ਫ਼ਤੇਹਪੁਰ : ਜਿਲ੍ਹਾ ਕਾਂਗੜਾ ਵਿੱਚ ਪੁਲਿਸ ਥਾਣਾ ਫ਼ਤੇਹਪੁਰ ਦੇ ਤਹਿਤ ਪੰਜਾਬ ਨਾਲ ਲੱਗਦੇ ਖਟਿਆੜ ਖੇਤਰ ਤੋਂ ਬੀਤੀ ਸ਼ਾਮ ਢਾਬੇ ਤੇ ਗ੍ਰਾਹਕ ਤੋਂ ਪੈਸੇ ਮੰਗਣ ਦੇ ਬਦਲੇ ਬਜ਼ੁਰਗ ਨੂੰ ਮੌਤ ਮਿਲੀ l ਐਤਵਾਰ ਦੇਰ ਸ਼ਾਮ ਪੰਜਾਬ ਦੇ ਹਾਜ਼ੀਪੁਰ ਖੇਤਰ ਦੇ ਨੌਜਵਾਨ ਖਟਿਆੜ ਵਿੱਚ ਮੱਛੀ ਖਾਣ ਪਹੁੰਚੇ ਸਨ l ਮੱਛੀ ਖਾਣ ਤੋਂ ਬਾਅਦ ਜਦੋਂ ਦੁਕਾਨਦਾਰ ਨੇ ਉਨ੍ਹਾਂ ਤੋਂ ਪੈਸੇ ਮੰਗੇ ਤਾਂ ਉਹ ਬਜ਼ੁਰਗ ਦੁਕਾਨਦਾਰ ਨਾਲ ਬਹਿਸ ਕਰਨ ਲੱਗੇ ਤੇ ਗੱਡੀ ਸਟਾਰਟ ਕਰਕੇ ਭੱਜਣ ਲੱਗੇ l ਇੰਨੇ ‘ਚ ਬਜ਼ੁਰਗ ਦੁਕਾਨਦਾਰ ਕਰੀਬ 70 ਸਾਲਾ ਧਨੀ ਰਾਮ ਉਨ੍ਹਾਂ ਦੇ ਪਿੱਛੇ ਪੈਸੇ ਲੈਣ ਦੇ ਲਈ ਭੱਜਿਆ l ਬਜ਼ੁਰਗ ਨੂੰ ਪਿੱਛੇ ਭੱਜਦਾ ਦੇਖ ਉਨ੍ਹਾਂ ਨੇ ਗੱਡੀ ਰਿਵਰਸ ਕੀਤੀ ਤੇ ਦੁਕਾਨਦਾਰ ਬਜ਼ੁਰਗ ਨੂੰ ਕੁਚਲ ਦਿੱਤਾ l ਕੁਝ ਹੀ ਦੇਰ ਬਾਅਦ ਬਜ਼ੁਰਗ ਦੀ ਮੌਤ ਹੋ ਗਈ l ਫ਼ਤੇਹਪੁਰ ਦੇ ਥਾਣਾ ਮੁਖੀ ਸੁਰੇਸ਼ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਹਾਜ਼ੀਪੁਰ ਖੇਤਰ ਦੇ ਕਰੀਬ ਪੰਜ ਲੋਕ ਗੱਡੀ ਵਿੱਚ ਸਵਾਰ ਸਨ l ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਗੱਡੀ ਨੂੰ ਹਾਜ਼ੀਪੁਰ ਤੋਂ ਬਰਾਮਦ ਕਰ ਲਿਆ ਹੈ l ਉੱਥੇ ਹੀ ਬਜ਼ੁਰਗ ਨੂੰ ਟੱਕਰ ਮਾਰ ਕੇ ਮੌਤ ਦੇ ਮੂੰਹ ‘ਚ ਪਹੁੰਚਾਣ ਵਾਲੇ ਲੋਕਾਂ ਦੀ ਤਲਾਸ਼ ਜ਼ਾਰੀ ਹੈ l ਫ਼ਤੇਹਪੁਰ ਦੇ ਖਟਿਆੜ ਵਿੱਚ ਪੌਂਗ ਝੀਲ ਦੀ ਮੱਛੀ ਪਕਾ ਕੇ ਵੇਚਣ ਦੀਆਂ ਕਈ ਦੁਕਾਨਾਂ ਹਨ ਅਤੇ ਇੱਥੈ ਗੁਆਂਢੀ ਰਾਜ ਪੰਜਾਬ ਦੇ ਲੋਕਾਂ ਦਾ ਆਣਾ ਜਾਣਾ ਲੱਗਿਆ ਰਹਿੰਦਾ ਹੈ l