ਲੁਧਿਆਣਾ : ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫ਼ੋਟੇ ‘ਤੇ ਕਥਿਤ ਇਤਰਾਸਜ਼ਯੋਗ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ‘ਤੇ ਐਫ਼ਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ l ਇਸਦੇ ਨਾਲ ਹੀ ਰੰਧਾਵਾ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਅਤੇ ਇਸ ਮਾਮਲੇ ਵਿੱਚ ਹਾਈਕੋਰਟ ਦੇ ਜੱਜ ਵੱਲੋਂ ਜਾਂਜ ਕਰਨ ਦੀ ਵੀ ਮੰਗ ਕੀਤੀ ਹੈ l ਮਜੀਠੀਆ ਨੇ ਕਿਹਾ ਕਿ ਇੱਕ ਪਾਸੇ ਸਾਰਾ ਪੰਜਾਬ ਇਸ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਨਮਦਿਨ ਮਨਾ ਰਿਹਾ ਹੈ, ਉੱਥੇ ਕਾਂਗਰਸੀ ਮੰਤਰੀ ਰੰਧਾਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫ਼ੋਟੋ ‘ਤੇ ਗਲਤ ਟਿੱਪਣੀ ਕਰਨ ਵਿੱਚ ਲੱਗੇ ਹੋਏ ਹਨ l ਮਜੀਠੀਆ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਰੰਧਾਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫ਼ੋਟੋ ਦੇ ਨਾਲ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜੋੜ ਕੇ ਭੱਦਾ ਮਜ਼ਾਕ ਕਰ ਰਹੇ ਸਨ, ਉਹ ਬਹੁਤ ਹੀ ਨਿੰਦਣਯੋਗ ਹੈ ਅਤੇ ਉਨ੍ਹਾਂ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ l ਜਿਸ ਕਾਰਨ ਕੈਪਟਨ ਸਰਕਾਰ ਨੂੰ ਰੰਧਾਵਾ ਦੇ ਖਿਲਾਫ਼ ਮਾਮਲਾ ਦਰਜ ਕਰਨਾ ਚਾਹੀਦਾ ਹੈ l
ਇੰਸ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਦੁਖ ਹੈ ਕਿ ਕੈਪਟਨ ਸਰਕਾਰ ਨੇ ਹੁਣ ਤੱਕ ਇਸ ਗੰਭੀਰ ਮਾਮਲੇ ‘ਤੇ ਕੋਈ ਵੀ ਐਕਸ਼ਨ ਨਹੀਂ ਲਿਆ l ਚੀਮਾ ਨੇ ਕਿਹਾ ਕਿ ਸ਼ਨੀਵਾਰ ਤੋਂ ਰੰਧਾਵਾ ਦੀ ਭੱਦੀ ਸ਼ਬਦਾਵਲੀ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ, ਪਰ ਸਰਕਾਰ ਨੇ ਨਾ ਤਾਂ ਇਸ ਮਾਮਲੇ ਵਿੱਚ ਕੋਈ ਨੋਟਿਸ ਕੱਢਿਆ ਤੇ ਨਾ ਹੀ ਕੋਈ ਐਕਸ਼ਨ ਲਿਆ ਹੈ l ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਰੰਧਾਵਾ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਸ ਤੋਂ ਬਾਅਦ ਜਨਤਾ ਹੀ ਉਨ੍ਹਾਂ ਨੂੰ ਇਸਦਾ ਜਵਾਬ ਦੇਵੇਗੀ।
