ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਇੱਕ ਸੰਘਣੀ ਅਬਾਦੀ ਵਾਲੇ ਮੁਹੱਲੇ ਬੰਗਾਲ ਤੋਂ ਰੋਜ਼ਗਾਰ ਲਈ ਇੱਥੇ ਆਕੇ ਰਹਿ ਰਹੇ ਇੱਕ ਪਰਿਵਾਰ ਦੇ ਮੁਖੀ ਨੂੰ, ਉਸਦੇ ਮਾਲਕ ਨੇ ਆਪਣੇ ਭਰਾ ਨਾਲ ਮਿਲਕੇ ਸਿਰਫ ਇਸ ਲਈ ਡੰਡਿਆਂ ਪਾਈਪਾਂ ਅਤੇ ਘਸੁੰਨ ਮੁੱਕਿਆ ਨਾਲ ਬੁਰੀ ਤਰ੍ਹਾਂ ਨਾਲ ਕੁੱਟ ਧਾਰਿਆ ਕਿਉਂਕਿ ਉਹ ਬੰਗਾਲੀ ਨੌਕਰ ਮਾਲਕ ਕੋਲੋਂ ਆਪਣੀ ਮਿਹਨਤ ਦੇ ਪੈਸੇ ਮੰਗਣ ਗਿਆ ਸੀ। ਇਸ ਬੰਗਾਲੀ ਨੌਕਰ ਦੀ ਪਤਨੀ ਭੂਮਿਕਾ ਕਹਿੰਦੀ ਹੈ ਕਿ ਉਨ੍ਹਾਂ ਕੋਲ ਨਾ ਤਾਂ ਖਾਣ ਲਈ ਰਾਸ਼ਨ ਸੀ ਤੇ ਨਾ ਹੀ ਪੈਸੇ ਉੱਤੋਂ ਉਸਦਾ ਬੱਚਾ ਬਹੁਤ ਬਿਮਾਰ ਸੀ। ਜਿਸਦੇ ਇਲਾਜ ਲਈ ਜਿਹੜੇ ਪੈਸੇ ਉਨ੍ਹਾਂ ਨੇ ਗੁਆਂਢੀ ਕੋਲੋਂ ਉਧਾਰ ਲਏ ਸਨ, ਉਸ ਨਾਲ ਵੀ ਇਲਾਜ਼ ਸਹੀ ਢੰਗ ਨਾਲ ਨਹੀਂ ਹੋ ਪਾਇਆ ਤੇ ਡਾਕਟਰ ਨੇ ਕੋਈ ਮਹਿੰਗਾ ਇਲਾਜ ਦੱਸ ਦਿੱਤਾ। ਇਸੇ ਲਈ ਉਹ ਨੌਕਰ ਆਪਣੇ ਮਾਲਕ ਕੋਲੋਂ ਆਪਣੀ ਮਿਹਨਤ ਦੇ ਪੈਸੇ ਮੰਗਣ ਗਿਆ ਸੀ। ਭੂਮਿਕਾ ਦੱਸਦੀ ਹੈ ਕਿ ਉਨ੍ਹਾਂ ਦੇ ਮਾਲਕ ਨੇ ਉਸਦੇ ਪਤੀ ਨੂੰ ਪੈਸੇ ਤਾਂ ਕੀ ਦੇਣੇ ਸਨ, ਉਲਟਾ ਉਸਤੇ ਚੋਰੀ ਦਾ ਇਲਜ਼ਾਮ ਲਾਕੇ ਉਸਨੂੰ ਇੰਨਾ ਕੁੱਟਿਆ, ਕਿ ਅੱਜ ਉਸਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਐ। ਜਿਥੇ ਉਸਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ।
ਭੂਮਿਕਾ ਵਲੋਂ ਲਾਏ ਜਾਂਦੇ ਦੋਸ਼ਾਂ ਦੀ ਪੁਸ਼ਟੀ ਮੁਹੱਲੇ ਵਾਲੇ ਤੇ ਪੀੜਿਤ ਨੌਕਰ ਦੇ ਮਾਲਕ ਗੌਤਮ ਦੇ ਜਾਣਕਾਰ ਵੀ ਕਰਦੇ ਹਨ, ਜੋ ਦੱਸਦੇ ਨੇ ਕਿ ਇਹ ਕੋਈ ਪਹਿਲਾ ਮੌਕਾ ਨਹੀਂ, ਜਦੋਂ ਗੌਤਮ ਨੇ ਆਪਣੇ ਕਿਸੇ ਨੌਕਰ ਨੂੰ ਇਸ ਬੁਰੀ ਤਰ੍ਹਾਂ ਕੁੱਟਿਆ ਹੋਵੇ। ਉਨ੍ਹਾਂ ਦਾ ਦੋਸ਼ ਹੈ ਕਿ ਗੌਤਮ ਇਸ ਤੋਂ ਪਹਿਲਾਂ ਵੀ 3-4 ਨੌਕਰਾਂ ਨੂੰ ਇਸੇ ਤਰਾਂ ਕੁੱਟ ਚੁੱਕਿਐ। ਦੱਸ ਦਈਏ ਕਿ ਜਦੋਂ ਗੌਤਮ ਤੇ ਉਸਦਾ ਭਰਾ ਉਸ ਨੌਕਰ ਨੂੰ ਕੁੱਟ ਰਹੇ ਸਨ, ਤਾਂ ਠੀਕ ਉਸੇ ਵੇਲੇ ਗੌਤਮ ਦੀ ਪਤਨੀ ਭੂਮਿਕਾ ਰੋਂਦੀ ਰੋਂਦੀ ਉਨ੍ਹਾਂ ਦੇ ਗੁਆਂਢੀ ਨੈਪੀ ਨਾਮ ਦੇ ਬੰਦੇ ਕੋਲੋਂ ਗੁਜ਼ਰੀ, ਤੇ ਉਸਨੇ ਸਾਰੀ ਗੱਲ ਨੈਪੀ ਨੂੰ ਦੱਸ ਦਿੱਤੀ । ਇਸ ‘ਤੇ ਨੈਪੀ ਨੇ ਹੀ ਜਾਕੇ ਉਸ ਬੰਗਾਲੀ ਨੌਕਰ ਨੂੰ ਗੌਤਮ ਤੇ ਉਸਦੇ ਭਰਾ ਦੇ ਚੁੰਗਲ ਚੋਂ ਛੁਡਾਇਆ ਸੀ।
ਇੱਧਰ ਦੂਜੇ ਪਾਸੇ ਇਸ ਸਾਰੇ ਵਰਤਾਰੇ ਤੋਂ ਅਣਜਾਣ, ਪਟਿਆਲਾ ਦੇ ਡੀਐਸਪੀ ਸਿਟੀ 2 ਯੋਗੇਸ਼ ਸ਼ਰਮਾ ਕਹਿੰਦੇ ਹਨ, ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ‘ਚ ਹੀ ਨਹੀਂ ਹੈ, ਪਰ ਜੇਕਰ ਧਿਆਨ ‘ਚ ਆਉਂਦਾ ਹੈ ਤਾਂ ਬਣਦੀ ਕਨੂੰਨੀ ਕਰਵਾਈ ਕੀਤੀ ਜਾਵੇਗੀ।
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਐ, ਜਦੋਂ ਕਰਫਿਊ ਤੇ ਤਾਲਾਬੰਦੀ ਦੌਰਾਨ ਮਿਹਨਤਕਸ਼ ਤੇ ਬੇਰੁਜ਼ਗਾਰ ਹੋ ਚੁਕੇ ਗਰੀਬਾਂ ਲਈ, ਕਿਤੇ ਕੋਈ ਖਾਣ ਪੀਣ ਦੀਆਂ ਚੀਜ਼ਾਂ ਦਾ ਲੰਗਰ ਲਾ ਰਿਹੈ ਤੇ ਕਿਤੇ ਕੋਈ ਸਿਧਾ ਨੋਟਾਂ ਦਾ ਲੰਗਰ ਈ ਲਈ ਬੈਠੈ। ਅਜਿਹੇ ‘ਚ ਗੌਤਮ ਵਰਗੇ ਲੋਕਾਂ ਦੀ ਇਸ ਕਰਤੂਤ ਨੇ ਸਮਾਜ ਦਾ ਭਲਾ ਚਾਹੁਣ ਵਾਲੇ ਲੋਕਾਂ ਨੂੰ ਧੁਰ ਅੰਦਰ ਤੱਕ ਹਿਲਾਕੇ ਰੱਖ ਦਿੱਤੈ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ‘ਚ ਕਦੋਂ ਤੱਕ ਅਣਜਾਣ ਰਹਿੰਦੀ ਹੈ, ਤੇ ਪੀੜਿਤ ਨੌਕਰ ‘ਤੇ ਉਸਦੇ ਪਰਿਵਾਰ ਨੂੰ ਇਨਸਾਫ ਲਈ ਕਦ ਤੱਕ ਦਰ ਦਰ ਭਟਕਣਾ ਪੈਣੈ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….
