ਪਟਿਆਲਾ : ਹੋਲੀ ਮੌਕੇ ਜਿੱਥੇ ਇੱਕ ਪਾਸੇ ਬਠਿੰਡਾ ਦੇ ਐਸਐਸਪੀ ਨੇ ਖੁਦ ਸੜਕਾਂ ਤੇ ਉਤਰ ਕੇ ਸ਼ਰਾਰਤੀ ਅਨਸਰਾਂ ਤੇ ਕਾਰਵਾਈ ਕਰਦਿਆਂ ਚੰਗੀ ਧੱਕ ਪਾਈ, ਉੱਥੇ ਦੂਜੇ ਪਾਸੇ ਜਿਸ ਮੁੱਖਮੰਤਰੀ ਦੇ ਅਧੀਨ ਪੰਜਾਬ ਦਾ ਗ੍ਰਹਿ ਵਿਭਾਗ ਅਤੇ ਸਾਰੀ ਪੁਲਿਸ ਐ।ਉਸ ਮੁੱਖਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਅੰਦਰ ਉਸੇ ਦਿਨ ਕੁਝ ਨੌਜਵਾਨਾਂ ਨੇ ਸੜਕਾਂ ਤੇ ਅਜਿਹਾ ਗੰਦ ਪਾਇਆ ਕਿ ਨਾ ਤਾਂ ਉਨ੍ਹਾਂ ਨੇ ਪੱਤਰਕਾਰ ਬਖਸ਼ੇ ਨਾ ਆਮ ਲੋਕ ਤੇ ਨਾ ਪੁਲਿਸ ਵਾਲੇ।ਇਨ੍ਹਾਂ ਭੂਸਰੇ ਹੋਏ ਨੌਜਵਾਨਾਂ ਵਿੱਚੋਂ ਇੱਕ ਤਾਂ ਤਲਵਾਰ ਲੈ ਕੇ ਸੜਕ ਤੇ ਉਤਰ ਗਿਆ ਤੇ ਰਾਹ ਜਾਂਦੇ ਇੱਕ ਪੱਤਰਕਾਰ ਦੀ ਧੌਣ ਵਿੱਚ ਥੱਪੜ ਮਾਰਨ ਤੋਂ ਬਾਅਦ ਕਈ ਗੱਡੀਆਂ ਦੇ ਸ਼ੀਸ਼ੇ ਭੰਨਦਾ ਸੜਕਾਂ ਉੱਤੇ ਸਾਨ੍ਹ ਵਾਂਗ ਫੁੰਕਾਰੇ ਮਾਰਦਾ ਹਰ ਆਉਣ ਜਾਣ ਵਾਲੇ ਨੂੰ ਵੰਗਾਰਦਾ ਰਿਹਾ।ਇੱਧਰ ਥੱਪੜ ਖਾਣ ਤੋਂ ਬਾਅਦ ਪੱਤਰਕਾਰ ਨੇ ਜਦੋਂ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਤਾਂ ਪੁਲਿਸ ਵਾਲਿਆਂ ਨੇ ਉਸ ਨੌਜਵਾਨ ਨੂੰ ਫੜਣ ਦੀ ਕੋਸਿ਼ਸ਼ ਤਾਂ ਕੀਤੀ ਪਰ ਹੋਲੀ ਵਾਲੇ ਦਿਨ ਉਹ ਨੌਜਵਾਨ ਪਤਾ ਨੀ ਕੀ ਖਾਈ ਬੈਠਾ ਸੀ ਕਿ ਉਸ ਨੇ ਪੁਲਿਸ ਵਾਲਿਆਂ ਵਿੱਚੋਂ ਇੱਕ ਹਵਲਦਾਰ ਦੀ ਨਾ ਸਿਰਫ ਵਰਦੀ ਫਾੜ ਦਿੱਤੀ ਬਲਕਿ ਉਸ ਨਾਲ ਧੱਕਾਮੁੱਕੀ ਕਰਦਿਆਂ ਮੌਕੇ ਤੋਂ ਫਰਾਰ ਹੋ ਗਿਆ।
ਪਟਿਆਲਾ ਦੇ ਕੁਮਾਰ ਸਭਾ ਸਕੂਲ ਦੇ ਪਿਛਲੇ ਪਾਸੇ ਪੈਂਦੀ ਬਸਤੀ ‘ਚ ਵਾਪਰੀ ਇਸ ਹੌਲਨਾਕ ਘਟਨਾ ਦੌਰਾਨ ਜਦੋਂ ਪੁਲਿਸ ਨੂੰ ਇਸ ਗੁੰਡਾਗਰਦੀ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਦੌੌੜ ਕੇ ਬਸਤੀ ਅੰਦਰ ਵੜ ਗਏ ਮੁੰਡੇ ਦਾ ਪਿੱਛਾ ਕਰਦੇ ਉਸ ਬਸਤੀ ਅੰਦਰ ਹੀ ਚਲੇ ਗਏ, ਜਿੱਥੇ ਮੁੰਡੇ ਨੇ ਪੁਲਿਸ ਦੀ ਅੱਧਾ ਘੰਟਾ ਤੱਕ ਕੋਠੇ ਕੰਧਾਂ ਟੱਪ ਟੱਪ ਕੇ ਖੂਬ ਭਕਾਈ ਕਰਵਾਈ।ਇਸ ਦੌਰਾਨ ਜਦੋਂ ਉਹ ਇੱਕ ਕੰਧ ਤੋਂ ਟੱਪ ਕੇ ਦੂਜੇ ਕੋਠੇ ਤੇ ਜਾ ਚੜਦਾ ਸੀ ਤਾਂ ਲੋਕ ਰੌਲਾ ਪਾ ਦਿੰਦੇ ਕਿ ਉਹ ਗਿਆ ਉੱਧਰ ਗਿਆ।ਜਿਸ ਤੋਂ ਬਾਅਦ ਪੁਲਿਸ ਵਾਲੇ ਵੀ ਉਸ ਦੇ ਮਗਰੇ ਕੰਧਾਂ ਟੱਪਦੇ ਉਸ ਨੂੰ ਫੜਣ ਦੀ ਕੋਸਿ਼ਸ਼ ਕਰਦੇ ਰਹੇ।ਤਕਰੀਬਨ ਅੱਧਾ ਘੰਟਾ ਜੱਗਾ ਡਾਕੂ ਫਿਲਮ ਵਰਗਾ ਸੀਨ ਬਣਨ ਤੋਂ ਬਾਅਦ ਜਦੋਂ ਮੁੰਡਾ ਫੜਿਆ ਗਿਆ ਤਾਂ ਪਤਾ ਲੱਗਾ ਕਿ ਉਸ ਦਾ ਨਾਮ ਰਾਜਵੀਰ ਰਾਜਾ ਹੈ ਤੇ ਉਹ ਭੀਮ ਨਗਰ ਦਾ ਰਹਿਣ ਵਾਲਾ ਹੈ।ਪੁਲਿਸ ਨੇ ਰਾਜਵੀਰ ਰਾਜਾ ਨੂੰ ਟਰੈਫਿਕ ਹਵਲਦਾਰ ਲਖਵਿੰਦਰ ਸਿੰਘ ਦੀ ਵਰਦੀ ਫਾੜਨ ਅਤੇ ਉਸ ਦੀ ਸਰਕਾਰੀ ਡਿਊਟੀ ‘ਚ ਵਿਘਨ ਪਾਉਣ ਤੇ ਹੋਰ ਕਈ ਜ਼ੁਰਮਾਂ ਤਹਿਤ ਪਰਚਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
