ਬਠਿੰਡਾ : ਬਠਿੰਡਾ ਵਿੱਚ ਸ਼ਾਲ ਵੇਚਣ ਵਾਲੇ ਕਸ਼ਮੀਰੀ ਬਜ਼ੁਰਮ ਨੂੰ ਜੰਮੂ ਤੋਂ ਆਈ ਐਲਸੀਬੀ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ l ਹਾਲਾਂਕਿ ਇਸ ਬਾਰੇ ਵਿੱਚ ਬਠਿੰਡਾ ਪੁਲਿਸ ਨੂੰ ਭਨਕ ਤੱਕ ਨਹੀਂ ਲੱਗੀ l ਪਤਾ ਚੱਲਿਆ ਹੈ ਕਿ ਉਹ ਪਿਛਲੇ 30 ਸਾਲ ਤੋਂ ਇੱਥੇ ਸ਼ਾਲ ਅਤੇ ਗਰਮ ਕੱਪੜੇ ਵੇਚਣ ਆਉਂਦਾ ਸੀ l ਸ਼ੁੱਕਰਵਾਰ ਨੂੰ ਉਸ ਨੂੰ ਦਿੱਲੀ ਦੇ ਨੰਬਰ ਦੀ ਕਾਲੇ ਰੰਗ ਦੀ ਇੱਕ ਬੋਲੈਰੋ ਵਿੱਚ ਸਵਾਰ ਕੁਝ ਲੋਕ ਚੁੱਕ ਕੇ ਲੈ ਗਏ l ਇਸ ਤੋਂ ਬਾਅਦ ਦੇਰ ਰਾਤ ਤੱਕ ਪੁਲਿਸ ਮਾਰੀ ਮਾਰੀ ਫਿਰਦੀ ਰਹੀ l ਆਖਰ ਖੁਲਾਸਾ ਹੋਇਆ ਕਿ ਉਸ ਨੂੰ ਦਸੰਬਰ 2019 ਦੇ 4.8 ਕਿਲੋ ਚਰਸ ਦੇ ਮਾਮਲੇ ਵਿੱਚ ਜੰਮੂ ਤੋਂ ਆਈ ਐਨਸੀਬੀ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ l
ਕਥਿਤ ਮੁਲਜ਼ਮ ਦੀ ਪਹਿਚਾਣ ਬਸ਼ੀਰ ਅਹਿਮਦ ਗਨੀ ਪੁੱਤਰ ਗੁਲਾਮ ਮੁਹੰਮਦ ਗਨੀ ਵਾਸੀ ਮਾਗਮ ਤਹਿਸੀਲ ਹੰਦਵਾੜਾ ਜ਼ਿਲ੍ਹਾ ਕੁਪਵਾੜਾ ਦੇ ਤੌਰ ‘ਤੇ ਹੋਈ ਹੈ l ਪਿਛਲੇ 30 ਸਾਲ ਤੋਂ ਬਠਿੰਡਾ ਵਿੱਚ ਆ ਕੇ ਸ਼ਾਲ ਅਤੇ ਹੋਰ ਗਰਮ ਕੱਪੜੇ ਵੇਚਣ ਵਾਲੇ ਬਸ਼ੀਰ ਦੇ ਰਿਸ਼ਤੇਦਾਰਾਂ ਦੇ ਅਨੁਸਾਰ ਸ਼ੁੱਕਰਵਾਰ ਦੁਪਹਿਰ ਉਸੇ ਥਾਣਾ ਸਦਰ ਦੇ ਸਾਹਮਣੇ ਹੀ ਇੱਕ ਕਾਲੇ ਰੰਗ ਦੀ ਗੱਡੀ ਵਿੱਚ ਆਏ ਕੁਝ ਬਦਮਾਸ਼ ਚੁੱਕ ਕੇ ਲੈ ਗਏ l ਇਸ ਗੱਡੀ ‘ਤੇ ਦਿੱਲੀ ਦੀ ਨੰਬਰ ਪਲੇਟ ਸੀ, ਨਾਲੇ ਇਸ ‘ਤੇ ਪੰਜਾਬ ਸਰਕਾਰ ਵੀ ਲਿਖਿਆ ਹੋਇਆ ਸੀ l
ਬਸ਼ੀਰ ਅਹਿਮਦ ਦੇ ਮੁੰਡੇ ਸਬੀਰ ਅਹਿਮਦ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਥਾਣਾ ਸਦਰ ਦੇ ਸਾਹਮਣੇ ਚੌਂਕ ਵਿੱਚ ਕੁਝ ਅਣਪਛਾਤੇ ਲੋਕ ਚੁੱਕ ਕੇ ਲੈ ਗਏ l ਜਦ ਉਹ ਚੌਂਕ ਵਿੱਚ ਪਹੁੰਚੇ ਤਾਂ ਉੱਥੇ ਸਥਿਤ ਇੱਕ ਮੈਡੀਕਲ ਸਟੋਰ ਸੰਚਾਲਕ ਨੇ ਦੱਸਿਆ ਕਿ ਇੱਕ ਕਸ਼ਮੀਰੀ ਵਿਅਕਤੀ ਜਿਸਦੇ ਮੋਢੇ ‘ਤੇ ਕੱਪੜਿਆਂ ਦੀ ਗਠਰੀ ਟੰਗੀ ਹੋਈ ਸੀ, ਨੂੰ ਇੱਕ ਕਾਲੇ ਰੰਗ ਦੀ ਬੋਲੈਰੋ ਗੱਡੀ ਜਿਸ ‘ਤੇ ਦਿੱਲੀ ਦਾ ਨੰਬਰ ਲੱਗਿਆ ਹੋਇਆ ਸੀ, ਵਿੱਚੋਂ ਉਤਰੇ ਲੋਕਾਂ ਨੇ ਗੱਡੀ ਵਿੱਚ ਬਿਠਾ ਲਿਆ ਅਤੇ ਆਪਣੇ ਨਾਲ ਲੈ ਗਏ l ਸਬੀਰ ਦਾ ਕਹਿਣਾ ਕਿ ਉਸ ਨੇ ਆਪਣੇ ਪਿਤਾ ਦੇ ਮੋਬਾਈਲ ਨੰਬਰ ‘ਤੇ ਕਾਲ ਵੀ ਕੀਤੀ, ਜੋ ਕਿਸੇ ਪੰਜਾਬ ਬੋਲਣ ਵਾਲੇ ਆਦਮੀ ਨੇ ਚੁੱਕੀ ਅਤੇ 5 ਮਿੰਟ ਵਿੱਚ ਫੋਨ ਕਰਨ ਦੀ ਗੱਲ ਕਹਿ ਕੇ ਫੋਨ ਕੱਟ ਦਿੱਤਾ, ਜਿਸ ਤੋਂ ਬਾਅਦ ਫੋਨ ਬੰਦ ਆ ਰਿਹਾ ਹੈ l ਸਬੀਰ ਦਾ ਕਹਿਣਾ ਹੈ ਕਿ ਉਹ ਸ਼ਹਿਰ ਦੇ ਸਾਰੇ ਪੁਲਿਸ ਥਾਣਿਆਂ ਵਿੱਚ ਆਪਣੇ ਪਿਤਾ ਬਾਰੇ ਪਤਾ ਕਰਨ ਗਿਆ ਪਰ ਉੱਥੋਂ ਉਸ ਨੂੰ ਕੋਈ ਵੀ ਜਾਣਕਾਰੀ ਨਹੀਂ ਮਿਲੀ l ਪਰਿਵਾਰ ਦੇ ਲੋਕਾਂ ਨੇ ਆਈਜੀ ਨੂੰ ਮਿਲ ਕੇ ਬਸ਼ੀਰ ਅਹਿਮਦ ਦਾ ਪਤਾ ਕਰਨ ਦੀ ਅਰਜ਼ੀ ਦਿੱਤੀ l
ਇਸ ਤੋਂ ਬਾਅਦ ਦੇਰ ਰਾਤ ਤੱਕ ਪੁਲਿਸ ਮਾਰੀ ਮਾਰੀ ਫਿਰਦੀ ਰਹੀ l ਬਾਅਦ ਵਿੱਚ ਪਤਾ ਲੱਗਿਆ ਕਿ ਬਸ਼ੀਰ ਅਹਿਮਦ ਗਨੀ ਨੂੰ ਜੰਮੂ ਤੋਂ ਆਈ ਐਨਸੀਬੀ ਦੀ ਟੀਮ ਨੇ ਚੁੱਕਿਆ ਹੈ l ਦਰਅਸਲ ਦਸੰਬਰ 2019 ਵਿੱਚ ਜੰਮੂ ਵਿੱਚ ਪੁਲਿਸ ਨੇ 4.8 ਕਿਲੋ ਚਰਸ ਦਾ ਇੱਕ ਕੇਸ ਦਰਜ ਕੀਤਾ ਸੀ l ਇਸ ਮਾਮਲੇ ਵਿੱਚ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿਛ ਵਿੱਚ ਬਸ਼ੀਰ ਅਹਿਮਦ ਦਾ ਨਾਮ ਆਉਣ ‘ਤੇ ਉਸ ਨੂੰ ਐਨਸੀਬੀ ਅਰੈਸਟ ਵਾਰੰਟ ਮਿਲਣ ‘ਤੇ ਗ੍ਰਿਫਤਾਰ ਕਰਨ ਦੇ ਲਈ ਬਠਿੰਡਾ ਪਹੁੰਚੀ ਸੀ l ਟੀਮ ਨੇ ਬਸ਼ੀਰ ਅਹਿਮਦ ਨੂੰ ਥਾਣਾ ਸਦਰ ਦੇ ਅੱਗੇ ਤੋਂ ਅਰੈਸਟ ਕਰ ਲਿਆ l ਆਈਜੀ ਬਠਿੰਡਾ ਰੇਂਜ ਅਰੁਣ ਕੁਮਾਰ ਮਿੱਤਲ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਇਸ ਮਾਮਲੇ ਨੂੰ ਟਰੇਸ ਕਰਨ ਦੇ ਲਈ ਪੁਲਿਸ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਹੈ l