– ਵੱਖ—ਵੱਖ ਰੰਗ ਵਖੇਰਦਾ ਪੰਜਾਬੀ ਯੂਨੀਵਰਸਿਟੀ ਵਿਗਿਆਨ ਉਤਸਵ ਸਫ਼ਲਤਾਪੂਰਵਕ ਸੰਪੰਨ
ਵਿਗਿਆਨ ਦਿਵਸ ਮੌਕੇ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ 22 ਫਰਵਰੀ ਤੋਂ ਚੱਲ ਰਹੇ ਵਿਗਿਆਨ ਸਪਤਾਹ ਉਤਸਵ ਦਾ ਅੱਜ ਮਿਤੀ 28 ਫ਼ਰਵਰੀ, 2022 ਨੂੰ ਸਮਾਪਤੀ ਹੋ ਗਈ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਪ੍ਰੋ ਅਰਵਿੰਦ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਨੇ ਕੀਤੀ ਅਤੇ ਉਨ੍ਹਾਂ ਨੇ ਕੁਆਂਟਮ ਕੰਪਿਊਟਿੰਗ ਵਿਸ਼ੇ ਤੇ ਮੁੱਖ ਲੈਕਚਰ ਦਿੱਤਾ। ਉਨ੍ਹਾਂ ਨੇ ਵਿਗਿਆਨ ਦੀ ਫਿ਼ਲਾਸਫੀ ਅਤੇ ਇਸਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਬਾਖੂਬੀ ਜਵਾਬ ਵੀ ਦਿੱਤੇ। ਵਿਗਿਆਨ ਸਪਤਾਹ ਉਤਸਵ ਦੇ ਅੱਜ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਡਾ. ਨੀਲਮ ਜੇਰਥ ਡਾਇਰੈਕਟਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਸਨ ।

ਇਨ੍ਹਾਂ ਨੇ ਆਪਣੇ ਵਿਦਾਇਗੀ ਭਾਸ਼ਣ ਵਿੱਚ ਅਜਿਹੇ ਮੇਲਿਆਂ ਰਾਹੀਂ ਵਿਗਿਆਨ ਦਾ ਪ੍ਰਸਾਰ ਕਰਨ ਤੇ ਜੋਰ ਦਿੱਤਾ ਤਾਂ ਕਿ ਹਰ ਵਿਅਕਤੀ ਆਪਣੇ ਰੋਜਾਨਾਂ ਜੀਵਨ ਵਿੱਚ ਹੋ ਰਹੀਆਂ ਘਟਨਾਵਾਂ ਨੂੰ ਵਿਗਿਆਨ ਨਾਲ ਜੋੜ ਸਕੇ। ਇਸ ਮੌਕੇ ਤੇ ਵਿਗਿਆਨ ਸਪਤਾਹ ਉਤਸਵ ਦੌਰਾਨ ਕਰਵਾਏ ਗਏ ਵੱਖ—ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਪ੍ਰੋ. ਏ.ਕੇ. ਤਿਵਾੜੀ, ਡੀਨ, ਰਿਸਰਚ ਆਏ ਹੋਏ ਮਹਿਮਾਨਾਂ ਨੂੰ ਸਵਾਗਤੀ ਸ਼ਬਦ ਕਹੇ। ਵਿਗਿਆਨ ਸਪਤਾਹ ਉਤਸਵ ਦੇ ਕਨਵੀਨਰ ਡਾ.ਬੀ.ਐਸ.ਸੂਚ, ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਨੇ ਵਿਗਿਆਨ ਸਪਤਾਹ ਉਤਸਵ ਦੌਰਾਨ ਕੀਤੇ ਗਏ ਕਾਰਜਾਂ, ਭਾਸ਼ਣਾਂ, ਪ੍ਰਦਰਸ਼ਨੀਆਂ, ਮੁਕਾਬਲਿਆਂ ਅਤੇ ਵੱਖ—ਵੱਖ ਗਤੀਵਿਧੀਆਂ ਦੀ ਵਿਸਤਰਤ ਰਿਪੋਰਟ ਪ੍ਰਸਤੁਤ ਕਰਦਿਆਂ ਦੱਸਿਆ ਕਿ ਇਹ ਸੱਤ ਰੋਜਾ ਵਿਗਿਆਨ ਮੇਲਾ ਪੂਰੀ ਤਰ੍ਹਾਂ ਨਾਲ ਸਫ਼ਲ ਰਿਹਾ ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ 10000 ਤੋ ਵੀ ਵੱਧ ਵੱਖ—ਵੱਖ ਕਾਲਜਾਂ, ਸਕਲਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਆਮ ਲੋਕਾਂ ਨੇ ਵੀ ਮੇਲੇ ਦਾ ਦੌਰਾ ਕੀਤਾ। ਸਮਾਪਤੀ ਸਮਾਰੋਹ ਦੇ ਅੰਤ ਵਿੱਚ ਡਾ. ਰੰਜੀਤਾ ਬਾਹਰੀ ਨੇ ਧੰਨਵਾਦ ਮਤਾ ਪੇਸ਼ ਕੀਤਾ।

