ਚੰਡੀਗੜ੍ਹ : ਇੱਕ ਪਾਸੇ ਜਦੋਂ ਡੀਜੀਪੀ ਪੰਜਾਬ ਦਿਨਕਰ ਗੁਪਤਾ ਕਰਤਾਰਪੁਰ ਲਾਂਘੇ ਸੰਬੰਧੀ ਦਿੱਤੇ ਗਏ ਬਿਆਨ ‘ਤੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ, ਉੱਥੇ ਦੂਜੇ ਪਾਸੇ ਪੰਜਾਬ ਪੁਲਿਸ ਦੇ ਲੁਧਿਆਣਾ ਤੋਂ ਮੁਅੱਤਲ ਚੱਲ ਰਹੇ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਇੱਕ ਪੱਤਰਕਾਰ ਸੰਮੇਲਨ ਕਰਕੇ ਸੂਬੇ ਦੇ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸੰਬੰਧ ਅੱਤਵਾਦੀਆਂ ਨਾਲ ਜੋੜਦਿਆਂ ਇੱਕ ਅਜਿਹਾ ਪੱਤਰਕਾਰ ਸੰਮੇਲਨ ਕੀਤਾ ਹੈ l ਜਿਸ ਨੇ ਨਾ ਸਿਰਫ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ, ਬਲਕਿ ਮੁੱਦੇ ਦੀ ਤਾਕ ‘ਚ ਪਹਿਲਾਂ ਹੀ ਪੈਰ ਚੁੱਕੀ ਖੜੀਆਂ ਵਿਰੋਧੀ ਧਿਰਾਂ ਦੇ ਉਸ ਪੈਰਾਂ ਹੇਠ ਇਸ ਮੁੱਦੇ ਵਾਲੀ ਬਟੇਰ ਦੇ ਦਿੱਤੀ ਹੈ l ਜੀ ਹਾਂ ਇਹ ਬਿਲਕੁਲ ਸੱਚ ਐ ‘ਤੇ ਇਹ ਸੱਚ ਕੋਈ ਲੁੱਕ ਛਿਪ ਕੇ ਨਹੀਂ ਬੋਲਿਆ ਗਿਆ ਬਲਕਿ ਬਲਵਿੰਦਰ ਸਿੰਘ ਸੇਖੋਂ ਅਤੇ ਉਨ੍ਹਾਂ ਦੇ ਨਾਲ ਹਾਈਕੋਰਟ ਦੇ ਸੀਨੀਆ ਵਕੀਲ ਆਰ ਐਸ ਬੈਂਸ ਨੇ ਪੱਤਰਕਾਰਾਂ ਦੇ ਕੈਮਰਿਆਂ ਸਾਹਮਣੇ ਬੋਲਿਆ, ਜਿਸ ਵਿੱਚ ਉਨ੍ਹਾਂ ਨੇ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਸ਼ਰੇਆਮ ਦੋਸ਼ ਲਾਇਆ ਕਿ ਉਨ੍ਹਾਂ ਨੇ ਸਾਲ 1992 ਦੌਰਾਨ ਨਾ ਸਿਰਫ ਅੱਤਵਾਦੀਆਂ ਹੱਥੋਂ ਗੁੜ ਮੰਡੀ ਵਿੱਚ ਬੰਬ ਧਮਾਕਾ ਕਰਵਾਇਆ ਬਲਕਿ ਉਨ੍ਹਾਂ ਹੀ ਅੱਤਵਾਦੀਆਂ ਨੂੰ ਪਨਾਹ ਦੇਣ ਬਦਲੇ ਆਪਣੇ ਤਾਏ ਦਾ ਕਤਲ ਕਰਾਉਣ ਦੀ ਸਾਜਿਸ਼ ਵੀ ਰਚੀ l ਗੱਲ ਇੱਥੇ ਹੀ ਨਹੀਂ ਮੁੱਕੀ ਸੇਖੋਂ ਅਨੁਸਾਰ ਭਿੰਡਰਾਂਵਾਲਾ ਟਾਈਗਰ ਪੋਸਟ ਦੇ ਜਿਹੜੇ ਅੱਤਵਾਦੀ ਉਨ੍ਹਾਂ ਕੋਲ ਆ ਕੇ ਰੁਕਦੇ ਸਨ ਉਨ੍ਹਾਂ ਵੱਲੋਂ ਦਿੱਤੇ ਗਏ ਹਥਿਆਰ ਅਤੇ ਹੋਰ ਸਮਾਨ ਨੂੰ ਵੀ ਉਹ ਅੱਗੇ ਜਾ ਕੇ ਦੱਸੀ ਗਈ ਥਾਂ ‘ਤੇ ਪਹੁੰਚਾ ਦਿੰਦੇ ਸਨ ਤੇ ਏਸ ਸਾਰੇ ਦੋਸ਼ਾਂ ਨੂੰ ਸਾਬਿਤ ਕਰਨ ਲਈ ਸੇਖੋਂ ਤੇ ਉਨ੍ਹਾਂ ਦੇ ਵਕੀਲ ਬੈਂਸ ਨੇ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਸਾਲ 1992 ਦੌਰਾਨ ਟਾਡਾ ਤਹਿਤ ਦਰਜ ਕੀਤੇ ਗਏ ਪਰਚੇ ਵਿੱਚ ਆਸ਼ੂ ਵੱਲੋਂ ਐਸਪੀ ਲੈਵਲ ਦੇ ਅਧਿਕਾਰੀ ਅੱਗੇ ਦਿੱਤੇ ਇਕਬਾਲੀਆ ਬਿਆਨ ਦੀਆਂ ਤਸਦੀਕਸ਼ੁਦਾ ਕਾਪੀਆਂ ਵੀ ਆਪਣੇ ਕੋਲ ਹੋਣ ਦਾ ਦਾਅਵਾ ਕੀਤੈ l
ਬਲਵਿੰਦਰ ਸਿੰਘ ਸੇਖੋਂ ਅਤੇ ਆਰ ਐਸ ਬੈਂਸ ਅਨੁਸਾਰ ਉਸ ਇਕਬਾਲੀਆ ਬਿਆਨ ਵਿੱਚ ਭਾਰਤ ਭੂਸ਼ਣ ਆਸ਼ੂ ਨੇ ਆਪ ਖੁਦ ਮੰਨਿਐ ਕਿ ਭਿੰਡਰਾਂਵਾਲਾ ਟਾਈਗਰ ਫੋਰਸ ਨਾਲ ਸੰਬੰਧਿਤ ਰਹੇ ਅੱਤਵਾਦੀ ਚਰਨਜੀਤ ਸਿੰਘ ਉਰਫ ਚੰਨਾ, ਜ਼ਰਨੈਲ ਸਿੰਘ, ਦਰਸ਼ਨ ਸਿੰਘ ਲਸੋਈ, ਜੱਸਾਂ ਮੁਲਾਂਪੁਰੀਆ, ਦਵਿੰਦਰ ਸਿੰਘ, ਰਜਿੰਦਰ ਸਿੰਘ ਆਦਿ ਨੂੰ ਆਸ਼ੂ ਹੀ ਪਨਾਹ ਦਿੰਦਾ ਸੀ ਤੇ ਹਥਿਆਰ ਮੁਹੱਈਆ ਕਰਵਾਉਂਦਾ ਸੀ l ਏਸ ਤੋਂ ਇਲਾਵਾ ਸਾਲ 1992 ਵਿੱਚ ਗੁੜ ਮੰਡੀ ਲੁਧਿਆਣਾ ਅੰਦਰ ਜਿਹੜਾ ਬੰਬ ਧਮਾਕਾ ਹੋਇਆ ਸੀ ਉਸ ਦੀ ਸਾਜਿਸ਼ ਵੀ ਆਸ਼ੂ ਅਤੇ ਅੱਤਵਾਦੀਆਂ ਨੇ ਆਸ਼ੂ ਹੋਰਾਂ ਦੀ ਡੇਅਰੀ ‘ਤੇ ਬੈਠ ਕ ਘੜੀ ਸੀ l ਜਿਸ ਦੌਰਾਨ ਆਸ਼ੂ ਨੇ ਹੀ ਉਨ੍ਹਾਂ ਨੂੰ ਗੁੜ ਮੰਡੀ ਅੰਦਰ ਬੰਬ ਧਮਾਕਾ ਕਰਨ ਦੀ ਸਲਾਹ ਦਿੱਤੀ ਸੀ ਤਾਂ ਕਿ ਉੱਥੇ ਵੱਧ ਤੋਂ ਵੱਧ ਮੌਤਾਂ ਹੋ ਸਕਣ l ਸੇਖੋਂ ਅਨੁਸਾਰ ਉਸ ਇਕਬਾਲੀਆ ਬਿਆਨ ਵਿੱਚ ਆਸ਼ੂ ਨੇ ਇਹ ਵੀ ਮੰਨਿਆ ਕਿ ਉਸ ਦੇ ਕੋਲ ਪਨਾਹ ਲੈਣ ਵਾਲੇ ਅੱਤਵਾਦੀਆਂ ਨੇ ਉਸ ਕੋਲ ਇਹ ਕਬੂਲ ਕੀਤਾ ਸੀ ਕਿ ਉਨ੍ਹਾਂ ਨੇ 3 ਔਰਤਾਂ ਅਤੇ 1ਹਵਲਦਾਰ ਦਾ ਵੀ ਕਤਲ ਕੀਤਾ ਹੈ l ਪਰ ਇਸ ਦੇ ਬਾਵਜੂਦ ਨਾ ਤਾਂ ਉਨ੍ਹਾਂ ਪੁਲਿਸ ਅਧਿਕਾਰੀਆਂ ਨੇ ਹੀ ਅੱਗੇ ਉਸ ਇਕਬਾਲੀਆ ਬਿਆਨ ਦੀ ਕਾਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਆਸ਼ੂ ਨੂੰ ਸਜ਼ਾ ਦਿਵਾਈ ‘ਤੇ ਨਾ ਹੀ ਜਿਹੜੇ ਹੋਰ ਕਤਲਾਂ ਸੰਬੰਧੀ ਆਸ਼ੂ ਨੇ ਆਪਣਾ ਜ਼ੁਰਮ ਇੱਕ ਗਜ਼ਟਿਡ ਅਧਿਕਾਰੀ ਕੋਲ ਕਬੂਲ ਕੀਤਾ ਸੀ, ਉਸ ਕਬੂਲ ਨਾਮੇ ਨੂੰ ਅੱਗੇ ਉਨ੍ਹਾਂ ਥਾਣਿਆਂ ਨੂੰ ਭੇਜਿਆ ਜਿਨ੍ਹਾਂ ਥਾਣਿਆਂ ਵਿੱਚ ਉਨ੍ਹਾਂ ਕਤਲਾਂ ਦੇ ਪਰਚੇ ਦਰਜ ਹੋਏ ਸਨ l ਜਿਨ੍ਹਾਂ ਕਤਲਾਂ ਸੰਬੰਧੀ ਆਸ਼ੂ ਕੋਲ ਠਹਿਰਨ ਵਾਲੇ ਅੱਤਵਾਦੀਆਂ ਨੇ ਆਪਣਾ ਜ਼ੁਰਮ ਕਬੂਲ ਕੀਤਾ ਸੀ l
ਬਲਵਿੰਦਰ ਸਿੰਘ ਸੇਖੋਂ ਨੇ ਅੱਗੇ ਦੋਸ਼ ਲਾਇਆ ਕਿ ਭਾਰਤ ਭੂਸ਼ਣ ਆਸ਼ੂ ਨਾਲ ਸੰਬੰਧਿਤ ਕੇਸ ਦਾ ਸਿਰਡ 5 ਪ੍ਰਤੀਸ਼ਤ ਮਾਮਲੇ ਵਾਲਾ ਹੀ ਚਲਾਨ ਪੇਸ਼ ਕੀਤਾ ਗਿਆ l ਜਿਸ ਵਿੱਚੋਂ ਉਹ ਆਸਾਨੀ ਨਾਲ ਬਰੀ ਹੋ ਗਿਆ l ਸੇਖੋਂ ‘ਤੇ ਉਨ੍ਹਾਂ ਦੇ ਵਕੀਲ ਨੇ ਇਹ ਮੰਗ ਕੀਤੀ ਕਿ ਵਿਧਾਨ ਸਭਾ ‘ਚ ਬੈਠੇ 116 ਵਿਧਾਇਕ ਅਜਿਹੇ ਮੰਤਰੀ ਵਿਰੁੱਧ ਕਾਰਵਾਈ ਕਰਕੇ ਉਸ ਨੂੰ ਸਜ਼ਾ ਦਿਵਾਉਣ l ਜਦਕਿ ਦੂਜੇ ਪਾਸੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤ ਭੂਸ਼ਣ ਆਸ਼ੂ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਇਹ ਸਾਰਾ ਕੁਝ ਸੇਖੋ ਨੇ ਉਨ੍ਹਾਂ ਦੇ ਵਿਰੋਧੀਆਂ ਨਾਲ ਮਿਲ ਕੇ ਇੱਕ ਸਾਜਿਸ਼ ਤਹਿਤ ਕੀਤਾ ਹੈ l ਆਸ਼ੂ ਨੇ ਸਵਾਲ ਕੀਤਾ ਕਿ ਬਲਵਿੰਦਰ ਸਿੰਘ ਸੇਖੋਂ ਨੇ ਇਨ੍ਹਾਂ ਮਾਮਲਿਆਂ ਸੰਬੰਧੀ ਖੁਲਾਸੇ ਕਰਨ ਦਾ ਸਮਾਂ ਉਸ ਵੇਲੇ ਕਿਉਂ ਰੱਖਿਆ ਜਦੋਂ ਵਿਧਾਨਸਭਾ ਦਾ ਸ਼ੈਸ਼ਨ ਚੱਲ ਰਿਹਾ ਸੀ l
