ਕੋਟਕਪੂਰਾ :- ਇੱਕ ਪਾਸੇ ਤਾਲਾਬੰਦੀ ਦੌਰਾਨ ਲੋਕ ਆਪਣੇ ਘਰਾਂ ‘ਚ ਬੰਦ ਹੋਣ ਲਈ ਮਜਬੂਰ ਸਨ ਪਰ ਇਸ ਦੇ ਬਾਵਜੂਦ ਅਪਰਾਧਕ ਸੋਚ ਵਾਲੇ ਲੋਕਾਂ ਨੇ ਆਪਣੀਆਂ ਮਾੜੀਆਂ ਸਰਗਰਮੀਆਂ ਜਾਰੀ ਰੱਖੀਆਂ। ਅਜਿਹਾ ਹੀ ਇੱਕ ਮਾਮਲਾ ਫਰੀਦਕੋਟ ਦੇ ਕਸਬਾ ਕੋਟਕਪੂਰਾ ਦੇ ਥਾਣਾ ਸਿਟੀ ਕੋਟਕਪੂਰਾ ਅਧੀਨ ਪੈਦੇ ਜੰਗਲਾਤ ਮਹਿਕਮੇਂ ਦੇ ਖੇਤਰ ‘ਚ ਦੇਖਣ ਨੂੰ ਮਿਲਿਆ। ਜਿਥੇ ਉਥੋਂ ਦੇ ਜੰਗਰਾਤ ਰੇਂਜ ਅਧਿਕਾਰੀ ਸੁਖਦਰਸ਼ਨ ਸਿੰਘ ਨੇ 2 ਅਜਿਹੇ ਲੋਕਾਂ ਨੂੰ ਫੜਨ ਦਾ ਦਾਅਵਾ ਕੀਤਾ ਹੈ, ਜਿਹੜੇ ਪੰਛੀਆਂ ਦੇ ਅਹਲ੍ਹਣਿਆਂ ‘ਚੋਂ ਉਨ੍ਹਾਂ ਦੇ ਬੱਚੇ ਯਾਨੀ ਬੋਟ ਕੱਢਕੇ ਅੱਗੇ ਮਹਿੰਗੇ ਭਾਅ ਵੇਚ ਦੇਂਦੇ ਸਨ। ਜੰਗਲਾਤ ਅਧਿਕਾਰੀ ਅਨੁਸਾਰ ਫੜੇ ਗਏ ਲੋਕਾਂ ਕੋਲੋਂ ਕੁਝ ਖਾਸ ਕਿਸਮ ਦੇ ਤੋਤਿਆਂ ਦੇ 20 ਬੱਚੇ, ਇੱਕ ਪਿੰਜਰਾ ਤੇ ਇੱਕ ਸਕੂਟੀ ਸਮੇਤ ਉਨ੍ਹਾਂ ਦੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਰਾਂਹੀਂ ਇਹ ਪਤਾ ਲਗਾਇਆ ਜਾਵੇਗਾ ਲੋਕ ਇਹ ਧੰਦਾ ਕਿੰਨੀ ਦੇਰ ਤੋਂ ਕਰ ਰਹੇ ਸਨ ਤੇ ਇਸ ਵਿੱਚ ਹੋਰ ਕੌਣ ਕੌਣ ਸ਼ਾਮਲ ਹੈ। ਜੰਗਲਾਤ ਅਧਿਕਾਰੀਆਂ ਨੇ ਫੜੇ ਗਏ ਲੋਕਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਸੁਖਦਰਸ਼ਨ ਸਿੰਘ ਅਨੁਸਾਰ ਫੜੇ ਗਏ ਇਹ ਦੋਵੇਂ ਵਿਅਕਤੀ ਪਿਓ ਪੁੱਤਰ ਹਨ ਤੇ ਨੇੜਲੇ ਪਿੰਡ ਢੈਪਈ ਦੇ ਵਸਨੀਕ ਹਨ। ਜਿਨ੍ਹਾਂ ਸਬੰਧੀ ਪੁਲਿਸ ਨੂੰ ਲਿਖਤੀ ਦਰਖ਼ਾਸਤ ਵੀ ਦੇ ਦਿੱਤੀ ਗਈ ਹੈ ਤੇ ਉਹ ਆਪਣੇ ਪੱਧਰ ‘ਤੇ ਵੀ ਜਾਂਚ ਕਰ ਰਹੇ ਹਨ। ਇਸ ਦੌਰਾਨ ਜੇਕਰ ਇਨ੍ਹਾਂ ਖਿਲਾਫ ਪੱਕੇ ਸਬੂਤ ਮਿਲਦੇ ਹਨ ਤਾਂ ਇਨ੍ਹਾਂ ਖਿਲਾਫ ਪਰਚਾ ਦਰਜ਼ ਕਰਵਾਇਆ ਜਾਵੇਗਾ। ਇਸ ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੰਛੀ ਪ੍ਰੇਮੀਆਂ ਨੇ ਜਿਥੇ ਇਸਦੀ ਨਿੰਦਾ ਕੀਤੀ ਹੈ ਉਥੇ ਦੂਜੇ ਪਾਸੇ ਕਸੂਰਵਾਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ।
ਉੱਧਰ ਦੂਜੇ ਪਾਸੇ ਥਾਣਾ ਸਿਟੀ ਕੋਟਕਪੂਰਾ ਦੇ ਐਸਐਚਓ ਰਾਜਬੀਰ ਸਿੰਘ ਨੇ ਦੱਸਿਆ ਕਿ ਜੰਗਲਾਤ ਅਧਿਕਾਰੀਆਂ ਨੇ ਦੋ ਬੰਦੇ ਫੜਕੇ ਉਨ੍ਹਾਂ ਦੇ ਹਵਾਲੇ ਕੀਤੇ ਹਨ ਜਿਨ੍ਹਾਂ ਕੋਲੋਂ ਤੋਤਿਆਂ ਦੇ 20 ਬੱਚੇ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੰਗਲਾਤ ਅਧਿਕਾਰੀ ਇਸ ਮਾਮਲੇ ਚ ਜੋ ਵੀ ਬਿਆਨ ਦਰਜ਼ ਕਰਵਾਉਣਗੇ ਉਸ ਅਧਾਰ ‘ਤੇ ਮਾਮਲਾ ਦਰਜ਼ ਕਰ ਲਿਆ ਜਾਏਗਾ।