ਚੰਡੀਗੜ੍ਹ : ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਦੁਨੀਆਂ ਦੇ ਲਗਭਗ 190 ਦੇ ਕਰੀਬ ਦੇਸ਼ ਇੰਨੀ ਦਿਨੀਂ ਕੋਰੋਨਾ ਬੀਮਾਰੀ ਦੀ ਚਪੇਟ ਵਿੱਚ ਆ ਕੇ ਤਾਲਾਬੰਦੀ ਦਾ ਸਾਹਮਣਾ ਕਰ ਰਹੇ ਹਨ l ਵਿਸ਼ਵ ਦੀ ਅੱਧੇ ਨਾਲੋਂ ਵੱਧ ਆਬਾਦੀ ਇਸ ਮਹਾਂਮਾਰੀ ਨੇ ਘਰਾਂ ਵਿੱਚ ਕੈਦ ਹੋਣ ਲਈ ਮਜ਼ਬੂਰ ਕਰ ਦਿੱਤੀ ਹੈ l ਅਜਿਹੇ ਵਿੱਚ ਅਮਰੀਕਾ ਦੇ ਸ਼ਹਿਰ ਨਿਊਯਾਰਕ ਅੰਦਰ ਪੈਂਦੇ ਬੁਰਕਲਿਨ ਦੇ ਫਲੈਟਲੈਂਡ ਵਿੱਚ ਆਉਂਦੇ ਯੂਟੀਕਾ ਐਵੇਨਿਊ ਵਿੱਚ ਇੱਕ ਅਜਿਹੀ ਘਟਨਾ ਘਟੀ ਹੈ, ਜਿਸ ਨੂੰ ਵੇਖ ਸੁਣ ਕੇ ਪੁਲਿਸ ਵਾਲਿਆਂ ਦੀ ਵੀ ਚੀਕਾਂ ਨਿਕਲ ਗਈਆਂ ਹਨ l ਜੀ ਹਾਂ ਚੀਕਾਂ, ਕਿਉਂਕਿ ਇੱਥੋਂ ਲਵਾਰਿਸ ਹਾਲਤ ਵਿੱਚ ਖੜ੍ਹੇ ਦੋ ਟਰੱਕਾਂ ਵਿੱਚੋਂ ਖੋਲ ਕੇ ਜਾਂਚ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ 60 ਲਾਸ਼ਾਂ ਬਰਾਮਦ ਕੀਤੀਆਂ ਹਨ l ਜਿਸ ਬਾਰੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਦੋਵੇਂ ਟਰੱਕ ਪਿਛਲੇ ਕਈ ਦਿਨਾਂ ਤੋਂ ਇੱਥੇ ਲਾਵਾਰਿਸ ਹਾਲਤ ਵਿੱਚ ਖੜ੍ਹੇ ਸਨ l ਜਿਨ੍ਹਾਂ ਵਿੱਚੋਂ ਬਦਬੂ ਆ ਰਹੀ ਸੀ ਤੇ ਸ਼ੱਕ ਪੈਣ ਤੇ ਇਲਾਕਾ ਨਿਵਾਸੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ l ਬੇਹੱਦ ਹੈਰਾਨ ਕਰ ਦੇਣ ਵਾਲੇ ਇਸ ਮਾਮਲੇ ਸੰਬੰਧੀ ਪੁਲਿਸ ਨੇ ਅਜੇ ਤੱਕ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਜਿਹੜੇ ਲੋਕ ਮਾਰੇ ਗਏ ਹਨ, ਉਨ੍ਹਾਂ ਦੀ ਮੌਤ ਦਾ ਕਾਰਨ ਕੀ ਹੈ l ਪਰ ਲੋਕਾਂ ਅੰਦਰ ਇਸ ਗੱਲ ਦੀ ਵੱਡੀ ਦਹਿਸ਼ਤ ਹੈ ਕਿ ਇਹ ਲਾਸ਼ਾਂ ਕੋਰੋਨਾ ਦੀ ਲਾਗ ਨਾਲ ਮਰੇ ਲੋਕਾਂ ਦੀਆਂ ਹੋ ਸਕਦੀਆਂ ਹਨ l
ਵਿਸ਼ਵ ਪ੍ਰਸਿੱਧ ਟੀਵੀ ਚੈਨਲ ਅਲਜ਼ਜ਼ੀਰਾ ਅਨੁਸਾਰ ਪੁਲਿਸ ਇਹ ਗੱਲ ਤਾਂ ਮੰਨਦੀ ਹੈ ਕਿ ਜਿਹੜੇ ਟਰੱਕਾਂ ਵਿੱਚੋਂ ਇਹ 60 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਉਹ ਦੋਵੇਂ ਫਰਿੱਜ ਵਾਲੇ ਟਰੱਕ ਨਹੀਂ ਸਨ ਤੇ ਐਂਡਰਿਊ ਕਲੇਕਲੀ ਫਿਊਨਰਲ ਸਰਵਿਸ ਦੇ ਬਾਹਰ ਖੜ੍ਹੇ ਇਨ੍ਹਾਂ ਟਰੱਕਾਂ ਅੰਦਰ ਲਾਸ਼ਾਂ ਸੜਨੀਆਂ ਸ਼ੁਰੂ ਹੋ ਗਈਆਂ ਸਨ l ਚੈਨਲ ਅਨੁਸਾਰ ਟਰੱਕ ਨੇੜੇ ਦੀ ਇੱਕ ਦੁਕਾਨ ਵਾਲੇ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਇੱਕ ਦਿਨ ਪਹਿਲਾਂ ਹੀ ਇਨ੍ਹਾਂ ਲਾਸ਼ਾਂ ‘ਚ ਬਦਬੂ ਆਉਣੀ ਸ਼ੁਰੂ ਹੋਈ ਸੀ ਤੇ ਉਨ੍ਹਾਂ ਨੇ ਟਰੱਕ ਨੇੜਿਓਂ ਜਾ ਕੇ ਵੇਖਿਆ ਤਾਂ ਉਸ ਵਿੱਚੋਂ ਖੂਨ ਵੀ ਟਪਕ ਰਿਹਾ ਸੀ l ਜਿਸ ਨੂੰ ਲੈ ਕੇ ਚਾਰੇ ਪਾਸੇ ਦਹਿਸ਼ਤ ਫੈਲ ਗਈ ਤੇ ਤੁਰੰਤ ਪੁਲਿਸ ਨੂੰ ਸੱਦ ਲਿਆ ਗਿਆ l ਪੁਲਿਸ ਅਨੁਸਾਰ ਇਨ੍ਹਾਂ ਦੋਵਾਂ ਟਰੱਕਾਂ ਤੋਂ ਇਲਾਵਾ ਉਨ੍ਹਾਂ ਨੇ ਇੱਕ ਤੀਜਾ ਟਰੱਕ ਵੀ ਬਰਾਮਦ ਕੀਤਾ ਹੈ, ਜਿਸ ਵਿੱਚ ਇਨ੍ਹਾਂ 60 ਲਾਸ਼ਾਂ ਨੂੰ ਦਫਨਾਉਣ ਦੇ ਲਈ ਤਾਬੂਤ ਭਰੇ ਹੋਏ ਸਨ l
