ਵਾਸਿ਼ੰਗਟਨ : ਜਿੱਥੇ ਇੱਕ ਪਾਸੇ ਦੁਨੀਆਂ ਦੇ ਲਗਭਗ ਸਾਰੇ ਹੀ ਦੇਸ਼ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਤਾਲਾਬੰਦੀ ਕਾਰਨ ਆਰਥਿਕ ਮੰਦੀ, ਭੁੱਖਮਰੀ ਤੇ ਬਰਬਾਦੀ ਦੀ ਬਾਹ ਤੇ ਤੁਰ ਪਏ ਹਨ, ਉੱਥੇ ਦੂਜੇ ਪਾਸੇ ਵਿਸ਼ਵ ਮਹਾਂਸ਼ਕਤੀ ਮੰਨੇ ਜਾਣ ਵਾਲੇ ਅਮਰੀਕਾ ਦੇਸ਼ ਨੇ ਕੋਰੋਨਾ ਮਹਾਂਮਾਰੀ ਫੈਲਣ ਦੀਆਂ ਜੜ੍ਹਾਂ ਫਰੋਲਣੀਆਂ ਸ਼ੁਰੂ ਕਰ ਦਿੱਤੀਆਂ ਹਨ।ਇਸ ਦੌਰਾਨ ਅਮਰੀਕੀ ਸੂਹੀਆ ਏਜੰਸੀਆਂ ਨੇ ਸਰਕਾਰ ਨੂੰ ਇਹ ਰਿਪੋਰਟ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਫੜੇ ਗਏ ਕੁਝ ਅੰਕੜਿਆਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਦਸੰਬਰ 2019 ਤੋਂ 2020 ਦੇ ਮਾਰਚ ਮਹੀਨੇ ਤੱਕ ਚੀਨ ਅੰਦਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ 2 ਕਰੋੜ 10 ਲੱਖ ਲੋਕ ਮਾਰੇ ਗਏ ਤੇ ਅਮਰੀਕੀ ਸੂਹੀਆ ਏਜੰਸੀ ਅਨੁਸਾਰ ਜਾਂ ਤਾਂ ਚੀਨ ਨੇ ਸ਼ੁਰੂਆਤੀ ਦੌਰ ‘ਚ ਇਸ ਨੂੰ ਬੜਾ ਸਹਿਜ ਲਿਆ ਤੇ ਜਾਂ ਫੇਰ ਕਿਤੇ ਨਾ ਕਿਤੇ ਕੁਝ ਹੋਰ ਗੜਬੜ ਹੈ।ਉਤੋਂ ਚੀਨ ਵੱਲੋਂ ਉੱਥੇ ਹੋਈਆਂ ਮੌਤਾਂ ਸੰਬੰਧੀ ਜਿਹੜਾ ਅੰਕੜਾ ਵਿਸ਼ਵ ਭਾਈਚਾਰੇ ਨੂੰ ਜਾਰੀ ਕੀਤਾ ਗਿਆ, ਉਸ ਵਿੱਚ ਵੀ ਬਹੁਤ ਕੁਝ ਛੁਪਾ ਲਿਆ ਗਿਆ ਤੇ ਇੱਥੋਂ ਤੱਕ ਕਿ ਵਿਦੇਸ਼ੀ ਪੱਤਰਕਾਰਾਂ ਤੇ ਮੀਡੀਆ ਨੂੰ ਉੱਥੋਂ ਰਿਪੋਰਟਿੰਗ ਕਰਨ ਦੀ ਇਜ਼ਾਜ਼ਤ ਤਾਂ ਕੀ ਦੇਣੀ ਸੀ ਉੱਥੋਂ ਬਾਹਰ ਕੱਢ ਦਿੱਤਾ ਗਿਆ।ਅਮਰੀਕੀ ਏਜੰਸੀਆਂ ਵੱਲੋਂ ਦਿੱਤੀ ਗਈ ਰਿਪੋਰਟ ਤੋਂ ਬਾਅਦ ਰਾਸ਼ਟਰਪਤੀ ਟਰੰਪ ਇੰਨੇ ਜਿ਼ਆਦਾ ਨਾਰਾਜ਼ ਹੋ ਗਏ ਹਨ ਕਿ ਉਨ੍ਹਾਂ ਨੇ ਚੀਨ ਨੂੰ ਨਾ ਸਿਰਫ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ ਬਲਕਿ ਕਿਹਾ ਹੈ ਕਿ ਅਮਰੀਕੀ ਨਾਗਰਿਕਾਂ ਦੀ ਮੌਤ ਦਾ ਬਦਲਾ ਲਿਆ ਜਾਵੇਗਾ।
ਦੱਸ ਦਈਏ ਕਿ ਲੰਘੀ ਮਾਰਚ 19 ਨੂੰ ਚੀਨ ਵੱਲੋਂ ਇਹ ਕਿਹਾ ਗਿਆ ਸੀ ਕਿ ਮਹਾਂਮਾਰੀ ਦੇ 3 ਮਹੀਨਿਆਂ ਦੋਰਾਨ ਉਨ੍ਹਾਂ ਦੇ ਦੇਸ਼ ‘ਚੋਂ ਜਿੱਥੇ 3 ਕਰੋੜ 10 ਲੱਖ ਮੋਬਾਈਲ ਸਿਮ ਬੰਦ ਹੋ ਗਏ ਹਨ ਜਾਂ ਗਾਇਬ ਹੋ ਗਏ ਹਨ, ਉੱਥੇ 8 ਲੱਖ 40 ਹਜ਼ਾਰ ਲੈਂਡ ਫੋਨ ਵੀ ਕੰਮ ਨਹੀਂ ਕਰ ਰਹੇ ਤੇ ਇਹ ਅੰਕੜੇ ਚੀਨ ਦੀਆਂ ਵਾਇਰਲੈਸ ਕੰਪਨੀਆਂ ਵੱਲੋਂ ਜਾਰੀ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ।ਉਸ ਵੇਲੇ ਤੋਂ ਲੈ ਕੇ ਹੁਣ ਤੱਕ ਦੁਨੀਆਂ ਭਰ ਦੇ ਲੋਕਾਂ ਵੱਲੋਂ ਇਹ ਕਿਆਸ ਲਾਏ ਜਾ ਰਹੇ ਹਨ ਕਿ ਜਿਹੜੇ ਮੋਬਾਈਲ ਸਿਮ ਤੇ ਲੈਂਡਫੋਨ ਬੰਦ ਹੋਏ ਹਨ।ਉਹ ਉਨ੍ਹਾਂ ਲੋਕਾਂ ਦੇ ਹੋ ਸਕਦੇ ਹਨ ਜਿਹੜੇ ਕੋਰੋਨਾ ਮਹਾਂਮਾਰੀ ਦੌਰਾਨ ਮਾਰੇ ਗਏ ਹਨ ਜਾਂ ਇਲਾਜ ਅਧੀਨ ਰਹੇ ਹਨ।ਜਦ ਕਿ ਦੂਜੇ ਪਾਸੇ ਇਹ ਦੋਸ਼ ਵੀ ਲੱਗ ਰਹੇ ਹਨ ਕਿ ਚੀਨ ਨੇ ਸਿਰਫ 330 ਮੌਤਾਂ ਤੇ 81000 ਤੋਂ ਵੱਧ ਪ੍ਰਭਾਵਿਤ ਹੋਏ ਲੋਕਾਂ ਦੀ ਜਿਹੜੀ ਜਾਣਕਾਰੀ ਦਿੱਤੀ ਹੈ, ਉਹ ਸਹੀ ਨਹੀਂ ਹੈ।
ਇੱਧਰ ਦੂਜੇ ਪਾਸੇ ਜਿਓਂ ਹੀ ਅਮਰੀਕੀ ਸੂਹੀਆ ਏਜੰਸੀਆਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੀਨ ਸੰਬੰਧੀ ਰਿਪੋਰਟ ਸੌਂਪੀ ਤਾਂ ਉਹ ਇਹ ਦੇਖ ਕੇ ਇੱਕਦਮ ਭੜਕ ਗਏ ਤੇ ਮੀਡੀਆ ਰਿਪੋਰਆਂ ਅਨੁਸਾਰ ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇ ਕੋਰੋਨਾ ਮਹਾਂਮਾਰੀ ਨੂੰ ਫੈਲਾਉਣ ਦਾ ਜਿ਼ੰਮੇਵਾਰ ਚੀਨ ਨੂੰ ਪਾਇਆ ਗਿਆ ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।ਟਰੰਪ ਨੇ ਕਿਹਾ ਕਿ ਅਮਰੀਕਾ ਆਪਣੇ ਇੱਕ ਇੱਕ ਨਾਗਰਿਕ ਦੀ ਕੋਰੋਨਾ ਨਾਲ ਹੋਈ ਮੌਤ ਦਾ ਚੀਨ ਕੋਲੋਂ ਬਦਲਾ ਲਵੇਗਾ।ਟਰੰਪ ਨੇ ਦੋਸ਼ ਲਾਇਆ ਹੈ ਕਿ ਚੀਨ ਨੇ ਆਪਣੀਆਂ ਮੌਤਾਂ ਦਾ ਅੰਕੜਾ ਛਿਪਾ ਕੇ ਧੋਖਾ ਕੀਤਾ ਹੈ ਕਿਉਂਕਿ ਜੇਕਰ ਸ਼ੁਰੂ ਵਿੱਚ ਹੀ ਉਹ ਇਹ ਜਾਣਕਾਰੀ ਵਿਸ਼ਵ ਭਾਈਚਾਰੇ ਨਾਲ ਸਾਂਝੀ ਕਰ ਦਿੰਦਾ, ਤਾਂ ਅੱਜ ਹਾਲਾਤ ਉਹ ਨਾ ਹੁੰਦੇ ਜੋ ਹੁਣ ਹਨ।ਉਨ੍ਹਾਂ ਕਿਹਾ ਕਿ ਚੀਨ ਦੇ ਇਸ ਕਦਮ ਨਾਲ ਅਮਰੀਕਾ ਦੇ ਉਨ੍ਹਾਂ ਨਾਲ ਸੰਬੰਧ ਹੁਣ ਚੰਗੇ ਨਹੀਂ ਰਹੇ ਕਿਉਂਕਿ ਉਹ ਚੀਨ ਨਾਲ ਬਹੁਤ ਜਿ਼ਆਦਾ ਨਰਾਜ਼ ਹਨ।
