ਪਠਾਨਕੋਟ : ਨਵੇਂ ਸਾਲ ਅਤੇ ਸੰਘਣੀ ਧੁੰਦ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੇ ਭਾਰਤ ਪਾਕਿਸਤਾਨ ਸਰਹੱਦ ਤੇ ਚੌਕਸੀ ਵਧਾ ਦਿੱਤੀ ਹੈ l ਇਸਦਾ ਅਸਰ ਬੁੱਧਵਾਰ ਸਵੇਰੇ ਪਠਾਨਕੋਟ ਵਿੱਚ ਵੀ ਦੇਖਣ ਨੂੰ ਮਿਲਿਆ l ਪਠਾਨਕੋਟ ਜਿਲਾ ਪੁਲਿਸ ਨੇ ਬੁੱਧਵਾਰ ਸਵੇਰੇ ਭਾਰਤ ਪਾਕਿ ਸੀਮਾ ਤੇ ਤਲਾਸ਼ੀ ਮੁਹਿੰਮ ਚਲਾਈ l ਇਸ ਦੌਰਾਨ ਕਰੀਬ 200 ਪੁਲਿਸ ਜਵਾਨਾਂ ਅਤੇ ਖਤਰਨਾਕ ਕਮਾਂਡੋ ਦਸਤਿਆਂ ਦੀਆਂ ਅਲੱਗ ਅਲੱਗ ਟੀਮਾਂ ਬਣਾਕੇ ਪੂਰੇ ਬਾਮਿਆਲ ਸੈਕਟਰ ਦੀ ਤਲਾਸ਼ੀ ਲਈ ਗਈ l ਇਸ ਵਿੱਚ ਪੁਲਿਸ ਥਾਣਾ ਤਾਰਾਗੜ ਬੀਐਸਪੀ ਨਾਰਕੋਟਿਕਸ ਐਸਪੀ ਅਪਰੇਸ਼ਨ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀਆਂ ਨੇ ਵੀ ਹਿੱਸਾ ਲਿਆ l ਇਸ ਤਲਾਸ਼ੀ ਮੁਹਿੰਮ ਦੀ ਵਾਗਡੋਰ ਏਡੀਜੀਪੀ ਆਪਰੇਸ਼ਨ ਐਸਓਜੀ ਰਮੇਸ਼ ਚੰਦਰਾ ਦੇ ਹੱਥ ਵਿੱਚ ਸੀ l ਇਸ ਮੁਹਿੰਮ ਦੋਰਾਨ ਟੀਮਾਂ ਨੇ ਭਾਰਤ ਪਾਕਿ ਸਰਹੱਦ ਤੇ ਜ਼ੀਰੋ ਲਾਈਨ ‘ਤੇ ਵਸੇ 10 ਪਿੰਡਾਂ ਦਾ ਚੱਪਾ ਚੱਪਾ ਛਾਣ ਮਾਰਿਆ l
ਇਸ ਦੌਰਾਨ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਮੀਡੀਆ ਦੇ ਸਵਾਲਾਂ ਤੋਂ ਬਚਦੇ ਦਿਖਾਈ ਦਿੱਤੇ l ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਸਿਰਫ਼ ਸਾਵਧਾਨੀ ਬਣਾਏ ਰੱਖਣ ਲਈ ਚਲਾਈ ਗਈ ਸੀ l ਕਿਸੀ ਵੀ ਸ਼ੱਕੀ ਚੀਜ਼ ਜਾਂ ਸ਼ੱਕੀ ਇਨਸਾਨ ਦੇ ਫ਼ੜੇ ਜਾਣ ਦੀ ਕੋਈ ਖਬਰ ਨਹੀਂ ਹੈ l ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਸਾਲ ਅਤੇ ਸੰਘਣੀ ਧੁੰਦ ਦੇ ਕਾਰਨ ਸੁੱਰਖਿਆ ਵਧਾਈ ਗਈ ਹੈ l ਦੱਸ ਦਈਏ ਕਿ ਮੰੰਗਲਵਾਰ ਦੇਰ ਸ਼ਾਮ ਨੂੰ ਪਠਾਨਕੋਟ ਪੁੱਜੇ ਏਡੀਜੀਪੀ ਆਪਰੇਸ਼ਨ ਐਸਓਜੀ ਰਮੇਸ਼ ਚੰਦਰਾ ਨੇ ਪਠਾਨਕੋਟ ਸਮੇਤ ਬਾਹਰੀ ਜ਼ਿਲਿਆਂ ਤੋਂ ਆਏ ਕਮਾਂਡੋਜ਼ ਅਤੇ ਜ਼ਿਲਾ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ l ਇਸ ਮੀਟਿੰਗ ਵਿੱਚ ਉਨ੍ਹਾਂ ਨੂੰ ਇਨ੍ਹਾਂ ਹਾਲਾਤਾਂ ਵਿੱਚ ਚੌਕਸ ਰਹਿਣ ਦੇ ਹੁਕਮ ਦਿੱਤੇ ਗਏ।
