ਅੰਮ੍ਰਿਤਸਰ : ਕਹਿੰਦੇ ਨੇ ਪੰਜਾਬੀ ਜਗਾੜੂ ਹੁੰਦੇ ਨੇ ਤੇ ਹਰ ਕੰਮ ਦੇ ਵਿੱਚ ਕਿਤੇ ਨੇ ਕਿਤੇ ਕੋਈ ਨਾ ਕੋਈ ਜਗਾੜ ਲੱਭ ਲੈਂਦੇ ਨੇ ਪਰ ਜੇਕਰ ਉਹ ਜਗਾੜ ਕਿਸੇ ਭਲੇ ਕੰਮ ਲਈ ਹੋਵੇ ਤਾਂ ਵਾਹ ਵਾਹ ਵੀ ਮਿਲਦੀ ਹੈ ਤੇ ਏਸੇ ਤਰ੍ਹਾਂ ਜੇਕਰ ਇਹ ਜਗਾੜ ਪੁੱਠੇ ਕੰਮ ਲਈ ਲਾਉਂਦੇ ਨੇ ਤਾਂ ਜੁੱਤੀਆਂ ਵੀ ਪੈਂਦੀਆਂ ਨੇ l ਜਿਹੜੀ ਖਬਰ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਉਸ ਵਿੱਚ ਪੁੱਠਾ ਜਗਾੜ ਲਾਉਣ ਵਾਲੇ ਇਨ੍ਹਾਂ ਬੰਦਿਆਂ ਨੂੰ ਜੁੱਤੀਆਂ ਤਾਂ ਭਾਵੇਂ ਨਹੀਂ ਪਈਆਂ ਪਰ ਆਰਥਿਕ ਜੁੱਤੀ ਇਨੀ ਕੁ ਵੱਡੀ ਪੈ ਗਈ ਐ ਕਿ ਇਨ੍ਹਾਂ ਦੇ ਅਗਲੇ ਪਿਛਲੇ ਵੀ ਆਪਣੇ ਆਪ ਨੂੰ ਬਰਬਾਦ ਹੋਇਆ ਮੰਨਣ ਲੱਗ ਪੈਣਗੇ l ਜੀ ਹਾਂ ਇਹ ਬਿਲਕੁਲ ਸੱਚ ਐ ਤੇ ਇਹ ਸੱਚ ਸਾਹਮਣੇ ਆਇਆ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਬਣੇ ਪੰਡਿਤ ਦੀਨ ਦਿਆਲ ਉਪਾਧਿਆਏ ਮਾਰਕਿਟ ਦੀ ਬੇਸਮੈਂਟ ਵਿੱਚ ਬਣੀ ਪਾਰਕਿੰਗ ਦੇ ਹਿੱਸੇ ਵਿੱਚੋਂ ਜਿੱਥੇ ਸੰਦੀਪ ਸ਼ਰਮਾ ਨਾਮ ਦਾ ਇੱਕ ਵਿਅਕਤੀ ਸਰਕਾਰੀ ਬਿਜਲੀ ਚੋਰੀ ਕਰਕੇ ਉੱਥੇ ਈ ਰਿਕਸ਼ਾ ਚਾਰਜ ਕਰਨ ਦਾ ਧੰਦਾ ਚਲਾਈ ਬੈਠਾ ਸੀ l
ਏਸ ਸੰਬੰਧ ਵਿੱਚ ਬਿਜਲੀ ਨਿਗਮ ਇਨਫੋਰਸਮੈਂਟ ਵਿੰਗ ਦੇ ਡਿਪਟੀ ਮੁੱਖ ਇੰਜੀਨੀਅਰ ਸਤਨਾਮ ਸਿੰਘ ਜਾਣਕਾਰੀ ਦਿੰਦਿਆਂ ਦੱਸਦੇ ਨੇ ਕਿ ਬਿਜਲੀ ਵਿਭਾਗ ਨੂੰ ਪਿਛਲੇ ਲੰਬੇ ਸਮੇਂ ਤੋਂ ਸ਼ਿਕਾਇਤਾਂ ਲਿ ਰਹੀਆਂ ਸਨ ਕਿ ਇਸ ਮਾਰਕਿਟ ਅੰਦਰ ਕੁਝ ਲੋਕ ਬਿਜਲੀ ਚੋਰੀ ਰਾਹੀਂ ਵੱਡਾ ਗੋਰਖ ਧੰਦਾ ਚਲਾਈ ਬੈਠੇ ਹਨ.ਲਿਹਾਜ਼ਾ ਉਨ੍ਹਾਂ ਦੀ ਟੀਮ ਨੇ ਲੰਘੀ 6 ਤੇ 7 ਮਾਰਚ ਦੀ ਦਰਮਿਆਨੀ ਰਾਤ ਨੂੰ ਇੱਕ ਵਜੇ ਦੇ ਕਰੀਬ ਏਸ ਮਾਰਕਿਟ ਅੰਦਰ ਛਾਪਾਮਾਰੀ ਕੀਤੀ ਤੇ ਉਨ੍ਹਾਂ ਦੀ ਇਹ ਦੇਖ ਕੇ ਹੈਰਾਨੀ ਦਾ ਟਿਕਾਣਾ ਨਾ ਰਿਹਾ ਕਿ ਏਥੇ ਬਿਜਲੀ ਚੋਰੀ ਕਰਨ ਲਈ ਸਿੱਧੀ ਕੁੰਡੀ ਪਾਈ ਗਈ ਸੀ l ਜਿਸ ਰਾਹੀਂ ਮੌਕੇ ਤੇ ਈ ਰਿਕਸ਼ਾ ਚਾਰਜ ਕਰਨ ਲਈ 54 ਪੁਆਇੰਟ ਬਣਾਏ ਗਏ ਸਨ ਤੇ ਉਨ੍ਹਾਂ ਪੁਆਇੰਟਾਂ ਤੇ 52 ਈ ਰਿਕਸ਼ੇ ਇੱਕੋ ਵੇਲੇ ਚਾਰਜ ਕੀਤੇ ਜਾ ਰਹੇ ਸਨ l ਸਤਨਾਮ ਸਿੰਘ ਅਨੁਸਾਰ ਮਹਿਕਮੇ ਨੇ ਏਸ ਸੰਬੰਧ ਵਿੱਚ ਬਿਜਲੀ ਐਕਟ 2003 ਤਹਿਤ ਨਾ ਸਰਫ ਸੰਦੀਪ ਸ਼ਰਮਾ ਨਾਮ ਦੇ ਵਿਅਕਤੀ ਖਿਲਾਫ ਪਰਚਾ ਦਰਜ ਕਰਵਾਇਆ ਬਲਕਿ ਬਿਜਲੀ ਚੋਰੀ ਕਰਨ ਤੇ 32 ਲੱਖ 65920 ਰੁਪਏ ਦਾ ਜ਼ੁਰਮਾਨਾ ਵੀ ਕੀਤਾ ਗਿਆ l ਉਨ੍ਹਾਂ ਕਿਹਾ ਕਿ ਇਸ ਬਿਜਲੀ ਚੋਰੀ ਲਈ ਜ਼ਿੰਮੇਵਾਰ ਮਹਿਕਮੇ ਦੇ ਮੁਲਾਜ਼ਮਾਂ ਖਿਲਾਫ ਵੀ ਅਨੁਸ਼ਾਸਨਿਕ ਕਾਰਵਾਈ ਕੀਤੀ ਜਾ ਰਹੀ ਹੈ l ਅਧਿਕਾਰੀ ਨੇ ਅੱਗੇ ਦੱਸਿਆ ਕਿ ਬਿਜਲੀ ਚੋਰੀ ਦੇ ਇੰਨੇ ਵੱਡੇ ਖੁਲਾਸੇ ਤੋਂ ਬਾਅਦ ਬਿਜਲੀ ਨਿਗਮ ਹੁਣ ਹੋਰ ਵੀ ਜ਼ਿਆਦਾ ਸਤਰਕ ਹੋ ਗਿਆ ਹੈ ਤੇ ਅਜਿਹੀਆਂ ਹੋਰ ਚੋਰੀਆਂ ਫੜਨ ਲਈ ਪੰਜਾਬ ਭਰ ਵਿੱਚ ਛਾਪੇਮਾਰੀਆਂ ਕੀਤੀਆਂ ਜਾਣਗੀਆਂ l
