ਨਵੀਂ ਦਿੱਲੀ : ਜੇਕਰ ਤੁਹਾਡੇ ਆਲੇ ਦੁਆਲੇ ਕਿਸੇ ਨੂੰ ਬੜੀ ਬੁਰੀ ਤਰ੍ਹਾਂ ਖਿੜ ਖਿੜ ਕੇ ਹੱਸਣ ਦੀ ਆਦਤ ਹੈ ਤਾਂ ਇੰਨੀ ਦਿਨੀੱ ਤੁਹਾਨੂੰ ਅਜਿਹੇ ਬੰਦਿਆਂ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਤਾਜ਼ਾ ਕੀਤੀ ਗਈ ਖੋਜ ਇਹ ਕਹਿੰਦੀ ਹੈ ਕਿ ਅਜਿਹੇ ਲੋਕ ਆਪਣੇ ਹਾਸੇ ਰਾਹੀਂ ਹੋਰਾਂ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਵੰਡ ਸਕਦੇ ਹਨ।ਪੜਨ, ਸੁਣਨ ਨੂੰ ਤਾਂ ਇਹ ਗੱਲ ਭਾਵੇਂ ਹਾਸੋਹੀਣੀ ਲੱਗਦੀ ਹੋਵੇ ਪਰ ਜੇਕਰ ਭਾਰਤੀ ਡਾਕਟਰਾਂ ਵੱਲੋਂ ਕੀਤੀ ਗਈ ਇਸ ਖੋਜ ਤੇ ਯਕੀਨ ਕੀਤਾ ਜਾਵੇ ਤਾਂ ਇਹ ਬਿਲਕੁਲ ਸੱਚ ਹੈ।ਲਿਹਾਜ਼ਾ ਅਗਲੀ ਵਾਰ ਅਜਿਹੇ ਬੁਰੀ ਤਰ੍ਹਾਂ ਹੱਸਣ ਵਾਲੇ ਲੋਕਾਂ ਤੋਂ ਦੂਰ ਰਹਿਣ ਦੀ ਕੋਸਿ਼ਸ਼ ਕਰਨੀ ਚਾਹੀਦੀ ਹੈ।
ਦੱਸ ਦਈਏ ਕਿ ਹਾਲ ਹੀ ਵਿੱਚ ਅਖਿਲ ਭਾਰਤੀ ਆਯੁਰ ਗਿਆਨ ਸੰਸਥਾਨ ਅਤੇ ਭਾਰਤੀ ਆਯੁਰ ਵਿਗਿਆਨ ਖੋਜ ਪ੍ਰੀਸ਼ਦ ਦੇ ਡਾਕਟਰਾਂ ਦੀ ਇੱਕ ਵਿਸ਼ੇਸ਼ ਟੁਕੜੀ ਵੱਲੋਂ ਕੀਤੀ ਗਈ ਇਸ ਖੋਜ ਵਿੱਚ ਇਹ ਪਾਇਆ ਗਿਆ ਹੈ ਕਿ ਜਿਹੜੇ ਲੋਕ ਜ਼ੋਰ ਜ਼ੋਰ ਦੀ ਹੱਸਦੇ ਹਨ, ਉਹ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਹੋਰਾਂ ਲੋਕਾਂ ਤੱਕ ਬੜੇ ਸਹਿਜ ਢੰਗ ਨਾਲ ਪਹੁੰਚਾ ਸਕਦੇ ਹਨ।ਖੋਜ ਅਨੁਸਾਰ ਅਜਿਹੇ ਜ਼ੋਰ ਜ਼ੋਰ ਦੀ ਹੱਸਣ ਵਾਲੇ ਲੋਕਾਂ ਵਿੱਚੋਂ ਜੇਕਰ ਕੋਈ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੈ ਤਾਂ ਉਸ ਵੱਲੋਂ ਆਪਣੇ ਹਾਸੇ ਦੌਰਾਨ ਹਵਾ ਵਿੱਚ ਛੱਡੀਆਂ ਗਈਆਂ ਡਰਾਪਲੈਟਸ ਰਾਹੀਂ ਕੋਰੋਨਾ ਵਾਇਰਸ ਫੈਲਾਇਆ ਜਾ ਸਕਦਾ ਹੈ, ਜੋ ਨਜ਼ਦੀਕ ਹੀ ਸਾਹ ਲੈਣ ਵਾਲੇ ਲੋਕ ਬੜੀ ਆਸਾਨੀ ਨਾਲ ਆਪਣੇ ਅੰਦਰ ਦਾਖਲ ਕਰ ਸਕਦੇ ਹਨ।
ਡਾਕਟਰ ਕਹਿੰਦੇ ਹਨ ਕਿ ਹਾਸੇ ਦੌਰਾਨ ਬੰਦੇ ਦੇ ਮੂੰਹ ‘ਚੋਂ ਡਰਾਪਲੈਟਸ ਨਿਕਲਦੇ ਹਨ ਜੋ ਖੰਘਣ ਅਤੇ ਛਿੱਕਣ ਦੌਰਾਨ ਨਿਕਲਣ ਵਾਲੇ ਡਰਾਪਲੈਟਸ ਵਾਂਗ ਹੀ ਖਤਰਨਾਕ ਹੁੰਦੇ ਹਨ।ਡਾਕਟਰ ਕਹਿੰਦੇ ਹਨ ਕਿ ਖਿੜਖਿੜ ਕੇ ਹੱਸਣ ਵਾਲੇ ਲੋਕਾਂ ਕੋਲੋਂ ਬੈਠਣ ਤੋਂ ਇੰਨੀ ਦਿਨੀਂ ਸਾਰਿਆਂ ਨੂੰ ਪ੍ਰਹੇਜ਼ ਕਰਨਾ ਚਾਹੀਦਾ ਹੈ ਤਾਂ ਕਿ ਇਸ ਵਾਇਰਸ ਨੂੰ ਕੋਈ ਵੀ ਅਜਿਹਾ ਬਹਾਨਾ ਨਾ ਮਿਲ ਜਾਵੇ, ਜਿਸ ਨਾਲ ਉਹ ਅੱਗੇ ਹੋਰ ਲੋਕਾਂ ਨੂੰ ਇਹ ਬੀਮਾਰੀ ਵੰਡਦਾ ਹੋਇਆ ਇਨਸਾਨੀਅਤ ਦਾ ਘਾਣ ਕਰ ਦੇਵੇ।