ਅੰਮ੍ਰਿਤਸਰ : ਅੰਮ੍ਰਿਤਸਰ ਜ਼ੇਲ੍ਹ ਬਰੇਕ ਕਾਂਡ ਦੀ ਮੈਜਿਸਟਰੀਅਲ ਜਾਂਚ ਸੋਮਵਾਰ ਤੋਂ ਸ਼ੁਰੂ ਹੋ ਗਈ l ਜਲੰਧਰ ਦੇ ਡਿਵੀਜਨਲ ਕਮਿਸ਼ਨਰ ਬੀ.ਪੁਰੂਸ਼ਾਰਥ ਜ਼ੇਲ੍ਹ ਦਾ ਦੌਰਾ ਕਰਨ ਪਹੁੰਚੇ ਅਤੇ ਅਧਿਕਾਰੀਆਂ ਤੋਂ ਪੁੱਛਗਿਛ ਕੀਤੀ l ਉੱਥੇ ਹੀ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਨੌਕਰੀ ਵਿੱਚ ਕੋਤਾਹੀ ਵਰਤਣ ਦੇ ਇਲਜ਼ਾਮ ਵਿੱਚ ਫੜੇ ਗਏ ਵਾਰਡਰ ਸ਼ਮਸ਼ੇਰ ਸਿੰਘ, ਧੀਰ ਸਿੰਘ ਅਤੇ ਹੋਮਗਾਰਡ ਜਵਾਨ ਕਸ਼ਮੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਪਰ ਗ੍ਰਿਫਤਾਰੀ ਦੇ ਕੁਝ ਸਮੇਂ ਬਾਅਦ ਹੀ ਬੇਲ ‘ਤੇ ਵੀ ਰਿਹਾ ਕਰ ਦਿੱਤਾ ਹੈ l ਡਿਵੀਜਨਲ ਕਮਿਸ਼ਨਰ ਬੀ.ਪੁਰੂਸ਼ਾਰਥ ਸਵੇਰੇ ਜ਼ੇਲ੍ਹ ਪਹੁੰਚੇ ਪਰ ਕੈਦੀਆਂ ਨਾਲ ਗੱਲ ਤਾਂ ਨਹੀਂ ਕੀਤੀ l ਉੱਥੇ ਪੂਰੀ ਵਾਰਦਾਤ ਨੂੰ ਰੀਕਰੀਏਟ ਕੀਤਾ ਗਿਆ l ਉਨ੍ਹਾਂ ਨੇ ਭੱਜਣ ਵਾਲੇ ਮੁਲਜ਼ਮ ਗੁਰਪ੍ਰੀਤ ਸਿੰਘ, ਜ਼ਰਨੈਲ ਸਿੰਘ ਅਤੇ ਵਿਸ਼ਾਲ ਸ਼ਰਮਾ ਦੀ ਬੈਰਕ ਅਤੇ ਕਮਰੇ ਨੂੰ ਦੇਖਿਆ l ਇਸ ਦੇ ਨਾਲ ਹੀ ਉਨ੍ਹਾਂ ਉਹ ਸਾਰੇ ਰੂਟ ਜਾਂਚੇ, ਜਿਸ ਤੋਂ ਮੁਲਜ਼ਮਾਂ ਨੇ ਬਾਹਰ ਜਾਣ ਦੇ ਲਈ ਚੁਣਿਆ l
