ਜਲੰਧਰ ; ਬਿਹਾਰ ਦੇ ਜੈਨਗਰ ਤੋਂ ਚੱਲ ਕੇ ਅੰਮ੍ਰਿਤਸਰ ਜਾਣ ਵਾਲੀ ਸਰਯੂ ਯਮੁਨਾ ਐਕਸਪ੍ਰੈਸ ਵਿੱਚ ਬੁੱਧਵਾਰ ਰਾਤ ਨੂੰ 10.30 ਵਜੇ ਉਸ ਸਮੇਂ ਅੱਗ ਲਗ ਗਈ, ਜਦੋਂ ਇਹ ਕਰਤਾਰਪੁਰ ਸਟੇਸ਼ਨ ਤੇ ਪਹੁੰਚੀ l ਇਹ ਟ੍ਰੇਨ ਜਦੋਂ ਜਲੰਧਰ ਤੋਂ ਹੋ ਕੇ ਕਰਤਾਰਪੁਰ ਪਹੁੰਚੀ ਤਾਂ ਉੱਥੋਂ ਦੇ ਸਟੇਸ਼ਨ ਮਾਸਟਰ ਜੰਗ ਬਹਾਦੁਰ ਨੇ ਐਸ1, ਐਸ2, ਐਸ3 ਡੱਬਿਆਂ ਤੋਂ ਧੂੰਆਂ ਉੱਠਦਾ ਦੇਖ ਕੇ ਯਾਤਰੀਆਂ ਨੂੰ ਤੁਰੰਤ ਉਤਾਰ ਕੇ ਫ਼ਇਰ ਬ੍ਰਿਗੇਡ ਨੂੰ ਸੂਚਿਤ ਕੀਤਾ l ਜਦੋਂ ਤੱਕ ਫ਼ਾਇਰ ਬ੍ਰਿਗੇਡ ਆਈ ਤਾਂ ਐਸ2 ਦਾ ਕੋਚ ਪੂਰੀ ਤਰ੍ਹਾਂ ਜਲ ਗਿਆ ਸੀ l ਸਟੇਸ਼ਨ ਮਾਸਟਰ ਜੰਗ ਬਹਾਦੁਰ ਨੇ ਦੱਸਿਆ ਕਿ ਜਿਸ ਸਮੇਂ ਅੱਗ ਲੱਗੀ ਸੀ, ਉਸ ਸਮੇਂ ਟਰੇਨ ਦੇ ਤਿੰਨਾਂ ਡੱਬਿਆਂ ਵਿੱਚ 100 ਦੇ ਕਰੀਬ ਯਾਤਰੀ ਸਨ l
ਕਿਸੇ ਵੀ ਯਾਤਰੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ l ਅੱਗ ਲੱਗਣ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ l ਹਾਦਸੇ ਤੋਂ ਬਾਅਦ ਜਲੰਧਰ ਅੰਮ੍ਰਿਤਸਰ ਟ੍ਰੈਕ ਤੇ ਰਾਤ 2 ਵਜੇ ਤੱਕ ਟ੍ਰੇਨਾਂ ਦੀ ਆਵਾਜਾਈ ਠੱਪ ਰਹੀ l ਟ੍ਰੇਨ ਵਿੱਚ ਸਵਾਰ ਯਾਤਰੀ ਦੇਰ ਰਾਤ ਤੱਕ ਕਰਤਾਰਪੁਰ ਸਟੇਸ਼ਨ ਤੇ ਠੰਢ ਵਿੱਚ ਕੰਬਦੇ ਰਹੇ l ਫ਼ਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੇ ਅੱਗ ਤੇ ਕਾਬੂ ਪਾਇਆ l ਸਟੇਸ਼ਨ ਮਾਸਟਰ ਜੰਗ ਬਹਾਦੁਰ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਣਾਂ ਦਾ ਹਲੇ ਤੱਕ ਕੁਝ ਪਤਾ ਨਹੀਂ ਲੱਗਿਆ ਹੈ l ਜਾਂਚ ਤੋਂ ਬਾਅਦ ਹੀ ਅੱਗ ਲੱਗਣ ਦੇ ਕਾਰਨਾਂ ਬਾਰੇ ਦੱਸਿਆ ਜਾ ਸਕਦਾ ਹੈ l ਆਰਪੀਐਫ ਦੇ ਐਸਐਚਓ ਹਰਵਿੰਦਰ ਸਿੰਘ ਨੇ ਕਿਹਾ ਕਿ ਫਾਰਿੰਸਕ ਟੀਮ ਮੌਕੇ ਤੇ ਪਹੁੰਚ ਗਈ ਹੈ ਅਤੇ ਅੱਗ ਲੱਗਣ ਦੀ ਜਾਂਚ ਕੀਤੀ ਜਾ ਰਹੀ ਹੈ l