Htv Punjabi
International Punjab

ਖਾੜਕੂਵਾਦ ਵੇਲੇ ਪੰਜਾਬ ਆਏ ਫਰਾਂਸ ਦੇ ਗੋਰੇ ਨੇ ਕਰਤਾ ਆਹ ਕੰਮ, ਗੁੱਸੇ ‘ਚ ਆਈ ਫਰਾਂਸ ਸਰਕਾਰ ਨੇ ਨਾਗਰਿਕ ਮੰਨਣ ਤੋਂ ਕੀਤਾ ਇਨਕਾਰ, ਦੇਖੋ ਸਿੱਖੀ ਰੂਪ ‘ਚ ਕਿਵੇਂ ਕਰ ਰਿਹਾ ਸੀ ਸਭ ਨੂੰ ਹੈਰਾਨ! 

ਜਲੰਧਰ : (ਦਵਿੰਦਰ) ਜਿਥੇ ਇੱਕ ਪਾਸੇ ਸਾਡੇ ਆਪਣੇ ਉਹ ਲੋਕ ਸਿੱਖੀ ਤੋਂ ਬੇਮੁਖ ਹੋ ਰਹੇ ਨੇ, ਜਿਹੜੇ ਸਿੱਖ ਪਰਿਵਾਰਾਂ ‘ਚ ਪੈਦਾ ਹੋਏ ਤੇ ਬਚਪਨ ਤੋਂ ਹੀ ਸਿੱਖੀ ਨਾਲ ਜਿਉਂਦੇ ਰਹੇ, ਇੱਕ ਪਾਸੇ ਸਾਡੇ ਆਪਣੇ ਸੂਬੇ ਪੰਜਾਬ ਦੇ ਲੋਕ ਐਸ਼ੋ ਅਰਾਮ ਦੀ ਜ਼ਿੰਦਗੀ ਜਿਉਣ ਲਈ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰਲੇ ਮੁਲਕਾਂ ‘ਚ ਦਿਹਾੜੀਆਂ ਕਰਨ ਚਲੇ ਜਾਂਦੇ ਨੇ, ਉੱਥੇ ਦੂਜੇ ਪਾਸੇ ਸਾਡੇ ਸਾਹਮਣੇ ਇੱਕ ਮਿਸਾਲ ਅਜਿਹੀ ਵੀ ਆਈ ਹੈ, ਜਿੱਥੇ ਫਰਾਂਸ ਦੇ ਇੱਕ ਗੋਰੇ ਨਾਗਰਿਕ ਨੇ ਜਦੋਂ ਸਿੱਖ ਧਰਮ ਤੋਂ ਪ੍ਰਭਾਵਿਤ ਹੋਕੇ ਇੱਕ ਵਾਰ ਸਿੱਖੀ ਅਪਣਾਈ, ਤਾਂ ਫਿਰ ਇਸ ਧਰਮ ਖਾਤਰ ਨਾ ਸਿਰਫ ਆਪਣੇ ਉਸ ਫਰਾਂਸ ਦੇਸ਼ ਦੀ ਨਾਗਰਿਕਤਾ ਵੀ ਛੱਡ ਦਿੱਤੀ, ਜਿੱਥੇ ਵਸਣ ਲਈ ਸਾਡੇ ਆਪਣੇ ਲੋਕ ਸਿੱਖ ਧਰਮ ਤਾਂ ਕੀ, ਆਪਣਾ ਸਭ ਕੁਝ ਤਿਆਗ ਦੇਂਦੇ ਨੇ, ਬਲਕਿ ਉਸ ਗੋਰੇ ਸਿੱਖ ਵਿਅਕਤੀ ਨੇ ਅੰਮ੍ਰਿਤ ਛੱਕ ਕੇ ਸਿੰਘ ਸਜਣ ਤੋਂ ਬਾਅਦ ਇਥੇ ਪੰਜਾਬ ‘ਚ ਹੀ ਜ਼ਮੀਨ ਖਰੀਦੀ, ਤੇ ਇਥੇ ਹੀ ਖੇਤੀ ਕਰਕੇ ਪਿਛਲੇ 31 ਸਾਲਾਂ ਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਉਂ ਛੱਡਦੇ ਓ ਆਪਣੀ ਧਰਤੀ ਤੇ ਆਪਣਾ ਧਰਮ ਇਸ ਤੋਂ ਵਧੀਆ ਦੁਨੀਆਂ ਵਿਚ ਕੋਈ ਨਹੀਂ ਹੈ । ਜੀ ਹਾਂ ਤੇ ਅਜਿਹਾ ਕਰਨ ਵਾਲੇ ਇਸ ਗੋਰੇ ਸਿੱਖ ਦਾ ਨਾਮ ਹੈ ਮਾਈਕਲ।  ਜਿਸ ਨੇ ਨਾ ਸਿਰਫ ਅੰਮ੍ਰਿਤਸਰ ਦੇ ਇੱਕ ਸਿੱਖ ਪਰਿਵਾਰ ‘ਚ ਵਿਆਹ ਕਰਵਾ ਲਿਆ ਹੈ ਬਲਕਿ ਅੰਮ੍ਰਿਤ ਛਕਣ ਮੌਕੇ ਜਿਹੜਾ ਨਾਮ ਉਸ ਨੂੰ ਦਿੱਤਾ ਗਿਆ ਉਸੇ ਦਰਸ਼ਨ ਸਿੰਘ ਨਾਮ ਨੂੰ ਹੀ ਹੁਣ ਆਪਣੀ ਪਹਿਚਾਣ ਬਣਾ ਲਿਆ ਹੈ । ਹੁਣ ਹਾਲਤ ਇਨ ਹਨ ਕਿ ਮਾਇਕਲ ਉਰਫ ਦਰਸ਼ਨ ਸਿੰਘ ਵਧੀਆ ਪੰਜਾਬੀ ਬੋਲਦਾ ਹੈ ਤੇ ਜਦੋਂ ਮੌਕਾ ਮਿਲਦਾ ਹੈ ਗੁਰਬਾਣੀ ਦਾ ਸੰਦੇਸ਼ ਦੇਣੋ ਵੀ ਨਹੀਂ ਖੁੰਝਦਾ। 
ਹਕੀਕਤ ਟੀਵੀ ਨਾਲ ਗੱਲਬਾਤ ਕਰਦਿਆਂ ਦਰਸ਼ਨ ਸਿੰਘ ਦੱਸਦਾ ਹੈ ਕਿ ਉਹ ਦੱਖਣੀ ਫਰਾਂਸ ਚ ਇੱਕ ਈਸਾਈ ਪਰਿਵਾਰ ਅੰਦਰ ਪੈਦਾ ਹੋਇਆ। ਮਾਂ-ਬਾਪ ਨੇ ਨਾਮ ਰੱਖਿਆ ਮਾਇਕਲ। 15 ਸਾਲ ਦੀ ਉਮਰ ਤੱਕ ਮਾਇਕਲ ਗਿਰਜਾਘਰ ਦਾ ਸੇਵਾਦਾਰ ਬਣ ਕੇ ਰਿਹਾ।  ਫਿਰ ਅਚਾਨਕ ਇਸ ਧਰਮ ਵਾਲੇ ਪਾਸਿਓਂ ਉਸਦਾ ਮੋਹ ਭੰਗ ਹੋ ਗਿਆ ਤੇ ਸੇਵਾਦਾਰੀ ਛੱਡ ਦਿੱਤੀ। ਮਾਇਕਲ ਨੂੰ 1976-77 ‘ਚ ਪਹਿਲੀ ਵਾਰ ਭਾਰਤ ਆਉਣ ਦਾ ਮੌਕਾ ਮਿਲਿਆ ਤੇ ਇਥੇ ਰਹਿ ਕੇ ਉਸਨੇ 9 ਮਹੀਨੇ ਸਾਰਾ ਭਾਰਤ ਘੁੰਮਿਆ।  ਇਸ ਦੌਰਾਨ ਉਸਨੂੰ ਪਹਿਲੀ ਵਾਰ ਸਿੱਖੀ ਬਾਰੇ ਪਤਾ ਲੱਗਿਆ। ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ। ਫੇਰ ਪੰਜਾਬ ਦੇ ਹਾਲਤ ਖ਼ਰਾਬ ਹੋ ਗਏ ਤੇ ਮਾਇਕਲ ਨੂੰ ਦੁਬਾਰਾ ਜਲਦੀ ਵੀਜ਼ਾ ਨਹੀਂ ਮਿਲਿਆ। ਇਸ ਉਪਰੰਤ 1991 ‘ਚ ਉਸਾਨੂੰ ਇੱਕ ਵਾਰ ਫੇਰ ਭਾਰਤ ਆਉਣ ਦਾ ਮੌਕਾ ਮਿਲਿਆ।  ਇਸ ਵਾਰ ਮਾਇਕਲ ਨੇ 6 ਮਹੀਨੇ ਇਥੇ ਰਹਿ ਕੇ ਸਾਰੇ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਇਸ ਦੌਰਾਨ ਮਾਇਕਲ ਅਨੰਦਪੁਰ ਸਾਹਿਬ ਗਿਆ ਤੇ ਉੱਥੇ ਅੰਮ੍ਰਿਤ ਚੱਕ ਕੇ ਗੁਰੂ ਵਾਲਾ ਬਣ ਗਿਆ ਜਿਥੇ ਮਾਇਕਲ ਨੂੰ ਦਰਸ਼ਨ ਸਿੰਘ ਨਾਮ ਦਿੱਤਾ ਗਿਆ।   ਇੱਕ ਵਾਰ ਮਾਇਕਲ ਨੇ ਜਦੋਂ ਸਿੱਖ ਧਰਮ ਆਪਣਾ ਲਿਆ ਤਾਂ ਫਿਰ ਇਸ ਲਈ ਉਹ ਆਪਣੀ ਉਸ ਫਰਾਂਸ ਸਰਕਾਰ ਨਾਲ ਵੀ ਲੜ ਪਿਆ, ਜਿਹੜੀ ਉਸ ਦੇ ਸਿੱਖੀ ਸਰੂਪ ਨੂੰ ਮਾਨਤਾ ਨਹੀਂ ਦਿੰਦੀ ਸੀ।  ਦਰਅਸਲ ਮਾਇਕਲ ਤੋਂ ਦਰਸ਼ਨ ਸਿੰਘ ਬਣੇ ਇਸ ਸਿੰਘ ਨੇ ਅੰਮ੍ਰਿਤ ਛਕਣ ਮੌਕੇ ਮਿਲੇ ਦਰਸ਼ਨ ਸਿੰਘ ਨਾਮ ਨੂੰ ਵੀ ਗੁਰੂ ਦੇ ਪ੍ਰਸ਼ਾਦ ਵਾਂਗ ਗ੍ਰਹਿਣ ਕੀਤਾ।  ਆਪਣੇ ਗੁਰੂ ਵੱਲੋਂ ਮਿਲੇ ਇਸ ਨਾਮ ਲਈ ਉਹ ਆਪਣੀ ਉਸ ਫਰਾਂਸ ਸਰਕਾਰ ਨਾਲ ਵੀ ਲੜ ਪਿਆ ਜਿਹੜੀ ਉਸਦੀ ਆਪਣੀ ਸਰਕਾਰ ਸੀ। ਕਾਰਨ ਇਹ ਸੀ ਕਿ ਜਦੋਂ ਪਹਿਲੀ ਵਾਰ ਆਪਣਾ ਨਾਮ ਬਦਲ ਕੇ ਦਰਸ਼ਨ ਸਿੰਘ ਜਦੋਂ ਫਰਾਂਸ ਗਿਆ ਤਾਂ ਉਥੋਂ ਦੀ ਸਰਕਾਰ ਨੇ ਮਾਇਕਲ ਨੂੰ ਦਰਸ਼ਨ ਸਿੰਘ ਨਾਮ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਫਰਾਂਸ ਸਰਕਾਰ ਦੇ ਕਨੂੰਨ ਅਨੁਸਾਰ ਕੋਈ ਵੀ ਫਰਾਂਸਿਸ ਨਾਗਰਿਕ ਧਰਮ ਖਾਤਰ ਆਪਣਾ ਨਾਮ ਨਹੀਂ ਬਾਦਲ ਸਕਦਾ ਲਿਹਾਜ ਮਾਇਕਲ ਦੇ ਬਦਲੇ ਹੋਏ ਨਾਮ ਦਰਸ਼ਨ ਸਿੰਘ ਨੂੰ ਉਥੋਂ ਦੀ ਸਰਕਾਰ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ।  ਜਿਸ ਤੇ ਦਰਸ਼ਨ ਸਿੰਘ ਨੇ ਫਰਾਂਸ ਸਰਕਾਰ ਦੇ ਇਸ ਕਨੂੰਨ ਨੂੰ ਆਪਣੇ ਧਰਮ ਖਾਤਰ ਚੁਣੌਤੀ ਦੇ ਦਿੱਤੀ।  ਇਸ ਦੌਰਾਨ ਕਨੂੰਨ ਸਖਤ ਹੋਣ ਕਰਨ ਦਰਸ਼ਨ ਸਿੰਘ ਕੇਸ ਤਾਂ ਹਾਰ ਗਿਆ ਪਰ ਉਸਨੇ ਧਰਮ ਨਹੀਂ ਹਾਰਿਆ ਤੇ ਫਰਾਂਸ ਸਰਕਾਰ ਦੀ ਨਾਗਰਿਕਤਾ ਤੇ ਆਪਣੀ ਮਾਤ ਭੂਮੀ ਹੀ ਤਿਆਗ ਦਿੱਤੀ। ਜਿਥੋਂ ਉਹ ਬਰਤਾਨੀਆਂ ਚਲਾ ਗਿਆ ਤੇ ਉਥੇ ਉਸ ਨੂੰ ਦਰਸ਼ਨ ਸਿੰਘ ਦੇ ਰੂਪ ਵਿਚ ਹੀ ਮਾਨਤਾ ਮਿਲ ਗਈ ਤੇ ਉਸ ਨੇ ਉਥੋਂ ਦੀ ਨਾਗਰਿਕਤਾ ਲੈ ਲਈ। 
ਦਰਸ਼ਨ ਸਿੰਘ ਦੱਸਦਾ ਹੈ ਕਿ ਮੈਨੂੰ ਸਿੱਖ ਅਤੇ ਪੰਜਾਬੀ ਹੋਣ ‘ਤੇ ਮਾਣ ਹੈ, ਇਸੇ ਲਈ ਉਸਨੇ ਅੰਮ੍ਰਿਤਸਰ ਦੇ ਸਿੱਖ ਪਰਿਵਾਰ ਦੀ ਧੀ ਮਲਵਿੰਦਰ ਕੌਰ ਨਾਲ ਵਿਆਹ ਕਰਵਾਇਆ ਤੇ 1998 ਨੂੰ ਨੂੰਰਪੁਰ ਬੇਦੀ ਚ 12 ਕਿੱਲੇ ਜ਼ਮੀਨ ਖਰੀਦ ਕੇ ਪਿਛਲੇ 31 ਸਾਲਾਂ ਤੋਂ ਪੰਜਾਬ ਚ ਹੀ ਖੇਤੀ ਕਰ ਰਿਹਾ ਹੈ।  ਦਰਸ਼ਨ ਸਿੰਘ ਅੱਜ ਕੁਦਰਤੀ ਖੇਤੀ ਕਰਦਾ ਹੈ ਤੇ ਉਸਦੀ ਪਤਨੀ ਹਰ ਹਫਤੇ ਉਸ ਵਲੋਂ ਪੈਦਾ ਕੀਤੇ ਗਈ ਪੈਦਾਵਾਰ ਨੂੰ ਲੈਕੇ ਚੰਡੀਗੜ੍ਹ ਵੇਚ ਆਉਂਦੀ ਹੈ ਇੰਝ ਉਨ੍ਹਾਂ ਦਾ ਵਧੀਆ ਗੁਜ਼ਾਰਾ ਚੱਲੀ ਜਾ ਰਿਹਾ ਹੈ। ਇਥੇ ਹੀ ਬਸ ਨਹੀਂ ਮੌਜੂਦਾ ਸਮੇ, ਜਿਥੇ ਇੱਕ ਪਾਸੇ ਸਾਡਾ ਪੰਜਾਬ ਬੇਟੇ ਦੀ ਚਾਹਤ ਵਿੱਚ ਕੰਨਿਆ ਭਰੂਣ ਹੱਤਿਆ ਦਾ ਕਲੰਕ ਆਪਣੇ ਮੱਥੇ ਤੇ ਲਈ ਫਿਰਦਾ ਹੈ ਉਥੇ ਦਰਸ਼ਨ ਸਿੰਘ ਇੱਕ ਬੇਟੀ ਦਾ ਪਿਤਾਹੋਣ ਤੇ ਵੀ ਮਾਨ ਲਹਿਸੂਸ ਕਰਦਾ ਹੈ। ਪੰਜਾਬ ਚ ਚਾਰੇ ਪਾਸੇ ਫੇਲ ਰਹੇ ਪ੍ਰਦੂਸ਼ਣ ਬਾਰੇ ਦਰਸ਼ਨ ਸਿੰਘ ਕਹਿੰਦਾ ਹੈ ਕਿ ਅਸੀਂ ਲੋਕ ਸਿਰਫ ਗੁਰਬਾਣੀ ਨੂੰਪੜ੍ਹ ਹੀ ਰਹੇ ਆਂ ਉਸ ਦੇ ਅਰਥਾਂ ਨੂੰ ਸਮਝਣ ਤੇ ਸਾਡੇ ਗੁਰੂ ਦੇ ਹੁਕਮਾਂ ਨੂੰ ਮੰਨਣ ਵੱਲ ਕੋਈ ਉਪਰਾਲਾ ਨਹੀਂ ਕਰ ਰਹੇ ਤਾਹੀਓਂ ਅੱਜ ਅਸੀਂ ਆਪਣੇ ਹੱਥੀਂ ਧਰਤੀ, ਅਕਾਸ਼, ਤੇ ਪਤਾਲ ਤਿੰਨ ਚ ਮੌਜੂਦ ਕੁਦਰਤੀ ਸੋਮਿਆਂ ਹਵਾ ਪਾਣੀ ਤੇ ਧਰਤੀ ਤਿੰਨਾਂ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ।  ਧਰਤੀ ਦਵਾਈਆਂ ਪਾ ਕੇ, ਅਕਾਸ਼ ਯਾਨੀ ਹਵਾ ਪਰਾਲੀ ਸਾੜਨ ਤੋਂ ਇਲਾਵਾ ਹੋਰ ਕਈ ਤਰਾਂ ਦੇ ਧੂੰਏ ਨਾਲ ਪ੍ਰਦੂਸ਼ਿਤ ਕਰਕੇ, ਤੇ ਧਰਤੀ ਅਤੇ ਧਰਤੀ ਦੇ ਉਪਰਲੇ ਪਾਣੀ ਨੂੰ ਅਜਾਂਈ ਗਵਾ ਕੇ ਉਸ ਵਿਚ ਜ਼ਹਿਰ ਮਿਲੇ ਕੈਮੀਕਲ ਸੁੱਟ ਕੇ। 
ਬਿਨਾਂ ਸ਼ੱਕ ਦਰਸ਼ਨ ਸਿੰਘ ਨੇ ਸਾਡੇ ਸਾਹਮਣੇ ਸਿੱਖ ਧਰਮ ਨੂੰ ਸਹੀ ਅਰਥਾਂ ਵਿਚ ਮੰਨਣ ਅਤੇ ਪੰਜਾਬ ਪ੍ਰੇਮ ਦੀ ਇੱਕ ਅਜਿਹੀ ਮਿਸਾਲ ਪੇਸ਼ ਕੀਤੀ ਹੈ ਜਿਹੜੀ ਇਹਨੀਂ ਦਿਨੀ ਸ਼ਾਇਦ ਸਾਡੇ ਆਪਣੇ ਸਿੱਖ ਭੈਣ-ਭਰਾ ਤੇ ਪੰਜਾਬੀ ਪੇਸ਼ ਕਰਨੋ ਖੁੰਝ ਰਹੇ ਨੇ। ਸ਼ਾਇਦ ਹੁਣ ਸਾਡੇ ਆਪਣਿਆਂ ਨੂੰ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ ਲੱਗਣ ਲੱਗ ਪਿਆ ਹੈ। ਜੋ ਕਿ ਗ਼ਲਤ ਹੈ, ਪਰ ਮੰਨਦਾ ਕੌਣ ਹੈ, ਸਾਡੀ ਇਸ ਮਿਸਾਲ ਤੇ ਵੀ ਸ਼ਾਇਦ ਕਈ ਲੋਕ ਕਈ ਤਰਾਂ ਦੇ ਤਰਕਾਂ ਨਾਲ ਸਾਨੂੰ ਹੀ ਗ਼ਲਤ ਠਹਿਰਾਉਣ ਆ ਜਾਣ।  ਇਸ ਲਈ ਹੁਣ ਅਸੀਂ ਤਾਂ ਅਕਾਲ ਪੁਰਖ ਅੱਗੇ ਅਰਦਾਸ ਹੀ ਕਰ ਸਕਦੇ ਹਨ ਕਿ ਹੈ ਵਾਹਿਗੁਰੂ ਸੁਮੱਤ ਬਖਸ਼ੀਂ ਇਨ੍ਹਾਂ ਭਟਕੇ ਹੋਏ ਲੋਕਾਂ ਨੂੰ ਤੇ ਮਿਹਰ ਕਰੀਂ ਸਾਡੀ ਸਿੱਖੀ ਤੇ ਸੋਹਣੇ ਪੰਜਾਬ ‘ਤੇ।

Related posts

ਰਾਜਾ ਵੜਿੰਗ ਡੇਢ ਮਹੀਨੇ ਬਾਅਦ ਸੰਤਰੀ ਹੋਵੇਗਾ : ਸੁਖਬੀਰ ਬਾਦਲ

htvteam

ਲਾਹਨਤੀ ਭਤੀਜੇ ਨੇ ਚਾਚੇ ਨਾਲ ਖੇਤਾਂ ‘ਚ ਟੱਪੀਆਂ ਹੱਦਾਂ

htvteam

ਗੋਰਿਆਂ ਦੇ ਵੈਦ ਦਾ ਜ਼ਿੰਦਗੀ ਬਣਾਉਣ ਵਾਲਾ ਫਾਰਮੂਲਾ ਹੋਇਆ ਲਾਂਚ

htvteam

Leave a Comment