ਡੇਰਾ ਬਾਬਾ ਨਾਨਕ (ਸਚਿਨ) : ਬੀਤੇ ਦਿਨੀਂ ਡੇਰਾ ਬਾਬਾ ਨਾਨਕ ਵਿੱਚ ਹੋਈ 8 ਸਾਲ ਦੇ ਮਾਸੂਮ ਬੱਚੇ ਦੀ ਹੱਤਿਆ ਨੇ ਜਿੱਥੇ ਲੋਕਾਂ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ, ਉੱਥੇ ਪੁਲਿਸ ਨੇ ਇਸ ਮਾਮਲੇ ਦੇ ਮੁਲਜ਼ਮਾਂ ਨੂੰ ਸ਼ਨੀਵਾਰ ਨੂੰ ਗਿਰਫ਼ਤਾਰ ਕਰ ਲਿਆ ਹੈ l ਪੁਲਿਸ ਨੇ ਇਸ ਕਤਲ ਦੇ ਮਾਮਲੇ ਵਿੱਚ ਇੱਕ ਔਰਤ,ਉਸਦੇ ਨਾਬਾਲਿਗ ਮੁੰਡੇ ਅਤੇ ਪਿੰਡ ਸਿੰਘਪੁਰਾ ਦੇ ਚਰਚ ਦੇ ਪਾਦਰੀ ਨੂੰ ਗਿਰਫ਼ਤਾਰ ਕਰ ਲਿਆ ਹੈ l ਜਾਂਚ ਤੋਂ ਬਾਅਦ ਪੁਲਿਸ ਨੇ ਇਸ ਕਤਲ ਦੇ ਮਾਮਲੇ ਵਿੱਚ ਮੁਲਜ਼ਮਾਂ ਖਿਲਾਫ ਦਰਜ ਕੀਤੇ ਕੇਸ ਦੀਆਂ ਧਾਰਾਵਾਂ ਵਿੱਚ ਵਾਧਾ ਕਰਦੇ ਹੋਏ ਪੋਕਸੋ ਐਕਟ ਵੀ ਲਾ ਦਿੱਤਾ ਹੈ ।
ਦੱਸ ਦਈਏ ਕਿ ਤੀਸਰੀ ਜਮਾਤ ਵਿੱਚ ਪੜ੍ਹਨ ਵਾਲਾ 8 ਸਾਲ ਦਾ ਮੁੰਡਾ 2 ਦਸੰਬਰ ਨੂੰ ਗਾਇਬ ਹੋ ਗਿਆ ਸੀ l ਜਿਸ ਤੋਂ ਬਾਅਦ 4 ਦਸੰਬਰ ਨੂੰ ਉਸਦਾ ਮ੍ਰਿਤਕ ਸਰੀਰ ਪਿੰਡ ਦੇ ਸਕੂਲ ਦੇ ਗਰਾਊਂਡ ਵਿੱਚੋਂ ਮਿਲਿਆ ਸੀ l ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਨੌਵੀਂ ਜਮਾਤ ਵਿੱਚ ਪੜਨ ਵਾਲੇ ਨਾਬਾਲਿਗ ਮੁੰਡੇ ਨੇ 8 ਸਾਲ ਦੇ ਬੱਚੇ ਨਾਲ ਜਦੋਂ ਦੁਸ਼ਕਰਮ ਕੀਤਾ ਤਾਂ ਇਹ ਸਭ ਕਰਦੇ ਹੋਏ ਉਸਦੀ ਮਾਂ ਨੇ ਉਸਨੂੰ ਵੇਖ ਲਿਆ l ਦੋਸ਼ ਹੈ ਕਿ ਇਸ ਤੋਂ ਬਾਅਦ ਉਸ ਮਾਂ ਨੇ ਸੋਚਿਆ ਕਿ ਜੇਕਰ ਇਹ ਬੱਚਾ ਬਾਹਰ ਜਾ ਕੇ ੳਸਦੇ ਮੁੰਡੇ ਦੀ ਕੀਤੀ ਗਈ ਇਸ ਹਰਕਤ ਬਾਰੇ ਦੱਸੇਗਾ ਤਾਂ ਉਸਦੇ ਬੱਚੇ ਦੀ ਤੇ ਉਸਦੀ ਬਦਨਾਮੀ ਹੋਵੇਗੀ l ਇਸ ਬਦਨਾਮੀ ਤੋਂ ਬਚਣ ਅਤੇ ਮਮਤਾ ਵਿੱਚ ਅੰਨ੍ਹੀ ਹੋਈ ਔਰਤ ਨੇ ਆਪਣੇ ਮੁੰਡੇ ਨੂੰ ਬਚਾਉਣ ਲਈ ਉਸ ਮਾਸੂਮ ਬੱਚੇ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ l
ਪੁਲਿਸ ਅਨੁਸਾਰ ਕਤਲ ਕਰਨ ਤੋਂ ਬਾਅਦ ਔਰਤ ਨੇ ਬੱਚੇ ਦੀ ਲਾਸ਼ ਨੂੰ ਇੱਕ ਦਿਨ ਪੇਟੀ ਵਿੱਚ ਲੁਕਾ ਕੇ ਰੱਖਿਆ l ਪਰ ਜਦੋਂ ਪੁਲਿਸ ਮਾਮਲੇ ਦੀ ਜਾਂਚ ਕਰਨ ਲੱਗੀ ਤਦ ਉਸ ਔਰਤ ਨੇ ਪਿੰਡ ਦੇ ਗਿਰਜਾਘਰ ਦੇ ਪਾਦਰੀ ਨੂੰ ਬਲੈਕਮੇਲ ਕੀਤਾ ਕਿ ਉਹ ਲਾਸ਼ ਨੂੰ ਖੁਰਦ ਬੁਰਦ ਕਰਨ ਵਿੱਚ ਉਸਦੀ ਮਦਦ ਕਰੇ, ਨਹੀਂ ਤਾਂ ਉਹ ਬੱਚੇ ਦੇ ਕਤਲ ਦਾ ਇਲਜ਼ਾਮ ਉਸ ਤੇ ਲਗਾ ਦੇਵੇਗੀ l ਜਿਸ ਤੋਂ ਬਾਅਦ ਪਾਦਰੀ ਵਿਜੈ ਕੁਮਾਰ ਨੇ ਡਰ ਦੇ ਮਾਰੇ 4ਦਸੰਬਰ ਦੀ ਰਾਤ ਨੂੰ ਆਪਣੀ ਮੋਟਰਸਾਈਕਲ ਤੇ ਔਰਤ ਨੂੰ ਬਿਠਾ ਕੇ ਸਕੂਲ ਦੇ ਗਰਾਊਂਡ ਵਿੱਚ ਲਾਸ਼ ਨੂੰ ਸੁੱਟ ਦਿੱਤਾ l ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਗਿਰਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ,ਅਤੇ ਨਾਬਾਲਿਗ ਮੁੰਡੇ ਨੂੰ ਹੁਸ਼ਿਆਰਪੁਰ ਜੇਲ ਭੇਜ ਦਿੱਤਾ ਗਿਆ ਹੈ l