ਬਿਆਸ : ਪਿੰਡ ਬੁਤਾਲਾ ਵਿੱਚ ਕੈਨੇਡਾ ਤੋਂ ਵਾਪਸ ਆਏ ਨੌਜਵਾਨ ਦਾ ਐਤਵਾਰ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ l ਪਰਿਵਾਰ ਨੇ ਕਿਸੇ ‘ਤੇ ਵੀ ਸ਼ੱਕ ਜ਼ਾਹਿਰ ਨਹੀਂ ਕੀਤਾ ਹੈ l ਪੁਲਿਸ ਨੇ ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਹੈ l ਪੁਲਿਸ ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਕਰਨ ਵਿੱਚ ਲੱਗੀ ਹੋਈ ਹੈ l ਮ੍ਰਿਤਕ ਦੀ ਪਹਿਚਾਣ ਬੁਤਾਲਾ ਦੇ ਪਿੰਡ ਨੌਰੰਗਪੁਰ ਵਾਸੀ ਸੁਖਮਨਦੀਪ ਸਿੰਘ ਦੇ ਤੌਰ ‘ਤੇ ਹੋਈ l ਨੋਜਵਾਨ ਤਕਰੀਬਨ 6 ਮਹੀਨੇ ਪਹਿਲਾਂ ਕੈਨੇਡਾ ਤੋਂ ਵਾਪਸ ਆਇਆ ਸੀ l ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਸੁਖਮਨ ਇੱਕ ਵਿਆਹ ਦੀ ਪਾਰਟੀ ਵਿੱਚ ਗਿਆ ਹੋਇਆ ਸੀ l ਰਾਤ ਪੌਣੇ ਇੱਕ ਵਜੇ ਦੇ ਕਰੀਬ ਹੀ ਵਾਪਸ ਆਇਆ ਸੀ ਕਿ ਘਰ ਦੇ ਬਾਹਰ ਸਕਾਰਪੀਓ ਤੋਂ ਉਸੀ ਸਮੇਂ ਕਾਰ ਵਿੱਚ ਆਏ ਨੌਜਵਾਨਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ l ਗੋਲੀਆਂ ਸੁਖਮਨ ਦੀ ਛਾਤੀ ‘ਤੇ ਲੱਗੀਆਂ ਹਨ l ਪਿਤਾ ਗੋਲੀਆਂ ਦੀ ਆਵਾਜ਼ ਸੁਣ ਕੇ ਜਦ ਬਾਹਰ ਆਏ ਤਾਂ ਦੇਖਿਆ ਕਿ ਉਨ੍ਹਾਂ ਦੇ ਮੁੰਡੇ ਦੀ ਛਾਤੀ ਵਿੱਚ ਦੋ ਗੋਲੀਆਂ ਲੱਗੀਆਂ ਸਨ ਅਤੇ ਇੱਕ ਗੋਲੀ ਸ਼ੀਸ਼ੇ ‘ਤੇ ਲੱਗੀ ਸੀ l ਉਨ੍ਹਾਂ ਨੇ ਤੁਰੰਤ ਉਸ ਨੂੰ ਗੱਡੀ ਵਿੱਚੋਂ ਕੱਢਿਆ ਅਤੇ ਸਿਵਿਲ ਹਸਪਤਾਲ ਬਾਬਾ ਬਕਾਲਾ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ l ਐਸਐਚਓ ਥਾਣਾ ਬਿਆਸ ਕਿਰਣਦੀਪ ਸਿੰਘ ਨੇ ਦੱਸਿਆ ਕਿ ਕਤਲ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ l ਇਲਾਕੇ ਦੇ ਸੀਸੀਟੀਵੀ ਚੈਕ ਕੀਤੇ ਜਾ ਰਹੇ ਹਨ l ਦੂਜੇ ਪਾਸੇ ਮ੍ਰਿਤਕ ਦਾ ਮੋਬਾਈਲ ਵੀ ਲੈ ਲਿਆ ਗਿਆ ਹੈ ਤਾਂ ਕਿ ਕਾਲ ਡਿਟੇਲਸ ਦਾ ਪਤਾ ਚੱਲ ਸਕੇ l ਵਿਆਹ ਦੇ ਦੌਰਾਨ ਕੋਈ ਘਟਨਾ ਹੋਈ ਹੋਵੇ ਤਾਂ ਉਸ ਦਾ ਵੀ ਪਤਾ ਲਾਇਆ ਜਾ ਰਿਹਾ ਹੈ l
