ਪਟਿਆਲਾ : ਸ਼ਹਿਰ ਦੇ ਸਫਾਬਾਦੀ ਇਲਾਕੇ ‘ਚ ਰਹਿਣ ਵਾਲੇ ਜਿਸ ਕ੍ਰਿਸ਼ਨ ਕੁਮਾਰ ਗਾਬਾ ਨਾਮ ਦੇ ਵਿਅਕਤੀ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਉਪਰੰਤ ਹਸਪਤਾਲ ਦਾਖਲ ਕਰਾਇਆ ਗਿਆ ਸੀ ਤੇ ਉਸ ਮਗਰੋਂ ਗਾਬਾ ਦੇ ਸੰਪਰਕ ਵਿੱਚ ਆ ਕੇ ਕਈ ਹੋਰ ਲੋਕਾਂ ਨੂੰ ਕੋਰੋਨਾ ਦੀ ਬੀਮਾਰੀ ਲੱਗ ਜਾਣ ਦੇ ਦੋਸ਼ ਲੱਗੇ ਸਨ।ਪਟਿਆਲਾ ਦੀ ਕੋਤਵਾਲੀ ਪੁਲਿਸ ਵੱਲੋਂ ਬੀਤੀ ਕੱਲ ਸਿਵਿਲ ਸਰਜਨ ਪਟਿਆਲਾ ਵੱਲੋਂ ਡੀਸੀ ਤੇ ਐਸਐਸਪੀ ਨੂੰ ਦਿੱਤੀ ਗਈ ਸਿ਼ਕਾਇਤ ਮਗਰੋਂ ਜਾਂਚ ਤੋਂ ਬਾਅਦ ਕਰਫਿਊ ਦੀ ਉਲੰਘਣਾ ਕਰਨਾ ਅਤੇ ਧਾਰਾ 269, 271 ਅਤੇ ਮਹਾਂਮਾਰੀ ਐਕਟ ਦੀ ਧਾਰਾ 51 ਤਹਿਤ ਪਰਚਾ ਦਰਜ ਕੀਤਾ ਗਿਆ ਸੀ।ਜਿਸ ਵਿੱਚ ਇਹ ਦੋਸ਼ ਲਾਏ ਗਏ ਸਨ ਕਿ ਕ੍ਰਿਸ਼ਨ ਕੁਮਾਰ ਗਾਬਾ ਤੇ ਕ੍ਰਿਸ਼ਨ ਕੁਮਾਰ ਬਾਂਸਲ ਤੋਂ ਇਲਾਵਾ ਕੁਝ ਹੋਰ ਬੰਦਿਆਂ ਨੇ ਕਰਫਿਊ ਤੇ ਤਾਲਾਬੰਦੀ ਦੀ ਉਲੰਘਣਾ ਦੇ ਹੁਕਮਾਂ ਦੀ ਉਲੰਘਣਾ ਕਰਕੇ ਆਪਣਾ ਵਪਾਰ ਜਾਰੀ ਰੱਖਣ ਦੇ ਮਕਸਦ ਨਾਲ ਇਹ ਲੋਕ ਪਟਿਆਲਾ ਦੇ ਕਈ ਇਲਾਕਿਆਂ ਵਿੱਚ ਘੁੰਮਦੇ ਰਹੇ।
ਪੁਲਿਸ ਦਾ ਦੋਸ਼ ਹੈ ਕਿ ਇਹ ਇਸ ਦੌਰਾਨ ਪਟਿਆਲੇ ਤੋਂ ਬਾਹਰ ਵੀ ਗਏ ਤੇ ਜਿਸ ਦੇ ਚੱਲਦਿਆਂ ਇਨ੍ਹਾਂ ਨੂੰ ਖੁਦ ਵੀ ਕੋਰੋਨਾ ਦੀ ਬੀਮਾਰੀ ਲੱਗ ਗਈ ਤੇ ਇਨ੍ਹਾਂ ਦੇ ਗੈਰ ਜਿ਼ੰਮੇਵਾਰਾਨਾ ਰਵੱਈਏ ਕਾਰਨ ਕਈ ਹੋਰ ਇਸ ਮਹਾਂਮਾਰੀ ਦੀ ਗ੍ਰਿਫਤ ਵਿੱਚ ਆ ਗਏ।ਏਸੇ ਕਰਕੇ ਇਨ੍ਹਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ।ਜਦਕਿ ਦੂਜੇ ਪਾਸੇ ਹਸਪਤਾਲ ਵਿੱਚ ਦਾਖਲ ਕ੍ਰਿਸ਼ਨ ਕੁਮਾਰ ਗਾਬਾ ਨੇ ਸਿ਼ਵ ਸੈਨਾ ਰਾਹੀਂ ਇੱਕ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਕਿਸੇ ਹੁੱਕਾ ਪਾਰਟੀ ‘ਚ ਗਏ ਹਨ, ਜਿਸ ਦੀ ਉਹ ਹਸਪਤਹਲ ‘ਚੋਂ ਛੁੱਟੀ ਹੋਣ ਉਪਰੰਤ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੂੰ ਮਿਲ ਕੇ ਜਾਂਚ ਕਰਾਉਣ ਦੀ ਮੰਗ ਕਰਨਗੇ।ਗਾਬਾ ਨੇ ਇਸ ਲਿਖਤੀ ਬਿਆਨ ਵਿੱਚ ਇਹ ਮੰਨਿਆ ਹੈ ਕਿ ਊਹ ਕੋਰੋਨਾ ਮਹਾਂਮਾਰੀ ਦੌਰਾਨ ਸ਼ਹਿਰ ਦੀ ਛੋਟਾ ਅਰਾਈ ਮਾਜਰਾ ਸਣੇ ਕਈ ਇਲਾਕਿਆਂ ਵਿੱਚ ਲੰਗਰ ਵੰਡਣ ਤਾਂ ਜ਼ਰੂਰ ਗਿਆ ਸੀ ਪਰ ਰਾਜਪੁਰਾ ‘ਚ ਕਿਸੇ ਪਾਰਟੀ ਅੰਦਰ ਉਸ ਨੇ ਹਿੱਸਾ ਨਹੀਂ ਲਿਆ।ਜਿਸ ਬਾਰੇ ਉਹ ਪਹਿਲਾਂ ਹੀ ਪਟਿਆਲਾ ਦੇ ਡੀਸੀ ਸਮੇਤ ਹੋਰ ਬਹੁਤ ਸਾਰੇ ਅਧਿਕਾਰੀਆਂ ਨੂੰ ਜਾਣਕਾਰੀ ਦੇ ਚੁੱਕੇ ਹਨ ਤੇ ਪ੍ਰਸ਼ਾਸ਼ਨ ਨੇ ਉਸ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਕਢਾਉਣ ਸਮੇਤ ਵੱਖ ਵੱਖ ਜਗ੍ਹਾ ਤੇ ਪੁੱਛਗਿਛ ਕਰਕੇ ਤਸੱਲੀ ਵੀ ਕੀਤੀ ਹੈ।ਗਾਬਾ ਅਨੁਸਾਰ ਉਸ ਨੂੰ ਹਸਪਤਾਲ ਦਾਖਲ ਹੋਇਆ 11 ਦਿਲ ਹੋ ਚੁੱਕੇ ਹਨ ਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ ਤੇ ਹਸਪਤਾਲ ਵਿੱਚੋਂ ਇਹ ਜੰਗ ਜਿੱਤ ਕੇ ਬਾਹਰ ਆਵੇਗਾ।ਉਸ ਨੇ ਕਿਹਾ ਕਿ ਲੋਕ ਉਸ ਖਿਲਾਫ ਸ਼ੋਸ਼ਲ ਮੀਡੀਆ ਤੇ ਗਲਤ ਅਫਵਾਹਾਂ ਫੈਲਾ ਰਹੇ ਹਨ।ਉਹ ਉਨ੍ਹਾਂ ਲੋਕਾਂ ਤੇ ਕਾਨੂੰਨੀ ਕਾਰਵਾਈ ਕਰਨਗੇ।
