ਗਿੱਦੜਬਾਹਾ : ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਚੱਲ ਰਹੇ ਕਰਫਿਊ ਵਿੱਚ ਬੱਸ ਸਟੈਂਡ ਸਥਿਤ ਇੱਕ ਮੋਬਾਈਲ ਅਤੇ ਇਲੈਕਟਰਾਨਿਕਸ ਦੀ ਦੁਕਾਨ ਵਿੱਚ ਪਾੜ ਲਾ ਕੇ ਉੱਥੇ ਤੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਕੇ ਲੈ ਗਏ।ਇਸ ਸੰਬੰਧੀ ਜਾਣਾਰਕੀ ਦਿੰਦੇ ਹੋਏ ਜੱਗਾ ਮੋਬਾਈਲ ਸੈਂਟਰ ਬੱਸ ਸਟੈਂਡ ਗਿੱਦੜਬਾਹਾ ਦੇ ਮਾਲਕ ਭੀਸ਼ਮ ਜੱਗਾ ਨੇ ਦੱਸਿਆ ਕਿ ਬੀਤੇ 20 ਮਾਰਚ ਨੂੰ ਪ੍ਰਸ਼ਾਸਨ ਦੇ ਹੁਕਮ ਅਨੁਸਾਰ ਉਹ ਸ਼ਾਮ ਨੂੰ ਆਪਣੀ ਦੁਕਾਨ ਨੂੰ ਬੰਦ ਕਰਕੇ ਚਲੇ ਗਏ।ਅੱਜ ਸਵੇਰੇ ਉਨ੍ਹਾਂ ਨੂੰ ਆਪਣੇ ਘਰ ਵਿੱਚ ਗੈਸ ਸਿਲੰਡਰ ਬੁੱਕ ਕਰਨ ਦੇ ਲਈ ਆਪਣੇ ਮੋਬਾਈਲ ਦੀ ਜ਼ਰੂਰਤ ਸੀ ਪਰ ਉਹ ਮੋਬਾਈਲ ਨੰਬਰ ਉਸ ਦੀ ਦੁਕਾਨ ਵਿੱਚ ਪਿਆ ਸੀ ਜਿਸ ਨੂੰ ਲੈਣ ਦੇ ਲਈ ਜਿਵੇਂ ਹੀ ਉਹ ਦੁਕਾਨ ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਸਮਾਨ ਖਿੰਡਿਆ ਪਿਆ ਸੀ ਅਤੇ ਡਿਸਪਲੇ ਵਿੱਚ ਲੱਗੇ ਟੱਚ ਵਾਲੇ ਲੱਖਾਂ ਰੁਪਏ ਦੇ ਮੋਬਾਈਲ ਫੋਨ, ਐਲਈਡੀਜ਼ ਅਤੇ ਛੱਤ ਵਾਲੇ ਪੱਖੇ ਗਾਇਬ ਸਨ।ਉਸ ਨੇ ਦੱਸਿਆ ਕਿ ਚੋਰ ਦੁਕਾਨ ਦੇ ਉੱਪਰ ਬਣੇ ਚੌਬਾਰੇ ਵਿੱਚ ਮੋਰਾ ਕੱਢ ਕੇ ਦੁਕਾਨ ਵਿੱਚ ਦਾਖਿਲ ਹੋਇਆ ਜਦ ਕਿ ਚੋਰ ਨੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀਆਂ ਤਾਰਾਂ ਕੱਟ ਦਿੱਤੀਆਂ।ਉਨ੍ਹਾਂ ਨੇ ਦੱਸਿਆ ਕਿ ਚੋਰ ਦੁਕਾਨ ਵਿੱਚ 23 ਮਾਰਚ ਦੀ ਰਾਤ ਦਾਖਿਲ ਹੋਇਆ ਜੋ ਕਿ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਇਆ ਪਰ ਚੋਰ ਨੇ ਆਪਣਾ ਮੂੰਹ ਰੁਮਾਲ ਨਾਲ ਢੱਕਿਆ ਹੋਇਆ ਸੀ।ਉਸ ਨੇ ਦੱਸਿਆ ਕਿ ਚੋਰ ਕਰੀਬ 5 ਲੱਖ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ ਹਨ।ਉਸ ਨੇ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਨੇ ਥਾਣਾ ਗਿੱਦੜਬਾਹਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।ਉੱਧਰ ਚੋਰੀ ਸੰਬੰਧੀ ਜਾਂਚ ਦੇ ਲਈ ਪਹੁੰਚੇ ਏਐਸਆਈ ਜਸਕਰਨ ਸਿੰਘ ਨੇ ਦੱਸਿਆ ਕਿ ਚੋਰੀ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਦੀ ਆਈ ਫੁਟੇਜ਼ ਦੇ ਆਧਾਰ ਤੇ ਚੋਰ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰ ਨੂੰ ਫੜ ਲਿਆ ਜਾਵੇਗਾ।