ਮੋਹਾਲੀ : ਖਰੜ ਥਾਣਾ ਸਿਟੀ ਦੇ ਅਧੀਨ ਪੈਂਦੇ ਗੁਰਦੁਆਰਾ ਅਕਾਲੀ ਦਫਤਰ ਦੇ ਕੋਲ ਕਿਰਾਏ ਦੇ ਘਰ ਵਿੱਚ ਰਹਿਣ ਵਾਲੀ 30 ਸਾਲਾ ਕੁੜੀ ਦੀ ਮੋਬਾਈਲ ਚਾਰਜਰ ਦੀ ਤਾਰ ਨਾਲ ਗਲਾ ਘੋਂਟ ਕੇ ਵੀਰਵਾਰ ਰਾਤ ਹੱਤਿਆ ਕਰ ਦਿੱਤੀ ਗਈ l ਮ੍ਰਿਤਕ ਕੁੜੀ ਦੀ ਪਹਿਚਾਣ ਸੁਖਵਿੰਦਰ ਕੌਰ ਦੇ ਰੂਪ ਵਿੱਚ ਹੋਈ ਹੈ, ਜੋ ਕਿ ਪਿਛਲੇ ਇੱਕ ਮਹੀਨੇ ਤੋਂ ਦੀਪਇੰਦਰ ਨਾਮ ਦੇ ਇਨਸਾਨ ਦੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ l ਸੂਚਨਾ 108 ਨੰਬਰ ‘ਤੇ ਆਈ l
ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਸਿਟੀ ਥਾਣਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਖਰੜ ਸਿਵਿਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਈ l ਮ੍ਰਿਤਕ ਸੁਖਵਿੰਦਰ ਕੌਰ ਪਿੰਡ ਘੜੂਆਂ ਦੀ ਰਹਿਣ ਵਾਲੀ ਸੀ ਜਿਸਦਾ ਸਾਲ 2012 ਵਿੱਚ ਰੋਪੜ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਨਾਲ ਵਿਆਹ ਹੋਇਆ ਸੀ l ਹਰਜਿੰਦਰ ਸਿੰਘ ਰੋਪੜ ਵਿੱਚ ਲੇਬਰ ਦਾ ਕੰਮ ਕਰਦਾ ਹੈ l ਸੁਖਵਿੰਦਰ ਕੌਰ ਆਪਣੇ ਪਤੀ ਹਰਜਿੰਦਰ ਨੂੰ ਛੱਡ ਕੇ ਪਿਛਲੇ ਇੱਕ ਮਹੀਨੇ ਤੋਂ ਦੀਪਇੰਦਰ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਖਰੜ ਵਿੱਚ ਰਹਿ ਰਹੀ ਸੀ l
ਜਾਣਕਾਰੀ ਅਨੁਸਾਰ ਦੀਪਇੰਦਰ ਜਦੋਂ ਦੇਰ ਸ਼ਾਮ ਘਰ ਪਹੁੰਚਿਆ ਤਾਂ ਉਸ ਨੇ ਸੁਖਵਿੰਦਰ ਕੌਰ ਦੀ ਲਾਸ਼ ਬੈਡ ‘ਤੇ ਪਈ ਦੇਖੀ, ਜਿਸ ਦਾ ਗਲਾ ਘੋਟ ਕੇ ਕਤਲ ਕੀਤਾ ਹੋਇਆ ਸੀ l ਲਾਸ਼ ਦੇਖਕੇ ਉਹ ਉੱਥੇ ਤੋਂ ਭੱਜ ਗਿਆ ਅਤੇ ਬਾਹਰ ਜਾ ਕੇ 108 ਨੰਬਰ ਐਂਬੂਲੈਂਸ ਨੂੰ ਕਾਲ ਕਰਕੇ ਦੱਸਿਆ ਕਿ ਇੱਕ ਔਰਤ ਘਰ ਵਿੱਚ ਬੇਸੁਧ ਪਈ ਹੈ, ਜਿਸ ਨੂੰ ਐਂਬੂਲੈਂਸ ਦੀ ਲੋੜ ਹੈ l ਜਦ ਐਂਬੂਲੈਂਸ ਦੱਸੇ ਹੋਏ ਐਡਰੈਸ ‘ਤੇ ਪਹੁੰਚੀ ਤਾਂ ਉਨ੍ਹਾਂ ਨੇ ਸੁਖਵਿੰਦਰ ਕੌਰ ਨੂੰ ਮ੍ਰਿਤਕ ਦੱਸਿਆ l ਜਿਨ੍ਹਾਂ ਨੇ ਥਾਣਾ ਖਰੜ ਸਿਟੀ ਪੁਲਿਸ ਨੂੰ ਸੂਚਨਾ ਦਿੱਤੀ l ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ l
ਐਸਐਚਓ ਥਾਣਾ ਸਿਟੀ ਖਰੜ ਭਗਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕਾ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਹੈ l ਫਿਲਹਾਲ ਮਾਮਲੇ ਵਿੱਚ ਅਣਪਛਾਤੇ ਵਿਅਕਤੀ ਦੇ ਖਿਲਾਫ 302 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ l ਥਾਣਾ ਮੁਖੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪਤੀ ਹਰਜਿੰਦਰ ਸਿੰਘ ਅਤੇ ਲਿਵ ਇਨ ਵਿੱਚ ਰਹਿਣ ਵਾਲੇ ਦੀਪਇੰਦਰ ਸਿੰਘ ਤੋਂ ਪੁੱਛਗਿਛ ਕੀਤੀ ਜਾਵੇਗੀ l