ਜਲੰਧਰ: ਇਥੋਂ ਦੀ ਬਸਤੀ ਦਾਨਿਸ਼ਮੰਦਾਂ ‘ਚ ਪੈਂਦੇ ਰਸੀਲਾ ਨਗਰ ‘ਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਹੈ ਇੱਕ ਨੌਜਵਾਨ ਲੜਕੀ ਵੱਲੋਂ ਆਪਣੇ ਪ੍ਰੇਮੀ ਦੇ ਘਰ ਦੇ ਬਾਹਰ ਧਾਰਨਾ ਦੇਣਾ। ਇਹ ਕੁੜੀ ਘਰੋਂ ਗਾਇਬ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਦੀ ਜ਼ਿੱਦ ‘ਤੇ ਅੜੀ ਬੈਠੀ ਇਹ ਕਹਿ ਰਹੀ ਹੈ ਕਿ ਜਦੋਂ ਤੱਕ ਉਸਦਾ ਵਿਆਹ ਉਸਦੇ ਪ੍ਰੇਮੀ ਨਾਲ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਇਸ ਧਰਨੇ ਤੋਂ ਨਹੀਂ ਉੱਠੇਗੀ।
ਦੂਜੇ ਪਾਸੇ ਮੁੰਡੇ ਦੇ ਪਰਿਵਾਰ ਵਾਲੇ ਕੁੜੀ ਨੂੰ ਇੱਕੋ ਜਵਾਬ ਦੇ ਰਹੇ ਨੇ, ਕਿ ਲੱਭ ਲੈ ਮੁੰਡੇ ਨੂੰ ਤੇ ਕਰਵਾ ਲੈ ਵਿਆਹ, ਜੇ ਉਹ ਕਰਵਾਉਂਦਾ ਹੈ ਤਾਂ, ਕਿਉਂਕਿ ਉਨ੍ਹਾਂ ਨੂੰ ਤਾਂ ਆਪਣੇ ਮੁੰਡੇ ਬਾਰੇ ਇਹ ਵੀ ਨਹੀਂ ਪਤਾ ਕਿ ਉਹ ਹੈ ਕਿੱਥੇ ਹੈ। ਧਰਨੇ ‘ਤੇ ਬੈਠੀ ਪ੍ਰੇਮਿਕਾ ਅਨੁਸਾਰ ਉਸ ਨੇ ਇਸ ਮਾਮਲੇ ‘ਚ ਕਨੂੰਨੀ ਇਨਸਾਫ ਲੈਣ ਲਈ ਥਾਣਾ ਨੰਬਰ 5 ‘ਚ ਇੱਕ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਸੀ, ਪਰ ਉਥੋਂ ਦੀ ਪੁਲਿਸ ਨੇ ਵੀ ਉਸ ਨੂੰ ਕੋਈ ਇਨਸਾਫ ਨਹੀਂ ਦਿੱਤਾ। ਇਸੇ ਲਈ ਉਸ ਨੂੰ ਅੱਜ ਇਥੇ ਧਰਨੇ ‘ਤੇ ਬੈਠਣਾ ਪਿਆ ਹੈ। ਕੁੜੀ ਅਨੁਸਾਰ ਉਸ ਦੀ ਉਮਰ 19 ਸਾਲ ਦੀ ਹੈ ਤੇ ਉਹ ਆਪਣੇ ਪ੍ਰੇਮੀ ਮੁੰਡੇ ਨੂੰ ਸਕੂਲ ਟਾਈਮ ਤੋਂ ਜਾਣਦੀ ਹੈ ਤੇ ਪਿਛਲੇ 5 ਸਾਲਾਂ ਤੋਂ ਉਨ੍ਹਾਂ ਦੇ ਪ੍ਰੇਮ ਸਬੰਧ ਚੱਲੇ ਰਹੇ ਨੇ। ਕੁੜੀ ਅਨੁਸਾਰ ਪਹਿਲਾਂ ਤਾਂ ਸਭ ਠੀਕ ਚਲਦਾ ਰਿਹਾ ਪਰ ਹੁਣ ਜਦੋਂ ਵੀ ਉਹ ਉਸ ਨੂੰ ਵਿਆਹ ਲਈ ਕਹਿੰਦੀ ਹੈ ਮੁੰਡਾ ਉਸੇ ਵੇਲੇ ਗੱਲ ਨੂੰ ਟਾਲ ਦੇਂਦਾ ਹੈ। ਕੁੜੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਰਿਸ਼ਤੇ ਬਾਰੇ ਉਸਨੇ ਮੁੰਡੇ ਦੇ ਘਰਦਿਆਂ ਨੂੰ ਵੀ ਦੱਸਿਆ ਸੀ, ਪਰ ਉਨ੍ਹਾਂ ਨੇ ਵੀ ਉਸਦਾ ਸਾਥ ਨਹੀਂ ਦਿੱਤਾ।
ਧਰਨੇ ‘ਤੇ ਬੈਠੀ ਕੁੜੀ ਅਨੁਸਾਰ ਇਸ ਸਭ ਤੋਂ ਹਾਰਕੇ ਉਸਨੇ ਪੁਲਿਸ ਦਾ ਸਹਾਰਾ ਲਿਆ ਸੀ ਪਰ ਉਥੋਂ ਦੇ ਅਧਿਕਾਰੀਆਂ ਨੇ ਵੀ ਉਸ ਕੋਲੋਂ ਸ਼ਿਕਾਇਤ ਲੈਕੇ ਰੱਖ ਲਈ ਪਰ ਮੁੰਡੇ ਅਤੇ ਉਸਦੇ ਪਰਿਵਾਰ ‘ਤੇ ਕੋਈ ਕਾਰਵਾਈ ਨਹੀਂ ਕੀਤੀ। ਕੁੜੀ ਅਨੁਸਾਰ ਉਹ ਇਸ ਤੋਂ ਪਹਿਲਾਂ ਵੀ ਇੱਥੇ ਆਈ ਸੀ, ਪਰ ਉਸ ਵੇਲੇ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਉਸ ਨਾਲ ਮਾਰਕੁੱਟ ਕਰਕੇ ਉਸ ਨੂੰ ਉਥੋਂ ਭਜਾ ਦਿੱਤਾ ਸੀ। ਉਸਨੇ ਕਿਹਾ ਕਿ ਹੁਣ ਜਦੋਂ ਤੱਕ ਇਸ ਮਾਮਲੇ ਦਾ ਕੋਈ ਪੱਕਾ ਹਲ ਨਹੀਂ ਨਿਕਲ ਆਉਂਦਾ ਉਹ ਉਦੋਂ ਤੱਕ ਇਥੋਂ ਹਿੱਲੇਗੀ ਨਹੀਂ। ਕੁੜੀ ਨੇ ਦਾਅਵਾ ਕੀਤਾ ਕੀ ਉਹ 19 ਸਾਲਾਂ ਦੀ ਹੈ ਤੇ ਇਸ ਲਿਹਾਜ਼ ਨਾਲ ਉਸਦੇ ਵਿਆਹ ਵਿਚ ਉਮਰ ਦੀ ਹੱਦ ਕੋਈ ਰੁਕਾਵਟ ਨਹੀਂ ਹੈ।
