ਪਟਿਆਲਾ : ਇਥੋਂ ਦੀ ਤਹਿਸੀਲ ਪਾਤੜਾਂ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਇੱਕ ਵਿਅਕਤੀ ਨੂੰ ਗੁਆਂਢੀਆਂ ਨੇ ਕੁੱਟ ਧਰਿਆ । ਇਸ ਗੱਲ ਦੀ ਉਹ ਵਿਅਕਤੀ ਇੰਨੀ ਬੇਇੱਜਤੀ ਮਹਿਸੂਸ ਕਰ ਗਿਆ ਕਿ ਉਸ ਤੋਂ ਬਾਅਦ ਉਸ ਨੇ ਕੋਈ ਜ਼ਹਿਰੀਲੀ ਚੀਜ਼ ਪੀਕੇ ਆਪਣੀ ਜਾਨ ਦੇ ਦਿੱਤੀ। ਇਸ ਸਬੰਧ ਵਿੱਚ ਥਾਣਾ ਪਾਤੜਾਂ ਪੁਲਿਸ ਨੇ 2 ਔਰਤਾਂ ਸਣੇ ਕੁੱਲ 8 ਵਿਅਕਤੀਆਂ ਦੇ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ਼ ਕੀਤਾ ਹੈ ਪਰ ਹਾਲੇ ਤੱਕ ਕਿਸੇ ਦੀ ਕੋਈ ਗਿਰਫਤਾਰੀ ਨਹੀਂ ਹੋ ਸਕੀ ਹੈ।
ਥਾਣਾ ਪਾਤੜਾਂ ਪੁਲਿਸ ਅਨੁਸਾਰ ਇਸ ਕੇਸ ਵਿਚ ਰਾਜਪਤੀ ਵਾਸੀ ਵਾਰਡ ਨੰਬਰ 9 ਧਾਨਕ ਬਸਤੀ ਪਾਤੜਾਂ ਨੇ ਉਨ੍ਹਾਂ ਕੋਲ ਬਿਆਨ ਦਰਜ਼ ਕਰਵਾਇਆ ਹੈ ਕਿ ਉਸ ਦਾ ਪਤੀ ਰਿਸ਼ੀ ਪਾਲ ਸ਼ਰਾਬੀ ਹਾਲਤ ਵਿੱਚ 16 ਮਈ ਨੂੰ ਗਲੀ ਵਿੱਚ ਖੜ੍ਹ ਕੇ ਪਿਸ਼ਾਬ ਕਰ ਰਿਹਾ ਸੀ। ਇਸ ਗੱਲ ਤੋਂ ਨਾਰਾਜ਼ ਹੋ ਕੇ ਗੁਆਂਢ ਵਿੱਚ ਰਹਿਣ ਵਾਲੇ 3 ਭਰਾਵਾਂ ਬਲਜੀਤ ਸਿੰਘ, ਲਾਭ ਸਿੰਘ, ਸੂਬਾ ਸਿੰਘ, ਬਲਜੀਤ ਸਿੰਘ ਦੀ ਪਤਨੀ ਕਿਰਨਾਂ, ਜੱਗਾ ਸਿੰਘ, ਉਸਦੀ ਮਾਂ ਰਾਣੀ, ਸਤੂ ਕੁਮਾਰ ਨਿਵਾਸੀ ਧਾਨਕ ਬਸਤੀ ਪਾਤੜਾਂ ਅਤੇ ਬੁੱਧ ਰਾਮ ਨਿਵਾਸੀ ਜਾਖਲ ਰੋਡ ਪਾਤੜਾਂ ਨੇ ਰਲ ਕੇ ਰਿਸ਼ੀਪਾਲ ਨੂੰ ਬੁਰੀ ਤਰ੍ਹਾਂ ਕੁੱਟ ਧਰਿਆ ।
ਦੋਸ਼ ਹੈ ਕਿ ਇਸ ਮਾਰ ਕੁੱਟ ਕਾਰਨ ਰਿਸ਼ੀਪਾਲ ਕਾਫੀ ਬੇਇੱਜਤੀ ਮਹਿਸੂਸ ਕਰ ਰਿਹਾ ਸੀ। ਜਿਸ ਕਾਰਨ ਉਸਨੇ ਐਤਵਾਰ ਨੂੰ ਇਸੇ ਬੇਇਜ਼ਤੀ ਦੇ ਬੋਝ ਨੂੰ ਨਾ ਸਹਾਰਦੇ ਹੋਏ ਸ਼ਰਾਬ ਵਿੱਚ ਮਿਲਾਕੇ ਕੋਈ ਜ਼ਹਿਰੀਲੀ ਚੀਜ਼ ਪੀ ਲਈ। ਜਿਸ ਮਗਰੋਂ ਉਸਨੂੰ ਸਿਵਿਲ ਹਸਪਤਾਲ ਪਾਤੜਾਂ ਲਿਜਾਇਆ ਗਿਆ। ਜਿਥੋਂ ਡਾਕਟਰਾਂ ਨੇ ਉਸਨੂੰ ਸਿਵਿਲ ਹਸਪਤਾਲ ਸਮਾਣਾ ਰੈਫਰ ਕਰ ਦਿੱਤਾ ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਪੁਲਿਸ ਨੇ ਮੌਤ ਤੋਂ ਬਾਅਦ ਰਿਸ਼ੀਪਾਲ ਕੋਲੋਂ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ, ਜਿਸ ਵਿੱਚ ਰਿਸ਼ੀਪਾਲ ਨੇ ਮਾਰ ਕੁੱਟ ਤੋਂ ਬੇਇੱਜਤੀ ਮਹਿਸੂਸ ਹੋਣ ‘ਤੇ ਆਪਣੀ ਜਾਨ ਦੇਣ ਦੀ ਗੱਲ ਕਹੀ ਹੈ। ਪੁਲਿਸ ਨੇ ਇਸਦੇ ਆਧਾਰ ਤੇ ਸਾਰੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।