ਸਂਗਰੂਰ (ਮਨਿੰਦਰ ਸਿੰਘ) : ਸੰਗਰੂਰ ਦੇ ਪਿੰਡ ਲਾਡਬਨਜਾਰਾ ਕਲਾਂ ਦੇ ਖੇਤਾਂ ਵਿੱਚ ਇੱਕ ਅਜਿਹੀ ਦਿਲ ਦਹਿਲਾਊ ਘਟਨਾ ਵਾਪਰੀ ਐ ਜਿਸ ਨੂੰ ਦੇਖ ਸੁਣ ਕੇ ਹਰੇਕ ਦਾ ਹਾਊਣਾ ਨਿਕਲ ਜਾਂਦਾ ਐ। ਅਸਲ ‘ਚ ਹਰਵਿੰਦਰ ਸਿੰਘ ਨਾਂ ਦੇ ਬੰਦੇ ਨਾਲ ਅਜਿਹੀ ਦਰਿੰਦਗੀ ਕਰਫਿਊ ਤੇ ਕੋਰੋਨਾ ਵਾਇਰਸ ਦੌਰਾਨ ਉਸ ਵੇਲੇ ਹੋਈ ਐ ਜਦੋਂ ਚਾਰੇ ਪਾਸੇ ਪੁਲਿਸ ਦੀ ਸਾਖੀ ਹੈ ਤੇ ਇਹ ਸਭ ਦੇਖਕੇ ਪੁਲਿਸ ਵੱਲੋਂ ਵਰਤੀ ਜਾ ਰਹੀ ਸਖਤੀ ‘ਤੇ ਵੀ ਸਵਾਲ ਉੱਠਣ ਲੱਗ ਪਏ ਨੇ। ਇਸ ਸਬੰਧ ‘ਚ ਮ੍ਰਿਤਕ ਹਰਵਿੰਦਰ ਸਿੰਘ ਦੀ ਪਤਨੀ ਸੰਦੀਪ ਕੌਰ ਦੱਸਦੀ ਹੈ ਕਿ ਉਨ੍ਹਾਂ ਦਾ ਕੁਝ ਲੋਕਾਂ ਨਾਲ ਇਕ ਜ਼ਮੀਨੀ ਝਗੜਾ ਚਲ ਰਿਹਾ ਸੀ। ਮਾਮਲਾ ਅਦਾਲਤ ‘ਚ ਸੁਣਵਾਈ ਅਧੀਨ ਹੋਣ ਕਰਕੇ ਜ਼ਮੀਨ ਸਬੰਧੀ ਸਟੇਅ ਲੱਗੀ ਹੋਈ ਸੀ। ਅਜਿਹੇ ‘ਚ ਸੰਦੀਪ ਕੌਰ ਅਤੇ ਉਸਦੀ ਸੱਸ ਕੁਲਦੀਪ ਕੌਰ ਦਾ ਇਲਜ਼ਾਮ ਐ ਕਿ ਵਿਰੋਧੀ ਧਿਰ ਖੇਤਾਂ ‘ਚ ਟ੍ਰੈਕਟਰ ਨਾਲ ਵਾਹੀ ਕਰਨ ਲੱਗ ਪਈ । ਜਦੋਂ ਇਸ ਗੱਲ ਦਾ ਹਰਿਵਿੰਦਰ ਸਿੰਘ ਨੂੰ ਪਤਾ ਲੱਗਾ ਤਾਂ ਉਹ ਵੀ ਖੇਤਾਂ ਨੂੰ ਚਲਾ ਗਿਆ। ਪਰ ਜਿਵੇਂ ਹੀ ਖੇਤਾਂ ‘ਚ ਹਰਵਿੰਦਰ ਸਿੰਘ ਨੇ ਵਿਰੋਧੀ ਧਿਰ ਨੂੰ ਟ੍ਰੈਕਟਰ ਵਾਹੁਣ ਤੋਂ ਰੋਕਿਆ ਤਾਂ ਬੇਰਹਿਮ ਮੁਲਜ਼ਮਾਂ ਨੇ ਹਰਵਿੰਦਰ ਸਿੰਘ ਨੂੰ ਵੀ ਟ੍ਰੈਕਟਰ ਨਾਲ ਵਾਹ ਦਿੱਤਾ।
ਉਧਰ ਪਿੰਡ ਦੇ ਸਾਬਕਾ ਸਰਪੰਚ ਕਰਮਜੀਤ ਸਿੰਘ ਦੱਸਦਾ ਹੈ ਕਿ ਮ੍ਰਿਤਕ ਪਰਿਵਾਰ ਦਾ ਜਿਸ ਇੱਕ ਪਰਮਜੀਤ ਕੌਰ ਨਾਂ ਦੀ ਔਰਤ ਨਾਲ ਜਮੀਨੀ ਝਗੜਾ ਚੱਲ ਰਿਹਾ ਸੀ ਉਹ ਲੋਕ ਤਾਲਾਬੰਦੀ ਦੇ ਦੌਰਾਨ ਵੀ ਪੀੜਿਤ ਪਰਿਵਾਰ ਨੂੰ ਧਮਕੀਆਂ ਦੇਣੋ ਬਾਜ ਨਹੀਂ ਆ ਰਹੇ ਸਨ। ਸਾਬਕਾ ਸਰਪੰਚ ਅਨੁਸਾਰ ਘਟਨਾ ਵਾਲੇ ਦਿਨ ਪਰਮਜੀਤ ਕੌਰ ਨੇ ਆਪਣੇ ਨਾਲ 3-4 ਗੱਡੀਆਂ ‘ਚ ਬੰਦੇ ਲਿਆ ਕੇ ਹਰਵਿੰਦਰ ਸਿੰਘ ਹੋਰਾਂ ਦੀ ਜਮੀਨ ਨੂੰ ਟਰੈਕਟਰ ਨਾਲ ਵਾਹੁਣਾ ਸ਼ੁਰੂ ਕਰ ਦਿੱਤਾ। ਜਿਸ ਦਾ ਜਦੋਂ ਹਰਵਿੰਦਰ ਸਿੰਘ ਨੇ ਮੌਕੇ ‘ਤੇ ਜਾਕੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਹਰਵਿੰਦਰ ਸਿੰਘ ਦੇ ਉੱਤੇ ਹੀ ਟਰੈਕਟਰ ਚਾੜ੍ਹ ਕੇ ਉਸ ਦੇ ਟੁਕੜੇ ਟੁਕੜੇ ਕਰ ਦਿੱਤੇ।
ਇਸ ਕਤਲ ਤੋਂ ਬਾਅਦ ਕੇਸ ਦੇ ਜਾਂਚ ਅਧਿਕਾਰੀ ਥਾਣੇਦਾਰ ਸੁਖਦੀਪ ਸਿੰਘ ਅਨੁਸਾਰ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋ ਕੁੱਲ ਮਿਲਾਕੇ ਜ਼ਮੀਨ ਦੇ ਇਕ ਛੋਟੇ ਜਿਹੇ ਟੁਕੜੇ ਪਿੱਛੇ ਵਿਰੋਧੀਆਂ ਨੇ ਹਰਵਿੰਦਰ ਸਿੰਘ ਦੇ ਹੀ ਟੁਕੜੇ ਟੁਕੜੇ ਕਰਕੇ ਇਕ ਵਾਰ ਫੇਰ ਸਾਬਿਤ ਕਰ ਦਿੱਤਾ ਕੀ ਅਪਰਾਧੀਆਂ ਨੂੰ ਕਾਨੂੰਨ ਦਾ ਇਸ ਵੇਲੇ ਕੋਈ ਡਰ ਨਹੀਂ।
ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…
