ਲੁਧਿਆਣਾ : ਬੀਤੇ ਦਿਨੀਂ ਪੰਜਾਬ ਦੇ ਸਾਬਕਾ ਉੱਪ ਮੁੰਖਮੰਤਰੀ ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਨੇ ਬਠਿੰਡਾ ਦੇ ਡੀਸੀ ਨੂੰ ਫੋਨ ਲਾ ਕੇ ਇਹ ਸਿ਼ਕਾਇਤ ਕਰਦਿਆਂ ਦੇਖਿਆ ਸੀ ਕਿ ਉੱਥੋਂ ਦੇ ਲੋਕਲ ਸੱਤਾਧਾਰੀ ਐਮਸੀ ਉਹ ਸਰਕਾਰੀ ਰਾਸ਼ਨ ਦੱਬ ਕੇ ਬੈਠ ਗਏ ਹਨ, ਜਿਹੜਾ ਗਰੀਬ ਲੋਕਾਂ ਲਈ ਬਿਨਾਂ ਕਿਸੇ ਪੱਖਪਾਤ ਤੋਂ ਸਰਕਾਰ ਵੱਲੋਂ ਭੇਜਿਆ ਗਿਆ ਸੀ ਤੇ ਇਸ ਮਾਮਲੇ ਸੰਬੰਧੀ ਬਠਿੰਡਾ ਦੇ ਡੀਸੀ ਨਾਲ ਜੋ ਗੱਲ ਹੋਈ ਉਹ ਸਾਰੀ ਵੀਡੀਓ ਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ, ਜਿਸ ਵਿੱਚ ਸਾਫ ਦਿਖਾਈ ਦਿੱਤਾ ਕਿ ਡੀਸੀ ਬਠਿੰਡਾ ਸੁਖਬੀਰ ਬਾਦਲ ਨੂੰ ਮਾਮਲੇ ਦੀ ਜਾਂਚ ਕਰਕੇ ਊਣਤਾਈਆਂ ਨੂੰ ਦੂਰ ਕਰਨ ਦਾ ਭਰੋਸਾ ਦੇ ਰਹੇ ਸਨ।ਇਹੋ ਜਿਹਾ ਹੀ ਇੱਕ ਮਾਮਲਾ ਹੁਣ ਲੁਧਿਆਣਾ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ ਨਾਲ ਵਿਰੋਧੀ ਧਿਰ ਦੇ ਐਮਸੀਆਂ ਵੱਲੋਂ ਕੀਤੀ ਗਈ ਮੀਟਿੰਗ ਦੌਰਾਨ ਉਸ ਵੇਲੇ ਦਿਖਿਆ ਜਦੋਂ ਵਿਰੋਧੀ ਧਿਰ ਦੇ ਐਮਸੀਆਂ ਨੇ ਉਨ੍ਹਾਂ ਦੇ ਵਾਰਡਾਂ ਵਿੱਚ ਸਰਕਾਰੀ ਰਾਸ਼ਨ ਨਾ ਭੇਜੇ ਜਾਣ ਦੇ ਦੋਸ਼ ਲਾਏ।
ਏਸ ਸੰਬੰਧੀ ਜ਼ੋਨ ਡੀ ‘ਚ ਖਾਸ ਕਰ ਅਕਾਲੀ ਭਾਜਪਾ ਐਮਸੀਆਂ ਨੇ ਮੇਅਰ ਬਲਕਾਰ ਸਿੰਘ ਸੰਧੂ ਨਾਲ ਮੀਟਿੰਗ ਕੀਤੀ ਸੀ ਜਿਸ ਵਿੱਚ ਐਮਸੀਆਂ ਨੇ ਪੂਰੇ ਗੁੱਸੇ ‘ਚ ਆ ਕੇ ਦੋਸ਼ ਲਾਏ ਕਿ ਜਿ਼ਲ੍ਹਾ ਪ੍ਰਸ਼ਾਸ਼ਨ ਤੇ ਨਗਰ ਨਿਗਮ ਵੱਲੋਂ ਸਿਰਫ ਕਾਂਗਰਸੀ ਐਮਸੀਆਂ ਦੇ ਵਾਰਡਾਂ ਵਿੱਚ ਹੀ ਰਾਸ਼ਨ ਵੰਡਿਆ ਜਾ ਰਿਹਾ ਹੈ।ਇਸ ਮੀਟਿੰਗ ਵਿੱਚ ਅਕਾਲੀ ਭਾਜਪਾ ਤੇ ਲੋਕ ਇਨਸਾਫ ਪਾਰਟੀ ਦੇੇ ਐਮਸੀਆਂ ਨੇ ਸਿ਼ਰਕਤ ਕੀਤੀ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵਾਰਡਾਂ ਵਿੱਚ ਅਜੇ ਤੱਕ ਸਰਕਾਰੀ ਰਾਸ਼ਨ ਆਇਆ ਸੀ ਨਹੀਂ।ਜਿਸ ਵਿੱਚ ਐਮਸੀ ਜਸਪਾਲ ਸਿੰਘ ਗਿਆਸਪੁਰਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਰਾਸ਼ਨ ਨਾ ਮਿਲਣ ਕਾਰਨ ਲੋਕਾਂ ਨੇ ਉਨ੍ਹਾਂ ਦੇ ਦਫਤਰ ‘ਚ ਭੰਨਤੋੜ ਕਰਨ ਦੀ ਵੀ ਕੋਸਿ਼ਸ਼ ਕੀਤੀ ਹੈ।ਗਿਆਸਪੁਰਾ ਨੇ ਮੰਗ ਕੀਤੀ ਕਿ ਸਰਕਾਰ ਸਾਰੇ ਵਾਰਡਾਂ ‘ਚ ਬਿਨਾਂ ਕਾਣੀ ਵੰਡ ਕੀਤਿਆਂ ਰਾਸ਼ਨ ਵੰਡਾਏ ਤਾਂ ਕਿ ਲੋਕਾਂ ਨੂੰ ਭੁੱਖ ਤੋਂ ਮਰਨੋਂ ਬਚਾਇਆ ਜਾ ਸਕੇ।
ਇੱਧਰ ਦੂਜੇ ਪਾਸੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਅਜਿਹਾ ਹੋ ਤਾਂ ਨਹੀਂ ਸਕਦਾ ਪਰ ਜੇਕਰ ਕਿਤੇ ਕਿਸੇ ਪਾਸੇ ਸਿਸਟਮ ਵਿੱਚ ਕੋਈ ਗਲਤੀ ਹੋਈ ਹੈ ਤਾਂ ਉਸ ਨੂੰ ਤੁਰੰਤ ਸੁਧਾਰਿਆ ਜਾਵੇਗਾ ਤੇ ਉਹ ਆਪ ਖੁਦ ਫੀਲਡ ਵਿੱਚ ਜਾ ਕੇ ਰਾਸ਼ਨ ਵੰਡਣ ਲੱਗਿਆਂ ਮੌਕੇ ਦੀ ਨਿਗਰਾਨੀ ਕਰਨਗੇ ਤਾਂ ਕਿ ਹਰ ਵਾਰਡ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਸਹੀ ਢੰਗ ਨਾਲ ਰਾਸ਼ਨ ਵੰਡਾਇਆ ਜਾ ਸਕੇ।
