੂੰ ਅਸ਼ਲੀਲ ਵੀਡੀਓ ਮਾਮਲੇ ‘ਚ ਫਸਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਪੰਥ ‘ਚੋਂ ਬਾਹਰ ਕੱਢ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਲੰਗਾਹ ਨੂੰ ਭਾਵੇਂ ਦੁਨੀਆਵੀ ਅਦਾਲਤ ਨੇ ਕੇਸ ‘ਚੋਂ ਬਰੀ ਕਰ ਦਿੱਤਾ ਸੀ ਪਰ 18 ਅਗਸਤ, 2018 ਅਤੇ 17 ਅਕਤੂਬਰ, 2019 ਨੂੰ ਲੰਗਾਹ ਵੱਲੋਂ 2 ਵਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਪੰਥ ਵਾਪਸੀ ਦੀ ਅਪੀਲ ਕੀਤੀ ਸੀ ਪਰ ਉਸ ਨੂੰ ਕੋਈ ਲਾਭ ਨਹੀਂ ਹੋਇਆ।
ਤਾਜ਼ਾ ਦਿੱਤੀ ਗਈ ਅਰਜ਼ੀ ਵਿੱਚ ਲੰਗਾਹ ਨੇ ਬੇਨਤੀ ਕੀਤੀ ਹੈ ਕਿ ਕੋਈ ਵੀ ਸਿੱਖ ਗੁਰੁ ਘਰ ਦੀਆਂ ਖੁਸ਼ੀਆਂ ਤੋਂ ਵਾਂਝਾ ਨਹੀਂ ਰਹਿਣਾ ਚਾਹੁੰਦਾ ਤੇ ਉਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹਿਲਾਂ ਵੀ ਸਮਰਪਿਤ ਰਹੇ ਹਨ ਤੇ ਅੱਗੋਂ ਵੀ ਸਮਰਪਿਤ ਰਹਿਣਗੇ।ਇਹੋ ਕਾਰਨ ਹੈ ਕਿ ਉਹ ਪਹਿਲਾਂ ਵੀ ਦੋ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਪੰਥ ਵਾਪਸੀ ਦੀ ਅਪੀਲ ਕਰ ਚੁੱਕੇ ਹਨ ਤੇ ਹੁਣ ਇੱਕ ਵਾਰ ਫੇਰ ਦਰਖਾਸਤ ਲੈ ਕੇ ਪਹੁੰਚੇ ਹਨ।ਕਿਰਪਾ ਕਰਕੇ ਉਨ੍ਹਾਂ ਦੀ ਸੁਣਵਾਈ ਕੀਤੀ ਜਾਵੇ ਤੇ ਪੰਥ ਵਾਪਸੀ ਕਰਵਾਈ ਜਾਵੇ।
