ਜਲੰਧਰ : ਕੋਰੋਨਾ ਦਾ ਖੌਫ ਇੰਨਾ ਵੱਧ ਗਿਆ ਹੈ ਕਿ ਸੜਕਾਂ ਤੇ ਗਿਰੇ ਨੋਟ ਦੇਖ ਕੇ ਲੋਕ ਹੱਥ ਲਾਉਣ ਤੋਂ ਕਤਰਾ ਰਹੇ ਹਨ l ਬੁੱਧਵਾਰ ਨੂੰ ਦੋ ਮਾਮਲੇ ਇਸ ਦੇ ਗਵਾਹ ਬਣੇ l ਪਹਿਲੇ ਮਾਮਲੇ ਵਿੱਚ ਫਰੈਂਡਸ ਕਲੋਨੀ ਵਿਚ 500-500 ਦੇ ਨੋਟ ਸੜਕ ਤੇ ਪਏ ਸਨ l ਇਨ੍ਹਾਂ ਨੋਟਾਂ ਨੂੰ ਦੇਖ ਕੇ ਲੋਕਾਂ ਨੇ ਰੌਲਾ ਪਾ ਦਿੱਤਾ ਕਿ ਇਹ ਕੋਰੋਨਾ ਦੇ ਪ੍ਰਭਾਵ ਹੇਠ ਆਏ ਕਿਸੇ ਮਰੀਜ਼ ਨੇ ਜਾਣ ਬੁੱਝ ਕੇ ਸੁੱਟ ਹਨ ਤਾਂ ਕਿ ਇਲਾਕੇ ਵਿੱਚ ਕੋਰੋਨਾ ਫੈਲ ਜਾਵੇ l
ਲੋਕ ਇੰਨਾ ਘਬਰਾ ਗਏ ਕਿ ਨੋਟਾਂ ਦੇ ਆਲੇ ਦੁਆਲੇ ਵੀ ਨਹੀਂ ਗਏ l ਮਾਮਲਾ ਪੁਲਿਸ ਦੇ ਕੋਲ ਪਹੁੰਚਿਆ ਅਤੇ ਪੁਲਿਸ ਦੀ ਟੀਮ ਨੇ ਸਰਜੀਕਲ ਦਸਤਾਨੇ ਪਾ ਕੇ ਨੋਟਾਂ ਨੂੰ ਚੁੱਕਿਆ ਅਤੇ ਕਬਜ਼ੇ ਵਿੱਚ ਲੈ ਲਿਆ l ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਸੀਸੀਟੀਵੀ ਕੈਮਰਿਆਂ ਨਾਲ ਉਨ੍ਹਾਂ ਮੁਲਜ਼ਮਾਂ ਦੀ ਤਲਾਸ਼ ਕਰਨ, ਜਿਨ੍ਹਾਂ ਨੇ ਇਲਾਕੇ ਵਿੱਚ ਨੋਟ ਸੁੱਟੇ ਹਨ l
ਉੱਥੇ ਸ਼ਾਮ ਨੂੰ ਬੀਐਸਐਡ ਚੌਂਕ ਦੇ ਨੇੜੇ ਵੀ 100-100 ਦੇ ਨੋਟ ਪਏ ਮਿਲੇ, ਜਿਨ੍ਹਾਂ ਨੂੰ ਦੇਖ ਕੇ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ l ਏਐਸਆਈ ਰਮੇਸ਼ ਲਾਲ ਮੌਕੇ ਤੇ ਟੀਮ ਦੇ ਨਾਲ ਪਹੁੰਚੇ ਅਤੇ ਨੋਟਾਂ ਨੂੰ ਕਬਜ਼ੇ ਵਿੱਚ ਲੈ ਲਿਆ l ਜਲੰਧਰ ਵਿੱਚ ਕੋਰੋਨਾ ਨੂੰ ਲੈ ਕੇ ਕਾਫੀ ਦਹਿਸ਼ਤ ਹੈ ਇੱਥੇ 53 ਮਰੀਜ਼ ਮਿਲ ਚੁੱਕੇ ਹਨ l