ਫਾਜਿ਼ਲਕਾ : ਪੰਜਾਬ ਵਿੱਚ ਕਰਫਿਊ ਦੇ ਕਾਰਨ ਬੱਸਾਂ ਅਤੇ ਟਰੇਨਾਂ ਦੀ ਆਵਾਜਾਈ ਬੰਦ ਹੈ।ਅਜਿਹੇ ਵਿੱਚ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਫਾਜਿ਼ਲਕਾ ਜਿ਼ਲੇ ਦਾ ਰਹਿਣ ਵਾਲਾ 72 ਸਾਲ ਦਾ ਇੱਕ ਗ੍ਰੰਥੀ ਰਾਤ ਭਰ ਖੁਜਲੀ ਨਾਲ ਪਰੇਸ਼ਾਨ ਰਿਹਾ।ਐਤਵਾਰ ਸਵੇਰੇ ਜਦੋਂ ਕੋਈ ਗੱਡੀ ਨਾ ਮਿਲੀ ਤਾਂ ਦਵਾਈ ਲੈਣ ਦੇ ਲਈ ਉਹ ਸਾਈਕਲ ਤੇ ਹੀ ਚੱਲ ਪਿਆ ਅਤੇ ਸਿਰਫ 90 ਮਿੰਟ ਵਿੱਚ 36 ਕਿਲੋਮੀਟਰ ਦਾ ਸਫਰ ਤੈਅ ਕਰਕੇ ਮੈਡੀਕਲ ਸਟੋਰ ਪਹੁੰਚਿਆ।ਮੁਨਸ਼ੀਰਾਮ ਨਾਮ ਦਾ ਇਹ ਬਜ਼ੁਰਗ ਪਿੰਡ ਚੱਕ ਪੰਨੀਵਾਲਾ ਦਾ ਰਹਿਣ ਵਾਲਾ ਹੈ।ਗੁਰਦੁਆਰੇ ਵਿੱਚ ਗ੍ਰੰਥੀ ਦੇ ਰੂਪ ਵਿੱਚ ਸੇਵਾ ਨਿਭਾ ਰਹੇ ਮੁਨਸ਼ੀਰਾਮ ਨੂੰ ਪਿਛਲੇ ਕਰੀਬ ਇੱਕ ਮਹੀਨੇ ਤੋਂ ਫੰਗਲ ਇਨਫੈਕਸ਼ਨ ਅਤੇ ਸਕੈਬੀਜ ਦੀ ਸਿ਼ਕਾਇਤ ਹੈ।ਜਿਸ ਕਾਰਨ ਉਸ ਦੀ ਦਵਾਈਆਂ ਖਤਮ ਹੋ ਗਈਆਂ ਸਨ ਅਤੇ ਉਹ ਖੁਜਲੀ ਕਾਰਨ ਪਰੇਸ਼ਾਨ ਸੀ।
ਮੁਨਸ਼ੀਰਾਮ ਨੇ ਕਿਹਾ ਕਿ 10ਵੀਂ ਜਮਾਤ ਤੋਂ ਬਾਅਦ ਨੌਜਵਾਨ ਹਾਲਤ ਵਿੱਚ ਹੀ ਉਨ੍ਹਾਂ ਨੇ ਅੰਮ੍ਰਿਤ ਛੱਕ ਲਿਆ ਸੀ।ਇਸ ਦੇ ਬਾਅਦ ਪਿਛਲੇ ਕਰੀਬ 52 ਸਾਲ ਤੋਂ ਗ੍ਰੰਥੀ ਦੇ ਰੂਪ ਵਿੱਚ ਜਲਾਲਾਬਾਦ ਸ਼ਹਿਰ ਦੇ ਇਲਾਵਾ ਦੂਰ ਦੂਰਾਡੇ ਖੇਤਰਾਂ ਵਿੱਚ ਸੇਵਾਵਾਂ ਦੇ ਰਹੇ ਹਨ।ਉਹ ਸਿਰਫ ਦੁੱਧ, ਦਹੀਂ ਅਤੇ ਸਾਧਾਰਣ ਰੋਟੀ, ਸਬਜ਼ੀ ਹੀ ਖਾਂਦੇ ਹਨ।ਇਹੀ ਵਜ੍ਹਾ ਹੈ ਕਿ ਅੱਜ ਵੀ ਨੌਜਵਾਨਾਂ ਜਿਹਾ ਹੌਂਸਲਾ ਹੈ।ਮੁਨਸ਼ੀ ਰਾਮ ਦਾ ਕਹਿਣਾ ਹੈ ਕਿ ਪੜਾਈ ਦੇ ਦਿਨਾਂ ਵਿੱਚ ਵੀ ਉਹ ਰੋਜ਼ ਸਾਈਕਲ ਤੇ ਹੀ 36 ਕਿਲੋਮੀਟਰ ਦੂਰ ਫਾਜਿ਼ਲਕਾ ਦੇ ਐਮਆਰ ਕਾਲਜ ਵਿੱਚ ਆਉਂਦੇ ਸਨ।
