ਲੁਧਿਆਣਾ : ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਪੱਧਰ ਤੇ ਲਾਕਡਾਊਨ ਦੇ ਵਿੱਚ ਸ਼ਨੀਵਾਰ ਨੂੰ 16 ਨੌਜਵਾਨ ਨੈਸ਼ਨਲ ਹਾਈਵੇ ਤੇ ਬਸਤੀ ਜੋਧੇਵਾਲ ਦੇ ਨਜ਼ਦੀਕ ਪੈਦਲ ਹੀ ਚਲੇ ਜਾ ਰਹੇ ਸਨ।ਮੋਢਿਆਂ ਤੇ ਬੈਗ ਟੰਗੇ ਹੋਏ ਸਨ।ਅਚਾਨਕ ਇੰਨੇ ਲੋਕਾਂ ਨੂੰ ਇੱਕਠੇ ਦੇਖ ਕੇ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੁਣ ਕੇ ਹੈਰਾਨੀ ਹੋਈ।ਉਨ੍ਹਾਂ ਨੇ ਕਿਹਾ ਕਿ ਉਹ ਦਿੱਲੀ ਤੋਂ ਜੰਮੂ ਪੈਦਲ ਜਾ ਰਹੇ ਹਨ।ਉਨ੍ਹਾਂ ਦੇ 30 ਸਾਥੀ ਹੋਰ ਵੀ ਹਨ, ਜਿਹੜੇ ਕਿ ਪਿੱਛੇ ਆ ਰਹੇ ਹਨ।ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਦਿੱਲੀ ਵਿੱਚ ਟਰਾਂਸਪੋਰਟਰ ਦੀ ਲੇਬਰ ਦਾ ਕੰਮ ਕਰਦੇ ਹਨ।ਰੋਜ਼ਾਨਾ ਕਮਾਉਂਦੇ ਹਨ ਅਤੇ ਉਸ ਨਾਲ ਹੀ ਰੋਜ਼ਾਨਾ ਖਾਂਦੇ ਹਨ।ਕੁਝ ਦਿਨ ਪਹਿਲਾਂ ਕੋਰੋਨਾ ਵਾਇਰਸ ਦੇ ਕਾਰਲ ਲਾਕਡਾਊਨ ਹੋ ਗਿਆ।ਉਸ ਦੇ ਨਾਲ ਹੀ ਸਮਾਨ ਵੀ ਮਹਿੰਗਾ ਹੋ ਗਿਆ।ਜੇਬ ਵਿੱਚ ਪੈਸੇ ਨਹੀਂ ਹਨ ਤਾਂ ਖਾਣ ਦੇ ਲਈ ਕਿੱਥੋਂ ਲਿਆਉਣ ਜਿਸ ਦੇ ਕੋਲ ਕੰਮ ਕਰਦੇ ਹਨ, ਉਹ ਪੈਸੇ ਦੇਣ ਨੂੰ ਤਾਂ ਤਿਆਰ ਸੀ ਪਰ ਲਾਕਡਾਊਨ ਦਾ ਨਹੀਂ ਪਤਾ ਕਿੰਨਾ ਲੰਬਾ ਖਿੱਚਿਆ ਜਾਵੇ।ਇਸ ਲਈ ਅਸੀਂ ਜੰਮੂ ਵਿੱਚ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਾਂ ਤਾਂ ਕਿ ਘਰ ਵਿੱਚ ਜੋ ਕੁਝ ਵੀ ਹੋਵੇਗਾ ਉਸ ਨੂੰ ਖਾ ਕੇ ਹੀ ਗੁਜ਼ਾਰਾ ਕਰ ਲਵਾਂਗੇ।ਟਰੇਨਾਂ, ਬੱਸਾਂ ਅਤੇ ਟਰਾਂਸਪੋਰਟ ਸਭ ਕੁਝ ਬੰਦ ਸੀ।ਨੌਜਵਾਨਾਂ ਨੇ ਕਿਹਾ ਕਿ ਜਦੋਂ ਕੋਈ ਸਾਧਨ ਨਾ ਮਿਲਿਆ ਤਾਂ ਉਹ ਪੈਦਲ ਹੀ ਚੱਲ ਪਏ।ਰਸਤੇ ਵਿੱਚ ਕੁਝ ਜਗ੍ਹਾ ਪੁਲਿਸ ਨੇ ਰੋਕਿਆ ਤਾਂ ਅਸੀਂ ਆਪਣੀ ਮਜ਼ਬੂਰੀ ਦੱਸੀ ਤੇ ਉਨ੍ਹਾਂ ਨੇ ਸਾਡੀ ਮਦਦ ਵੀ ਕੀਤੀ।ਪੁਲਿਸ ਸਾਨੂੰ ਹਾਈਵੇ ਤੋਂ ਲੰਘ ਰਹੀ ਕਿਸੀ ਨਾ ਕਿਸੀ ਗੱਡੀ ਵਿੱਚ ਬਿਠਾ ਦਿੰਦੀ ਹੈ।ਉਹ ਗੱਡੀ ਥੋੜੀ ਦਗ਼ਰ ਜਾ ਕੇ ਜਦੋਂ ਸਾਨੂੰ ਉਤਾਰ ਦਿੰਦੀ ਹੈ ਤਾਂ ਅਸੀਂ ਪੈਦਲ ਹੀ ਚੱਲ ਪੈਂਦੇ ਹਾਂ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਵੀ ਬਹੁਤ ਮਦਦ ਕੀਤੀ।ਸਰਹਿੰਦ ਤੋਂ ਵੀ ਪੁਲਿਸ ਨੇ ਹਾਈਵੇ ਤੋਂ ਲੰਘ ਰਹੀ ਇੱਕ ਗੱਡੀ ਵਿੱਚ ਬਿਠਾ ਦਿੱਤਾ ਸੀ, ਜਿਸ ਦੇ ਰਾਹੀਂ ਅਸੀਂ ਲੁਧਿਆਣਾ ਤੱਕ ਪਹੁੰਚ ਗਏ।ਹੁਣ ਅੱਗੇ ਦਾ ਸਫਰ ਫੇਰ ਤੋਂ ਪੈਦਲ ਹੀ ਤੈਅ ਕਰ ਰਹੇ ਹਾਂ।
