ਬਠਿੰਡਾ : ਕਾਂਗਰਸ ਅਤੇ ਅਕਾਲੀ ਦਲ ਦੇ ਇੱਕ ਗੈਂਗਸਟਰ ਦੇ ਨਾਲ ਫ਼ੋਟੋ ਨੂੰ ਲੈ ਕੇ ਵੱਧੇ ਸਿਆਸੀ ਬਵਾਲ ਦੇ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਵਿੱਚ ਸੂਬੇ ਦੀ ਆਰਥਿਕ ਹਾਲਤ ਨੂੰ ਲੈ ਕੇ ਟਵਿੱਟਰ ਤੇ ਇੱਕ ਦੂਜੇ ਤੇ ਸ਼ਬਦਾਂ ਦੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਹਨ l ਇਨ੍ਹਾਂ ਦੋਵਾਂ ਦਲਾਂ ਦੇ ਨੇਤਾਵਾਂ ਦੇ ਚਾਹੁਣ ਵਾਲੇ ਇਨ੍ਹਾਂ ਨੂੰ ਪੈਰ ਪੈਰ ਤੇ ਫ਼ਾਲੋ ਕਰ ਰਹੇ ਹਨ l ਸੁਖਬੀਰ ਬਾਦਲ ਨੇ ਕੁਝ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਵੇਤਨ ਨਾ ਦੇਣ ਕਰਕੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਅਸਫ਼ਲਤਾ ਕਾਰਨ ਇਹ ਹਾਲਾਤ ਪੈਦਾ ਹੋਏ ਹਨ l
ਵਿਭਾਗ ਜੇਕਰ ਡਿਟੇਲ ਨਹੀਂ ਦੇ ਰਿਹਾ ਤਾਂ ਇਸ ਵਿੱਚ ਮੁਲਾਜ਼ਮਾਂ ਦੀ ਕੀ ਗਲਤੀ ਹੈ l ਉਨ੍ਹਾਂ ਕਿਹਾ ਕਿ ਵੇਤਨ ਰੋਕਣਾ ਹੈ ਤਾਂ ਅਫ਼ਸਰਾਂ ਦਾ ਰੋਕਿਆ ਜਾਵੇ l ਸੁਖਬੀਰ ਬਾਦਲ ਨੇ ਕਿਹਾ ਕਿ ਗਲਤੀ ਕਰਨ ਤੋਂ ਬਾਅਦ ਜ਼ਿੰਮੇਦਾਰੀ ਤੋਂ ਬਚਣ ਲਈ ਬਲੀ ਦਾ ਬਕਰਾ ਬਣਾਉਣ ਲਈ ਕਿਸੇ ਨੂੰ ਲੱਭਿਆ ਜਾਂਦਾ ਹੈ l ਇਸ ਤੇ ਮਨਪ੍ਰੀਤ ਬਾਦਲ ਨੇ ਉਨ੍ਹਾਂ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਸਿਰਫ਼ ਉਹੀ ਗੰਦਗੀ ਸਾਫ਼ ਕਰ ਰਿਹਾ ਹਾਂ ਜਿਸਨੂੰ ਤੁਸੀਂ ਛੱਡ ਗਏ ਹੋ l ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਇਸ ਸਮੇਂ ਵਿੱਤੀ ਸੰਕਟ ਤੋਂ ਲੰਘ ਰਿਹਾ ਹੈ l ਵੇਤਨ ਨਾ ਮਿਲਣ ‘ਤੇ ਮੁਲਾਜ਼ਮਾਂ ਸੜਕਾਂ ਉੱਤੇ ਉੱਤਰ ਕੇ ਰੋਸ ਵੱਜੋਂ ਧਰਨੇ ਅਤੇ ਹੜਤਾਲ ਕਰਨ ਲੱਗ ਪਏ ਹਨ l ਜਿਸਦੇ ਸਿੱਟੇ ਵੱਜੋਂ ਵਿਰੋਧੀ ਧਿਰ ਮੁਲਾਜ਼ਮਾ ਨਾਲ ਖ਼ੜੀ ਹੋ ਗਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਘੇਰ ਰਿਹਾ ਹੈ l