Htv Punjabi
India Religion

ਦੀਵਾਲੀ ਦਾ ਅਧਿਆਤਮਿਕ ਪਹਿਲੂ -ਸੰਤ ਰਾਜਿੰਦਰ ਸਿੰਘ ਜੀ ਮਹਾਰਾਜ

ਦੀਵਾਲੀ ਅਤੇ ਰੌਸ਼ਨੀ ਦੇ ਇਸ ਤਿਉਹਾਰ ਦੇ ਦਿਨ ਸਾਰੇ ਲੋਕ ਦੀਵੇ, ਮੋਮਬੱਤੀਆਂ ਅਤੇ ਲੈਂਪ ਜਗਾ ਕੇ ਰੌਸ਼ਨੀ ਕਰਦੇ ਹਨ। ਇਹ ਤਿਉਹਾਰ ਪ੍ਰਭੂ ਰਾਮ ਅਤੇ ਸੀਤਾ ਦੇ 14 ਸਾਲ ਦੇ ਬਨਵਾਸ ਦੇ ਬਾਅਦ ਅਯੁੱਧਿਆ ਵਿੱਚ ਉਹਨਾਂ ਦੇ ਆਗਮਨ ‘ਤੇ ਮਨਾਇਆ ਜਾਂਦਾ ਹੈ। ਭਾਰਤ ਵਿੱਚ ਇਸ ਤਿਉਹਾਰ ‘ਤੇ ਸਾਰੇ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਨੂੰ ਸਾਫ਼ ਕਰਕੇ ਸਜਾਉਂਦੇ ਹਨ । ਇਹ ਸਰਦ ਰੁੱਤ ਦੇ ਆਗਮਨ ਦਾ ਵੀ ਪ੍ਰਤੀਕ ਹੈ।ਖ਼ੁਸ਼ੀਆਂ ਦੇ ਇਸ ਤਿਉਹਾਰ ਨੂੰ ਸਾਰੇ ਲੋਕ ਇੱਕ ਦੂਸਰੇ ਨੂੰ ਮਿਠਾਈਆਂ ਵੰਡ ਕੇ ਅਤੇ ਮਿਲਜੁਲ ਕੇ ਮਨਾਉਂਦੇ ਹਨ। ਰੌਸ਼ਨੀ ਦੇ ਪ੍ਰਤੀਕ ਦੀਵਾਲੀ ਦੇ ਤਿਉਹਾਰ ਦਾ ਇੱਕ ਅਧਿਆਤਮਿਕ ਪਹਿਲੂ ਵੀ ਹੈ ਜਿਹੜਾ ਕਿ ਸਾਨੂੰ ਸਮਝਾਉਂਦਾ ਹੈ ਕਿ ਸਾਡੇ ਅੰਦਰ ਵੀ ਪ੍ਰਭੂ ਦੀ ਜੋਤੀ ਮੌਜੂਦ ਹੈ ਅਤੇ ਜਿਸਦਾ ਅਨੁਭਵ ਅਸੀਂ ਆਪਣੀ ਆਤਮਾ ਦੇ ਦਵਾਰਾ ਕਰ ਸਕਦੇ ਹਾਂ। ਇਹ ਹਰੇਕ ਮਨੁੱਖ ਦਾ ਜਨਮਸਿਧ ਅਧਿਕਾਰ ਹੈ ਕਿ ਉਹ ਆਪਣੇ ਜੀਵਨ ਵਿੱਚ ਹੀ ਪ੍ਰਭੂ ਦੀ ਜੋਤੀ ਨੂੰ ਅਨੁਭਵ ਕਰੇ ਅਤੇ ਵਾਪਿਸ ਪਿਤਾ-ਪਰਮੇਸ਼ਰ ਵਿੱਚ ਜਾ ਕੇ ਲੀਨ ਹੋਵੇ ਅਤੇ ਇਹ ਤਾਂ ਹੀ ਸੰਭਵ ਹੈ ਜਦੋਂ ਸਾਡੇ ਅੰਦਰ ਪ੍ਰਭੂ ਨੂੰ ਪਾਉਣ ਲਈ ਤੜਪ ਹੋਵੇ। ਪਿਤਾ ਪਰਮੇਸ਼ਰ ਨੇ ਜਦੋਂ ਸਾਨੂੰ ਇਸ ਸੰਸਾਰ ਵਿੱਚ ਭੇਜਿਆ ਤਾਂ ਵਾਪਿਸ ਜਾਣ ਦਾ ਰਸਤਾ ਵੀ ਸਾਡੇ ਲਈ ਬਣਾਇਆ। ਉਹਨਾਂ ਨੇ ਹਰੇਕ ਵਿਅਕਤੀ ਨੂੰ ਕੁਝ ਸੁਤੰਤਰ ਅਧਿਕਾਰ ਦਿੱਤੇ ਹਨ। ਜੇਕਰ ਸਾਡੇ ਵਿੱਚੋਂ ਕੋਈ ਵੀ ਉਹਨਾਂ ਨੂੰ ਕਹੇ ਕਿ ਸਾਨੂੰ ਸਾਡੇ ਘਰ ਵਾਪਿਸ ਲੈ ਚੱਲੋ ਤਾਂ ਉਹ ਸਾਡੀ ਪੁਕਾਰ ਜ਼ਰੂਰ ਸੁਣਨਗੇ ਲੇਕਿਨ ਸਾਡੀ ਇਹ ਪ੍ਰਾਰਥਨਾ ਕਿਸੇ ਦੇ ਦਬਾਅ ਤੋਂ ਬਿਨਾਂ ਹੋਵੇ। ਜਿਸ ਪ੍ਰਕਾਰ ਇੱਕ ਅਮੀਰ ਆਦਮੀ ਆਪਣੀ ਦੌਲਤ ਵੰਡਣੀ ਚਾਹੇ ਤਾਂ ਉਹ ਹਰੇਕ ਨੂੰ ਨਹੀਂ ਦਿੰਦਾ ਬਲਕਿ ਉਡੀਕ ਕਰਦਾ ਹੈ ਅਤੇ ਜਿਹੜੇ ਲੋਕ ਉਸਤੋਂ ਇਸ ਦੌਲਤ ਨੂੰ ਮੰਗਦੇ ਹਨ , ਉਹ ਕੇਵਲ ਉਹਨਾਂ ਨੂੰ ਵੰਡਦਾ ਹੈ। ਜਿਸ ਪ੍ਰਕਾਰ ਡਾਕਟਰ ਕੇਵਲ ਉਸੇ ਮਰੀਜ਼ ਨੂੰ ਠੀਕ ਕਰਦਾ ਹੈ ਜਿਹੜਾ ਉਸ ਕੋਲ ਉਸ ਬਿਮਾਰੀ ਨੂੰ ਲੈ ਕੇ ਆਉਂਦਾ ਹੈ ਅਤੇ ਉਸਨੂੰ ਉਸ ਬਿਮਾਰੀ ਨੂੰ ਠੀਕ ਕਰਨ ਦੀ ਪ੍ਰਾਰਥਨਾ ਕਰਦਾ ਹੈ। ਠੀਕ ਇਸੇ ਪ੍ਰਕਾਰ ਪਿਤਾ ਪ੍ਰਮੇਸ਼ਰ ਕੋਲ ਸਾਡੇ ਸਾਰਿਆਂ ਲਈ ਰੂਹਾਨੀ ਖ਼ਜ਼ਾਨੇ ਹਨ । ਜੇਕਰ ਉਹ ਉਹਨਾਂ ਨੂੰ ਖ਼ਜਾਨੇ ਪ੍ਰਦਾਨ ਕਰਨ ਜਿਨ੍ਹਾਂ ਨੂੰ ਇਸਦੀ ਇੱਛਾ ਹੀ ਨਾ ਹੋਵੇ ਤਾਂ ਸ਼ਾਇਦ ਉਹ ਇਸ ਖ਼ਜ਼ਾਨੇ ਨੂੰ ਸਵੀਕਾਰ ਨਹੀਂ ਕਰਨਗੇ ਅਤੇ ਨਾ ਹੀ ਇਸਦੇ ਮਹੱਤਵ ਨੂੰ ਪਹਿਚਾਣਨਗੇ ਕਿਉਂਕਿ ਉਹਨਾਂ ਨੇ ਇਸਲਈ ਪ੍ਰਾਰਥਨਾ ਕੀਤੀ ਹੀ ਨਹੀਂ। ਪਿਤਾ-ਪਰਮੇਸ਼ਰ ਉਦੋਂ ਤੱਕ ਸਾਡਾ ਇੰਤਜ਼ਾਰ ਕਰਦੇ ਹਨ ਜਦੋਂ ਤੱਕ ਅਸੀਂ ਉਹਨਾਂ ਤੋਂ ਮੰਗਦੇ ਨਹੀਂ। ਇੱਕ ਵਾਰ ਜੇਕਰ ਸਾਡੇ ਅੰਦਰ ਪ੍ਰਭੂ ਪ੍ਰੇਮ ਪਾਉਣ ਦੀ ਤੜਪ ਪੈਦਾ ਹੋ ਗਈ ਤਾਂ ਉਹ ਅਵੱਸ਼ ਹੀ ਉਸਨੂੰ ਪਾਉਣ ਲਈ ਸਾਡੀ ਸਹਾਇਤਾ ਕਰਨਗੇ। ਕੇਵਲ ਮਨੁੱਖ ਚੋਲੇ ਵਿੱਚ ਹੀ ਅਸੀਂ ਆਪਣੀ ਆਤਮਾ ਦਾ ਮਿਲਾਪ ਪ੍ਰਮਾਤਮਾ ਨਾਲ ਕਰਵਾ ਸਕਦੇ ਹਾਂ ਲੇਕਿਨ ਕੁਝ ਹੀ ਇਸਤਰ੍ਹਾਂ ਦੇ ਖ਼ੁਸ਼ਕਿਸਮਤ ਲੋਕ ਹੁੰਦੇ ਹਨ ਜਿਹੜੇ ਕਿ ਆਪਣੇ ਜੀਵਨ ਵਿੱਚ ਇਸ ਉਦੇਸ਼ ਨੂੰ ਪੂਰਾ ਕਰਦੇ ਹਨ। ਅਸੀਂ ਸਾਰੇ ਪ੍ਰਭੂ-ਪ੍ਰੇਮ ਦੀ ਇਸ ਮਸਤੀ ਨੂੰ ਪਾ ਸਕਦੇ ਹਾਂ। ਆਉ ਅਸੀਂ ਸਾਰੇ ਮਾਨਵ ਜੀਵਨ ਦੇ ਇਸ ਸੁਨਹਿਰੀ ਅਵਸਰ ਨੂੰ ਨਾ ਗਵਾਈਏ ਅਤੇ ਆਪਣਾ ਧਿਆਨ ਅੰਤਰਮੁੱਖ ਕਰਕੇ ਪ੍ਰਭੂ ਦੀ ਜੋਤੀ ਨੂੰ ਆਪਣੇ ਅੰਦਰ ਜਲਾਈਏ। ਜਿਸ ਪ੍ਰਕਾਰ ਅਸੀਂ ਦੀਵਾਲੀ ਤੇ ਮੋਮਬੱਤੀਆਂ ਆਦਿ ਜਲਾਉਂਦੇ ਹਾਂ, ਠੀਕ ਇਸੇ ਪ੍ਰਕਾਰ ਅਸੀਂ ਧਿਆਨ-ਅਭਿਆਸ ‘ਤੇ ਬੈਠੀਏ ਅਤੇ ਆਪਣੇ ਅੰਦਰ ਪ੍ਰਭੂ ਦੀ ਜੋਤੀ ਦੇ ਪ੍ਰਕਾਸ਼ ਦਾ ਅਨੁਭਵ ਕਰੀਏ। ਆਪਣੇ ਧਿਆਨ ਨੂੰ ਅੰਤਰਮੁਖ ਕਰਨ ਦੀ ਇਹ ਵਿਧੀ ਬਹੁਤ ਹੀ ਅਸਾਨ ਹੈ , ਜਿਸ ਵਿੱਚ ਅਸੀਂ ਆਪਣੇ ਸਰੀਰ ਨੂੰ ਸ਼ਾਂਤ ਕਰਕੇ , ਆਪਣਾ ਧਿਆਨ ਦੋ ਅੱਖਾਂ ਦੇ ਮਧ ਵਿੱਚ ‘ਸ਼ਿਵ ਨੇਤਰ’ ਉਪਰ ਇਕਾਗਰ ਕਰਨ ਦੇ ਨਾਲ-ਨਾਲ ਆਪਣੇ ਵਿਚਾਰਾਂ ਨੂੰ ਸਿਮਰਨ ਦੇ ਜ਼ਰੀਏ ਸ਼ਾਂਤ ਕਰਦੇ ਹੋਏ ਆਪਣੇ ਅੰਦਰ ਪ੍ਰਭੂ ਦੀ ਜੋਤੀ ਨੂੰ ਜਲਾਉਂਦੇ ਹਾਂ, ਜਿਸ ਦੁਆਰਾ ਸਾਡੀ ਆਤਮਾ ਅੰਦਰ ਦੇ ਰੂਹਾਨੀ ਮੰਡਲਾਂ ਵਿੱਚ ਸਫ਼ਰ ਕਰਕੇ ਪ੍ਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਆਉ ਦੀਵਾਲੀ ਦੇ ਇਸ ਪਵਿੱਤਰ ਤਿਉਹਾਰ ਨੂੰ ਕੇਵਲ ਬਾਹਰੀ ਰੂਪ ਵਿੱਚ ਰੌਸ਼ਨ ਕਰਕੇ ਅਸੀਂ ਇਸਦਾ ਆਨੰਦ ਨਾ ਉਠਾਈਏ ਬਲਕਿ ਰੋਜ਼ਾਨਾ ਅਸੀਂ ਧਿਆਨ-ਅਭਿਆਸ ਵਿੱਚ ਸਮਾਂ ਦਈਏ ਤਾਂ ਕਿ ਅਸੀਂ ਆਪਣੇ ਅੰਦਰ ਜਲ ਰਹੀ ਪ੍ਰਭੂ ਦੀ ਜੋਤੀ ਦਾ ਅਨੁਭਵ ਕਰੀਏ ਅਤੇ ਰੋਜ਼ਾਨਾ ਦੀਵਾਲੀ ਦੇ ਇਸ ਤਿਉਹਾਰ ਨੂੰ ਆਪਣੇ ਅੰਦਰ ਵਿੱਚ ਮਨਾਈਏ ਅਤੇ ਸਦਾ-ਸਦਾ ਦਾ ਸੁਖਚੈਨ ਅਤੇ ਸ਼ਾਂਤੀ ਨੂੰ ਪਾਈਏ।

Related posts

ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਰਾਤ ਨੂੰ ਪਿਸਤੌਲ ਦੀ ਨੋਕ ਲੁੱਟ ਕਰਨ ਵਾਲੇ ਦੋ ਦੋਸ਼ੀ ਕੀਤੇ ਕਾਬੂ

htvteam

ਆਹ ਖ਼ਬਰ ਨੂੰ ਧਿਆਨ ਨਾਲ ਪੜ੍ਹਿਓ, ਦੇਖੋ ਭਾਰਤ ‘ਚ 17 ਦੇਸ਼ਾਂ ਚੋਂ ਕਿਵੇਂ ਆਈ ਐ ਕਰੋਨਾ ਵਾਇਰਸ ਦੀ ਬਿਮਾਰੀ!

Htv Punjabi

ਮੋਦੀ ਨੇ ਦੁਨੀਆਂ ਦੀ ਸਭ ਤੋਂ ਉੱਚੀ ਟਨਲ ਦਾ ਕੀਤਾ ਉਦਘਾਟਨ, ਤਰੀਕਬਨ 3300 ਕਰੋੜ ਦਾ ਹੋਇਆ ਖਰਚ

htvteam