ਗਿੱਦੜਬਾਹਾ (ਸੁਰਿੰਦਰ ਸੋਨੀ) ; ਸਿੱਖ ਇਤਿਹਾਸ ਦੇ ਮਹਾਨ ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਸ਼੍ਰੀ ਮੁਕਤਸਰ ਸਾਹਿਬ ਦੇ ਕਸਬਾ ਗਿੱਦੜਬਾਹਾ ਦੇ ਇੱਕ ਬਜ਼ਾਰ ‘ਚ ਹੋਲੀ ਵਾਲੇ ਦਿਨ ਕੁਝ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਜਿਸ ਵਿੱਚ ਨਸ਼ੇ ‘ਚ ਟੁੰਨ ਹੋਏ ਦੋ ਨਸ਼ੇੜੀਆਂ ਦੇ ਵੱਖ ਵੱਖ ਹਾਲਾਤ ਵੇਖਣ ਨੂੰ ਮਿਲੇ।ਹੋਲੀ ਦੇ ਪਵਿੱਤਰ ਦਿਹਾੜੇ ਮੌਕੇ ਜਿੱਥੇ ਸਾਰਾ ਦੇਸ਼ ਖੁਸ਼ੀਆਂ ਮਨਾਂ ਰਿਹਾ ਸੀ, ਉੱਥੇ ਇਹ ਦੋ ਨੌਜਵਾਨ ਪਤਾ ਨੀਂ ਕਿਹੜਾ ਨਸ਼ਾ ਕਰਕੇ ਉੱਥੇ ਐਨੇ ਬੇਸੁੱਧ ਪਏ ਸਨ, ਕਿ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਚੱਲ ਰਿਹਾ ਕਿ ਉਨ੍ਹਾਂ ਦਾ ਮਲ ਮੂਤਰ ਵੀ ਵਿੱਚ ਹੀ ਨਿਕਲ ਗਿਐ।ਸ਼ਾਇਦ ਇਹੋ ਕਾਰਨ ਸੀ ਕਿ ਕਿਸੇ ਨੇ ਉਨ੍ਹਾਂ ਨੂੰ ਚੁੱਕ ਕੇ ਹਸਪਤਾਲ ਪਹੁੰਚਾਉਣ ਤੱਕ ਦੀ ਜਹਿਮਤ ਵੀ ਨਹੀਂ ਚੁੱਕੀ। ਬਸ ਨੇੜੇ ਦੇ ਇੱਕ ਦਵਾਈਆਂ ਵਾਲੇ ਨੇ ਨਸ਼ੇੜੀ ਉੱਤੇ ਪਾਣੀ ਦੀ ਬਾਲਟੀ ਭਰ ਕੇ ਜ਼ਰੂਰ ਸੁੱਟ ਦਿੱਤੀ, ਤਾਂ ਕਿ ਮਲ ਮੂਤਰ ‘ਚੋਂ ਬਦਬੂ ਨਾ ਆਵੇ। ਬਸ ਹਿੰਮਤ ਕੀਤੀ ਤਾਂ ਸਿਰਫ ਪੰਜਾਬ ਦੇ ਮਰਹੂਮ ਗਾਇਕ ਹਾਕਮ ਸੂਫੀ ਦੇ ਭਰਾ ਤੇ ਉੱਘੇ ਸਮਾਜ ਸੇਵੀ ਬਾਬਾ ਨਛੱਤਰ ਸੂਫੀ ਨੇ ਜਿਹੜੇ ਰਾਹ ਜਾਂਦੇੇ ਇੱਥੇ ਰੁਕ ਗਏ ਸਨ ਤੇ, ਇਸ ਨਸ਼ੇੜੀ ਦੀ ਹਾਲਤ ਵੇਖ ਉਨ੍ਹਾਂ ਨੇ ਤੁਰੰਤ ਐਂਬੂਲੈਂਸ ਸੱਦ ਲਈ।
ਏਸ ਮੌਕੇ ਬਾਬਾ ਨਛੱਤਰ ਸੂਫੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਜ਼ਾਰ ਵਿੱਚ ਬਹੁਤ ਜਿ਼ਆਦਾ ਇੱਕਠ ਹੋਇਆ ਦੇਖ ਕੇ ਉਹ ਜਦੋਂ ਇਥੇ ਰੁਕੇ ਤਾਂ ਪਤਾ ਲੱਗਿਆ ਕਿ ਇਹ ਬੰਦਾ ਬੇਸੁੱਧ ਪਿਆ ਸੀ ਕਿਉਂਕਿ ਇਸ ਨੇ ਬਹੁਤ ਜਿ਼ਆਦਾ ਨਸ਼ਾ ਕੀਤਾ ਹੋਇਆ ਸੀ ਤੇ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਸ ਨੂੰ ਕੋਈ ਹੱਥ ਲਾਉਣ ਨੂੰ ਤਿਆਰ ਨਹੀਂ ਸੀ।ਬਾਬਾ ਨੱਛਤਰ ਸੂਫੀ ਨੇ ਕਿਹਾ ਕਿ ਉਹ ਇਹ ਚਾਹੁੰਦੇ ਸਨ ਕਿ ਏਸ ਬੰਦੇ ਦੀ ਹਰ ਹਾਲਤ ਵਿੱਚ ਜਾਨ ਬਚ ਜਾਵੇ।ਲਿਹਾਜ਼ਾ ਊਨ੍ਹਾਂ ਨੇ ਪੁਲਿਸ ਅਤੇ ਐਂਬੁਲੈਂਸ ਨੂੰ ਫੋਨ ਕਰ ਦਿੱਤਾ ਹੈ, ਉਨ੍ਹਾਂ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੰਦਾ ਕਰਦਿਆਂ ਕਿਹਾ ਕਿ ਕੌਣ ਕਹਿੰਦਾ ਕਿ ਪੰਜਾਬ ‘ਚ ਨਸ਼ਾ ਦਾ ਲੱਕ ਟੁੱਟ ਗਿਆ।ਆਹ ਦੇਖੋ, ਨਸ਼ੇ ਦੇ ਹਾਲਾਤਾਂ ਦੀ ਜਿ਼ੰਦਾ ਮਿਸਾਲ ਨੌਜਵਾਨ ਪੀੜੀ ਹਜੇ ਵੀ ਨਸ਼ੇ ਵੱਲ ਜਾ ਰਹੀ ਹੈ।ਜਿਸ ਦੀ ਕਿ ਉਹ ਸਖਤ ਨਿੰਦਾ ਕਰਦੇ ਹਨ।ਉਨ੍ਹਾਂ ਨੇ ਕਿਹਾ ਕਿ ਹੋਲੀ ਵਾਲੇ ਦਿਨ ਜਦੋਂ ਸਾਰੇ ਖੁਸ਼ੀਆਂ ਮਨਾਂ ਰਹੇ ਨੇ ਉਦੋਂ ਇਹ ਪਤਾ ਨਹੀਂ ਜਿ਼ੰਦਾ ਆਪਣੇ ਘਰ ਜਾਵੇਗਾ ਕਿ ਨਹੀਂ।
ਬਾਬਾ ਨਛੱਤਰ ਸੂਫੀ ਦੀਆਂ ਗੱਲਾਂ ਸੁਣ ਕੇ ਬਜ਼ਾਰ ਵਿੱਚ ਤੁਰੰਤ ਚਰਚਾ ਛਿੜ ਗਈ ਕਿ, ” ਸੱਚ ਈ ਤਾਂ ਕਿਹਾ ਬਾਬਾ ਸੂਫੀ ਨੇ ਕਿ ਜੇ ਲੋਕਾਂ ਦੇ ਇਹੋ ਜਿਹੇ ਹਾਲਾਤ ਨੇ ਤਾਂ ਫੇਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹੜੇ ਨਸ਼ਿਆਂ ਦਾ ਚਾਰ ਹਫਤਿਆਂ ‘ਚ ਲੱਕ ਤੋੜਿਐ ” ਕਿਉਂਕਿ ਜਦੋਂ ਬਾਬਾ ਨਛੱਤਰ ਸੂਫੀ ਹੋਰਾਂ ਨੇ ਮੌਕੇ ਤੇ ਐਬੂਂਲੈਂਸ ਅਤੇ ਮੀਡੀਆ ਵਾਲੇ ਸੱਦ ਲਏ ਤਾਂ ਜਾ ਕੇ ਕੁਝ ਹੋਰਾਂ ਨੂੰ ਸ਼ਰਮ ਆਈ, ਤੇ ਉਨ੍ਹਾਂ ਨੇ ਨਸ਼ੇ ਨਾ ਬੇਸੁੱਧ ਪਏ ਏਸ ਇਨਸਾਨ ਨੂੰ ਚੁੱਕ ਕੇ ਐਂਬੂਲੈਂਸ ਵਿੱਚ ਪਾਉਣ ਦੀ ਹਿੰਮਤ ਵਿਖਾਈ, ਨਹੀਂ ਤਾਂ ਸ਼ਾਇਦ ਲਾਸ਼ ਚੁੱਕਣ ਕੋਈ ਹੋਰ ਈ ਆਉਂਦਾ ਪਰ ਸ਼ੱਕਰ ਐ ਰੱਬ ਦਾ ਹੁਣ ਹਸਪਤਾਲ ਪਹੁੰਚ ਗਏ ਨੇ ਸ਼ਾਇਦ ਜਾਨ ਬਚ ਜਾਵੇ।
ਇਹ ਉਹ ਨਜ਼ਾਰਾ ਸੀ ਜਿਹੜਾ ਸ਼ਾਇਦ ਮੀਡੀਆ ਦੇ ਮੌਕੇ ਤੇ ਪਹੁੰਚਣ ਕਾਰਨ ਅੱਜ ਸਾਰਿਆਂ ਸਾਹਮਣੇ ਆ ਗਿਆ। ਵਰਨਾ ਜੇਕਰ ਸ਼ੋਸ਼ਲ ਮੀਡੀਆ ਮਜ਼ਬੂਤ ਨਾ ਹੋਵੇ ਤਾਂ ਸਰਕਾਰਾਂ ਦੇ ਉਨ੍ਹਾ ਵਾਅਦਿਆਂ ਨੂੰ ਕੋਈ ਸਬੂਤਾਂ ਸਣੇ ਝੂਠਲਾ ਵੀ ਨੀਂ ਪਾਏਗਾ ਕਿ ਅਸੀਂ ਤਾਂ ਨਸ਼ਾ ਖਤਮ ਕਰ ਦਿੱਤੈ, ਤੇ ਮੂਰਖ ਲੋਕ ਇੱਕ ਵਾਰ ਫੇਰ ਤਿਆਰ ਹੋ ਜਾਣਗੇ ਪਹਿਲਾਂ ਵਾਲੀਆਂ ਗਲਤੀਆਂ ਦੁਹਰਾਉਣ ਲਈ। ਲੋੜ ਐ ਸਿਆਸਤਦਾਨਾਂ ਨੂੰ ਪਾਈਆਂ ਹੋਈਆਂ ਵੋਟਾਂ ਦਾ ਹਿਸਾਬ ਮੰਗਣ ਦੀ। ਪੁੱਛੋ ਕਿ ਜੋ ਵਾਅਦੇ ਕੀਤੇ ਸਨ ਉਹ ਪੂਰੇ ਕਿਉਂ ਨਹੀਂ ਹੋਏ। ਜ਼ਿਆਦਾ ਤੋਂ ਜ਼ਿਆਦਾ ਕੋਈ ਬੀਬੀ ਭੱਠਲ ਵਾਂਗ ਚਪੇੜ ਹੀ ਮਾਰ ਦੇਵੇਗਾ। ਖਾ ਲਓ ਚਪੇੜ ਕਿਉਂਕਿ ਸਰਹੱਦਾਂ ਤੇ ਆਪਣੇ ਦੇਸ਼ ਦੀ ਖਾਤਿਰ ਜੇਕਰ ਸਾਡੇ ਜਵਾਨ ਸੀਨੇ ਤੇ ਗੋਲੀਆਂ ਖਾ ਸਕਦੇ ਨੇ, ਤਾਂ ਕੀ ਅਸੀਂ ਸਮਾਜ ਬਚਾਉਣ ਲਈ ਮੂੰਹ ਤੇ ਚਪੇੜਾਂ ਨੀਂ ਖਾ ਸਕਦੇ ?
