ਵਾਸਿ਼ੰਗਟਨ : ਕੋਰੋਨਾ ਮਹਾਂਮਾਰੀ ਨੇ ਜਿੱਥੇ ਦੁਨੀਆਂ ਭਰ ਦੇ ਲਗਭਗ ਸਾਰੇ ਹੀ ਦੇਸ਼ਾਂ ਨੂੰ ਆਪਣੀ ਚਪੇਟ ਵਿੱਚ ਲੈ ਰੱਖਿਆ ਹੈ, ਉੱਥੇ ਅੱਜ ਅਮਰੀਕਾ ਦੁਨੀਆਂ ਦੇ ਉਨ੍ਹਾਂ ਚੋਟੀ ਦੇ ਦੇਸ਼ਾਂ ਵਿੱਚ ਸ਼ਾਮਿਲ ਹੈ, ਜਿਸ ਦੇਸ਼ ਦਾ ਕੋਰੋਨਾ ਵਾਇਰਸ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ।ਮੌਜੂਦਾ ਸਮੇਂ ਅਮਰੀਕਾ ‘ਚ 7 ਲੱਖ 36 ਹਜ਼ਾਰ 836 ਮਾਮਲੇ ਸਾਹਮਣੇ ਆਏ ਨੇ, ਜਿਨ੍ਹਾਂ ਵਿਚੋਂ 40ਹਜ਼ਾਰ 555 ਵਿਅਕਤੀਆਂ ਨੂੰ ਕੋਰੋਨਾ ਨਾਂ ਦਾ ਇਹ ਮਹਾਂਮਾਰੀ ਰਾਕਸ਼ਸ਼ ਨਿਗਲ ਗਿਆ ਹੈ।ਇਹ ਸਾਰੇ ਹਾਲਾਤ ਦੇਖ ਕੇ ਅੱਜ ਦੁਨੀਆਂ ਵਿੱਚ ਇਹ ਸਵਾਲ ਉੱਠਣੇ ਲਾਜ਼ਮੀ ਹਨ ਕਿ ਅਮਰੀਕਾ ਵਰਗਾ ਸ਼ਕਤੀਸ਼ਾਲੀ ਤੇ ਆਪਣੇ ਆਪ ਨੂੰ ਵਿਸ਼ਵ ਦਾ ਥਾਣੇਦਾਰ ਮੰਨਣ ਵਾਲਾ ਦੇਸ਼ ਇਸ ਬੀਮਾਰੀ ਦੀ ਚਪੇਟ ਵਿੱਚ ਸਭ ਤੋਂ ਵੱਧ ਕਿਵੇਂ ਆ ਗਿਆ।ਕੀ ਉਸ ਕੋਲ ਤਕਨੀਕ ਦੀ ਕਮੀ ਸੀ, ਕੀ ਪੈਸੇ ਦੀ ਕਮੀ ਸੀ, ਕੀ ਉੱਥੋਂ ਦੇ ਲੋਕ ਢੀਠ ਹਨ ਕਿ ਪ੍ਰਸ਼ਾਸ਼ਨ ਦੀ ਗੱਲ ਨਹੀਂ ਮੰਨਦੇ ਜਾਂ ਫੇਰ ਏਸ ਦੇ ਪਿੱਛੇ ਦਾ ਕੋਈ ਅਜਿਹਾ ਰਾਜ਼ ਹੈ ਜਿਸ ਦਾ ਸਿੱਧਾ ਨਾਤਾ ਅਮਰੀਕੀ ਸੱਤਾਧਾਰੀਆਂ ਦੇ ਨਾਲ ਜੁੜਦਾ ਹੈ, ਜਿਨ੍ਹਾਂ ਨੇ ਇਸ ਮਹਾਂਮਾਰੀ ਸੰਬੰਧੀ ਆਪਣੇ ਦੇਸ਼ਵਾਸੀਆਂ ਨੂੰ ਬਚਾਉਣ ਲਈ ਸਮਾਂ ਰਹਿੰਦਿਆਂ ਕੋਈ ਸਹੀ ਫੈਸਲਾ ਨਹੀਂ ਲਿਆ।ਇਨ੍ਹਾਂ ਸਾਰੇ ਸਵਾਲਾਂ ਦਾ ਜਦੋਂ ਹੱਲ ਤਲਾਸ਼ਣ ਦੀ ਕੋਸਿ਼ਸ਼ ਕੀਤੀ ਗਈ ਤਾਂ ਉਸ ਤਲਾਸ਼ ਦੇ ਕੁਝ ਹੈਰਾਨੀਜਨਕ ਨਤੀਜੇ ਸਾਹਮਣੇ ਆਏ।ਕਕੁਝ ਅਜਿਹੇ ਨਤੀਜੇ ਜਿਸ ਵਿੱਚ ਸਿੱਧਾਂ ਸਿੱਧਾ ਕਸੂਰਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਠਹਿਰਾਇਆ ਜਾ ਰਿਹਾ ਸੀ।ਆਖਰ ਕੀ ਨੇ ਉਸ ਨਤੀਜੇ ਆਓ ਦੇਖਦੇ ਹਾਂ।
ਇਹ ਜਾਣਨ ਲਈ ਆਪਾਂ ਨੂੰ ਥੋੜਾ ਫਲੈਸ਼ਬੈਕ ‘ਚ ਜਾਣਾ ਪਵੇਗਾ।ਜ਼ਰਾ ਯਾਦ ਕਰੋ 19 ਜਨਵਰੀ, 2020ਦਾ ਦਿਨ ਜਦੋਂ ਅਮਰੀਕਾ ਦੇ ਵਾਸਿ਼ੰਗਟਨ ਸ਼ਹਿਰ ਵਿੱਚ ਕੋਰੋਨਾ ਦਾ ਪਹਿਲਾ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਸੀ।ਪਰ ਅਮਰੀਕੀ ਪ੍ਰਸ਼ਾਸ਼ਨ ਨੇ ਏਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ।ਹੌਲੀ ਹੌਲੀ ਇਹ ਬੀਮਾਰੀ ਵਾਸਿ਼ੰਗਟਨ ਤੋਂ ਅਮਰੀਕਾ ਦੇ ਹੋਰਨਾਂ ਸੂਬਿਆਂ ਅੰਦਰ ਫੈਲਣੀ ਸ਼ੁਰੂ ਹੋ ਗਈ ਤੇ ਹਾਲਾਤ ਇਹ ਬਣ ਗਏ ਕਿ 22 ਮਾਰਚ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੋਵਿਡ 19 ਯਾਨੀ ਕੋਰੋਨਾ ਵਾਇਰਸ ਨੂੰ ਵੱਡੀ ਤਬਾਹੀ ਐਲਾਨਣਾ ਪਿਆ ਤੇ ਹਾਲਾਤ ਇਹ ਬਣ ਗਏ ਕਿ ਉੱਥੋਂ ਦੇ ਗਵਰਨਰ ਨੇ ਲੋਕਾਂ ਨੂੰ ਘਰਾਂ ‘ਚੋਂ ਬਾਹਰ ਨਾ ਨਿਕਲਣ ਦੇ ਹੁਕਮ ਦੇਣੇ ਪਏ।ਜਿਸ ਨੂੰ ਹੁਣ ਚਾਰ ਮਈ ਤੱਕ ਵਧਾ ਦਿੱਤਾ ਗਿਆ ਹੈ।
ਇਹ ਤਾਂ ਸਨ ਉਹ ਹਾਲਾਤ ਜਦੋਂ ਅਮਰੀਕਾ ‘ਚ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ, ਪਰ ਸਵਾਲ ਇਹ ਹੈ ਕਿ ਆਖਰ ਚੀਨ ਦੇ ਵੁਹਾਨ ਤੋਂ ਅਮਰੀਕਾ ‘ਚ ਇਹ ਬੀਮਾਰੀ ਆਈ ਕਿਵੇਂ।ਥੋੜੀ ਜਿਹੀ ਘੋਖ ਕਰਨ ਤੇ ਪਤਾ ਲੱਗਾ ਹੈ ਕਿ ਜਿਸ ਵੇਲੇ ਕੋਰੋਨਾ ਮਹਾਂਮਾਰੀ ਕਾਰਨ ਦੁਨੀਆਂ ਭਰ ਦੇ ਦੇਸ਼ ਆਪੋ ਆਪਣੇ ਲੋਕਾਂ ਨੂੰ ਲਾਕਡਾਊਨ ਤੇ ਕਰਫਿਊ ਲਾ ਕੇ ਘਰਾਂ ‘ਚ ਬੰਦ ਕਰਨ ਲੱਗੇ ਹੋਏ ਸਨ, ਉਸ ਵੇਲੇ ਤੱਕ ਵੀ ਅਮਰੀਕੀ ਪ੍ਰਸ਼ਾਸ਼ਨ ਨੇ ਇਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਤੇ ਹਾਲਾਤ ਇਹ ਬਣ ਗਏ ਜਦੋਂ ਚੀਨ ਨੇ ਵੀ ਆਪਣੀਆਂ ਸਾਰੀਆਂ ਉਡਾਣਾਂ ਤੇ ਪਾਬੰਦੀ ਲਾ ਦਿੱਤੀ ਤਾਂ ਉਦੋਂ ਤੱਕ ਅਮਰੀਕਾ ਅੰਦਰ 4 ਲੱਖ ਤੋਂ ਜਿ਼ਆਦਾ ਚੀਨੀ ਪਹੁੰਚ ਚੁੱਕੇ ਸਨ।ਇਹ ਇਸ ਬੀਮਾਰੀ ਨੂੰ ਅਮਰੀਕਾ ‘ਚ ਫੈਲਾਉਣ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਗਿਆ।
ਇਸ ਤੋਂ ਇਲਾਵਾ 14 ਮਾਰਚ ਵਾਲੇ ਦਿਨ ਅਮਰੀਕਾ ਅੰਦਰ ਕੋਰੋਨਾ ਨਾਲ ਪਹਿਲੀ ਮੌਤ ਹੋਈ ਸੀ ਤੇ 7 ਮਾਰਚ ਨੂੰ ਅਮਰੀਕੀ ਗਵਰਨਰ ਨੇ ਇਸ ਮਹਾਂਮਾਰੀ ਨੂੰ ਸਟੇਟ ਐਮਰਜੈਂਸੀ ਐਲਾਨ ਦਿਆਂ ਲਾਕਡਾਊਨ ਦੇ ਹੁਕਮ ਦਿੱਤੇ ਸਨ ਪਰ ਇਸ ਦੇ ਬਾਵਜੂਦ ਉੱਥੋਂ ਦੇ ਲੋਕਾਂ ਨੇ ਉਹ ਹੁਕਮ ਨਹੀਂ ਮੰਨੇ।ਜਿਸ ਦੀ ਜਿਊਂਦੀ ਜਾਗਦੀ ਮਿਸਾਲ 23 ਮਾਰਚ ਨੂੰ ਅਮਰੀਕੀ ਸ਼ਹਿਰ ਨਿਊਯਾਰਕ ਤੋਂ ਵਾਇਰਲ ਹੋਈ ਇੱਕ ਤਸਵੀਰ ਵਿੱਚ ਦਿਖਾਈ ਦਿੱਤੀ ਜਿਸ ਅੰਦਰ ਸੈਂਕੜੇ ਲੋਕਾਂ ਦੀ ਭੀੜ ਸਾਫ ਦੇਖੀ ਜਾ ਸਕਦੀ ਸੀ।ਭਾਵੇਂ ਕਿ ਬਾਅਦ ਵਿੱਚ ਗਵਰਨਰ ਨੇ ਲਾਕਡਾਊਨ ਦੇ ਹੁਕਮ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦੇ ਦਿੱਤੇ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।ਇਹ ਇਸ ਬੀਮਾਰੀ ਦੇ ਅਮਰੀਕਾ ਵਿੱਚ ਫੈਲਣ ਦਾ ਦੂਜਾ ਵੱਡਾ ਕਾਰਨ ਮੰਨਿਆ ਗਿਆ।
ਅਮਰੀਕਾ ‘ਚ ਕੋਰੋਨਾ ਵਾਇਰਸ ਦੀ ਮਾਰ ਦਾ ਤੀਜਾ ਵੱਡਾ ਕਾਰਨ ਰਿਹਾ ਚੀਨ ‘ਚ ਵਾਇਰਸ ਫੈਲਣ ਮੌਕੇ ਅਮਰੀਕਾ ਵੱਲੋਂ ਵੱਡੀ ਮਾਤਰਾ ‘ਚ ਉਸ ਨੂੰ ਪੀਪੀਈ ਕਿੱਟਾਂ ਦੇਣਾ।ਇਹ ਅਜਿਹਾ ਸਮਾਂ ਸੀ ਜਦੋਂ ਵਾਇਰਸ ਅਮਰੀਕਾ ‘ਚ ਵੀ ਫੈਲਣਾ ਸ਼ੁਰੂ ਹੋ ਗਿਆ ਸੀ ਪਰ ਅਮਰੀਕਾ ਨੇ ਆਪਣੇ ਦੇਸ਼ ‘ਚ ਧਿਆਨ ਨਾ ਦੇ ਕੇ ਪੀਪੀਈ ਕਿੱਟਾਂ ਦੀ ਸਪਲਾਈ ਚੀਨ ਨੂੰ ਕਰ ਦਿੱਤੀ ਤੇ ਜਦੋਂ ਤੱਕ ਅਮਰੀਕਾ ‘ਚ ਮਾਮਲਾ ਵਿਗੜਿਆ ਉਦੋਂ ਉੱਥੇ ਜਾਨ ਬਚਾਊ ਉਪਕਰਨਾਂ ਦੀ ਭਾਰੀ ਮਾਤਰਾ ‘ਚ ਕਮੀ ਹੋ ਗਈ।ਇਸ ਦੌਰਾਨ ਅਮਰੀਕੀ ਸਿਹਤ ਮਾਹਿਰ ਵੀ ਡੋਨਾਲਡ ਟਰੰਪ ਨੂੰ ਲਗਾਤਾਰ ਆਪਣੀ ਰਾਏ ਦਿੰਦੇ ਰਹੇ ਪਰ ਦੋਸ਼ ਐ ਕਿ ਟਰੰਪ ਵੱਲੋਂ ਇਹ ਕਹਿਕੇ ਉਸ ਸਭ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਕਿ ਅਮਰੀਕਾ ਇਸ ਤੇ ਕਾਬੂ ਪਾ ਲਵੇਗਾ।ਕੁੱਲ ਮਿਲਾ ਕੇ ਇਨ੍ਹਾਂ ਸਾਰੇ ਕਾਰਨਾਂ ਵਿੱਚ ਦੋਸ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਲੱਗ ਰਹੇ ਹਨ ਕਿ ਉਹ ਨਾ ਸਿਰਫ ਵਿਸ਼ਵ ਸਿਹਤ ਸੰਸਥਾ ਨਾਲ ਭਿੜ ਗਏ ਤੇ ਉਸ ਦੀ ਮਾਲੀ ਸਹਾਇਤਾ ਰੋਕ ਲਏ ਜਾਣ ਦੀਆਂ ਗੱਲਾਂ ਕਰਨ ਲੱਗ ਪਏ।ਬਲਕਿ ਦੂਜੇ ਪਾਸੇ ਉਨ੍ਹਾਂ ਨੇ ਇਸ ਬੀਮਾਰੀ ਨਾਲ ਲੜਨ ਲਈ ਸਮਾਂ ਰਹਿੰਦਿਆਂ ਸਹੀ ਫੈਸਲੇ ਨਹੀਂ ਲਏ ਜਦਕਿ ਦੂਜੇ ਦੇਸ਼ ਸਹੀ ਫੈਸਲਿਆਂ ਕਾਰਨ ਅਮਰੀਕਾ ਨਾਲੋਂ ਕਾਫੀ ਅੱਗੇ ਲੰਘ ਗਏ।ਭਾਵੇਂ ਕਿ ਕੁਝ ਲੋਕ ਮਾਹਿਰਾਂ ਦੀ ਇਸ ਰਾਏ ਨਾਲ ਸਹਿਮਤ ਨਾ ਹੋਣ ਪਰ ਇਸ ਦੇ ਬਾਵਜੂਦ ਜੋ ਤੱਥ ਸਾਹਮਣੇ ਆਏ ਹਨ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਵੱਲੋਂ ਸਮਾਂ ਰਹਿੰਦਿਆਂ ਫੈਸਲਾ ਲਏ ਜਾਣ ਦੀ ਸਮੱਰਥਾ ਉੱਤੇ ਸਵਾਲੀਆ ਨਿਸ਼ਾਨ ਜ਼ਰੂਰ ਲਾ ਦਿੱਤਾ ਹੈ।
