ਤਰਨਤਾਰਨ : ਤਰਨਤਾਰਨ ਵਿੱਚ ਗੁਰਦੁਆਰੇ ਦੇ ਇੱਕ ਗ੍ਰੰਥੀ ਵੱਲੋਂ ਪਾਠ ਸਿੱਖਣ ਆਈ ਨਾਬਾਲਿਗ ਕੁੜੀ ਨਾਲ ਗਲਤ ਹਰਕਤ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਹ ਸਭ ਘਟਨਾ ਗੁਰੂਘਰ ਦੇ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।ਘਟਨਾ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿੱਚ ਬਹੁਤ ਗੁੱਸਾ ਹੈ।ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਮਗਰੋਂ ਗ੍ਰੰਥੀ ਅਤੇ ਪ੍ਰਧਾਨ ਦੇ ਖਿਲਾਫ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਘਟਨਾ ਪਿੰਡ ਮੇਹੰਦੀਪੁਰ ਦੇ ਗੁਰਦੁਆਰੇ ਦੀ ਹੈ। ਮਿਲੀ ਜਾਣਕਾਰੀ ਮੁਤਾਬਿਕ, 16 ਸਾਲ ਦੀ ਇੱਕ ਕੁੜੀ ਗੁਰੂਘਰ ਵਿੱਚ ਪਾਠ ਸਿੱਖਣ ਜਾਂਦੀ ਸੀ।ਉੱਥੇ ਗ੍ਰੰਥੀ ਬਲਬੀਰ ਸਿੰਘ ਨੇ ਉਸ ਨਾਲ ਜ਼ੋਰ ਜ਼ਬਰਦਸਤੀ ਤੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।ਜਦ ਇਸ ਬਾਰੇ ਵਿੱਚ ਕੁੜੀ ਨੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਦੱਸਿਆ ਤਾਂ ਉਹ ਭੜਕ ਗਏ ਅਤੇ ਇਸ ਦੀ ਸਿਕਾਇਤ ਪੁਲਿਸ ਨੂੰ ਦੇ ਕੇ ਗ੍ਰੰਥੀ ਦੇ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ।
ਇਸ ਦੌਰਾਨ ਜਦ ਗੁਰਦੁਆਰੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਗ੍ਰੰਥੀ ਦੀਆਂ ਇਹ ਗੰਦੀਆਂ ਹਰਕਤਾਂ ਸਾਫ ਨਜ਼ਰ ਆਈਆਂ। ਇਸ 2 ਮਿੰਟ 54 ਸੈਕਿੰਡ ਦੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਦੇ ਸਾਹਮਣੇ ਵੱਡੀ ਉਮਰ ਦਾ ਗ੍ਰੰਥੀ ਨਾਬਾਲਿਗ ਦੇ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਹੈ, ਤੇ ਕੁੜੀ ਇਸ ਦਾ ਵਿਰੋਧ ਵੀ ਕਰ ਰਹੀ ਹੈ।
ਪੀੜਿਤ ਦੇ ਰਿਸ਼ਤੇਦਾਰਾਂ ਨੇ ਸਿਕਾਇਤ ਦੇ ਨਾਲ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਹ ਸੀਸੀਟੀਵੀ ਵੀਡੀਓ ਵੀ ਸੌਂਪਿਆ ਹੈ। ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਦੇ ਬਾਅਦ ਗ੍ਰੰਥੀ ਅਤੇ ਪ੍ਰਧਾਨ ਦੇ ਖਿਲਾਫ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
