ਲੁਧਿਆਣਾ (ਸੁਰਿੰਦਰ ਸੋਨੀ) : ਪੰਜਾਬ ਸਰਕਾਰ ਵੱਲੋਂ ਕਰਫਿਊ ਤੇ ਤਾਲਾਬੰਦੀ ਦੌਰਾਨ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਹੁਕਮ ਦੇਣ ‘ਤੇ ਜਿਥੇ ਘਰਾਂ ਦੀਆਂ ਔਰਤਾਂ ਇਸ ਗੱਲੋਂ ਦੁਖੀ ਨੇ ਕਿ ਉਨ੍ਹਾਂ ਦੇ ਬੰਦੇ ਘਰ ਬੈਠੇ ਦਾਰੂ ਪੀਕੇ ਕਲੇਸ਼ ਕਰਨਗੇ, ਉਥੇ ਇਹ ਰੇੜ੍ਹਕਾ ਹੁਣ ਸਿਆਸੀ ਰੰਗਤ ਵੀ ਫੜਦਾ ਜਾ ਰਿਹਾ ਹੈ। ਠੇਕੇਦਾਰਾਂ ਵਲੋਂ ਤਾਲਾਬੰਦੀ ਦੇ 37 ਦਿਨਾਂ ਦੀ ਲਾਇਸੈਂਸ ਫੀਸ ਮਾਫੀ ਵਾਲੀ ਮੰਗ ਉੱਤੇ ਤਾਂ ਕੈਬਨਿਟ ਮੀਟਿੰਗ ਚ ਵੀ ਕਲੇਸ਼ ਹੋ ਚੁੱਕਿਆ ਹੈ। ਇੰਝ ਜਾਪਦਾ ਹੈ ਜਿਵੇਂ ਇਹ ਕਲੇਸ਼ ਹੁਣ ਇੱਕ ਵੱਖਰੇ ਰੂਪ ‘ਚ ਗਲੀਆਂ ਮੁਹੱਲਿਆਂ ਵਿੱਚ ਵੀ ਨਵੇਂ ਸੁਨੇਹੇ ਨਾਲ ਦਾਖ਼ਲ ਹੋਇਆ ਹੈ। ਜਿਸ ਵਿੱਚ ਲੋਕ ਇਨਸਾਫ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਵੀ ਪੰਜਾਬ ‘ਚ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਅਨੋਖੇ ਢੰਗ ਨਾਲ ਵਿਰੋਧ ਕੀਤਾ ਹੈ । ਦੱਸ ਦਈਏ ਕਿ ਇਨ੍ਹਾਂ ਲੋਕਾਂ ਨੇ ਲੁਧਿਆਣਾ ਦੇ ਦੁੱਗਰੀ ਰੋਡ ਇਲਾਕੇ ‘ਚ ਪੈਂਦੇ ਇੱਕ ਸ਼ਰਾਬ ਦੇ ਠੇਕੇ ਦੇ ਬਾਹਰ ਓਪਨ ਜਿੰਮ ਖੋਲ੍ਹ ਦਿੱਤਾ। ਜਿਸ ਵਿੱਚ ਵੱਡੇ ਵੱਡੇ ਪਹਿਲਵਾਨ ਸ਼ਰੇਆਮ ਸੜਕ ‘ਤੇ ਹੀ ਪੁਲਿਸ ਵਾਲਿਆਂ ਦੇ ਸਾਹਮਣੇ ਡੰਡ ਬੈਠਕਾਂ ਮਾਰਦੇ ਦਿਖਾਈ ਦਿੱਤੇ। ਇਸ ਓਪਨ ਜਿੰਮ ‘ਚ ਸ਼ਿਰਕਤ ਕਰਨ ਲਈ ਕੌਮਾਂਤਰੀ ਪੱਧਰ ਦੇ ਖਿਡਾਰੀ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਓਪਨ ਜਿੰਮ ਤੇ ਸਰਕਾਰ ਦੇ ਠੇਕੇ ਖੋਲਣ ਵਾਲੇ ਫੈਸਲੇ ‘ਤੇ ਆਪਣੀ ਭੜਾਸ ਕੱਢਦੇ ਹੋਏ ਲੋਕ ਇਨਸਾਫ ਪਾਰਟੀ ਦੇ ਆਗੂ ਸੰਨੀ ਕੈਂਥ ਨੇ ਕਿਹਾ ਕਿ ਸਰਕਾਰ ਨੇ ਅੱਜ ਪੰਜਾਬੀਆਂ ਨੂੰ ਸ਼ਰਾਬੀ ਬਣਾਉਣ ਦੀ ਕੋਈ ਕਸਰ ਨਹੀਂ ਛੱਡੀ ਹੈ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ‘ਤੇ ਹੱਥ ਰੱਖਕੇ ਸਹੁੰ ਖਾਧੀ ਸੀ, ਕਿ ਪੰਜਾਬ ‘ਚੋਂ ਚਾਰ ਹਫਤਿਆਂ ਦੌਰਾਨ ਨਸ਼ਾ ਖਤਮ ਕਰਾਂਗਾ, ਪਰ ਅੱਜ ਮੁਖ ਮੰਤਰੀ 40 ਮਿੰਟਾਂ ਦੇ ਵਿੱਚ ਜੋਮੈਟੋ ਸਿਵਿੱਗੀ ਦੇ ਰਾਂਹੀ ਲੋਕਾਂ ਨੂੰ ਘਰ ਘਰ ਸ਼ਰਾਬ ਪਹੁੰਚਾਉਣ ਲਈ ਪੂਰੇ ਤਿਆਰ-ਬਰ-ਤਿਆਰ ਬੈਠੇ ਨੇ। ਉਨ੍ਹਾਂ ਕਿਹਾ ਕਿ ਸ਼ਰਾਬ ਪੀਕੇ ਲੋਕ ਆਪਣੇ ਬੱਚੇ ਜਨਾਨੀਆਂ ਕੁੱਟਣਗੇ ਤੇ ਘਰੇਲੂ ਹਿੰਸਾ ਵਧੇਗੀ। ਸੰਨੀ ਕੈਂਥ ਅਨੁਸਾਰ ਅੱਜ ਲੋਕਾਂ ਨੂੰ ਸ਼ਰਾਬ ਦੀ ਨਹੀਂ ਬਲਕਿ ਕਸਰਤ ਦੀ ਲੋੜ ਹੈ। ਲੋਕ ਜਿੰਮ ਜਾਣਗੇ ਕਸਰਤ ਕਰਨਗੇ ਤਾਂ ਹੀ ਕੋਰੋਨਾ ਨਾਲ ਲੜਨ ਲਈ ਸ਼ਰੀਰ ਤਗੜੇ ਹੋ ਪਾਣਗੇ।
ਇਸ ਮੌਕੇ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਚੁੱਕੇ ਅਵਤਾਰ ਸਿੰਘ ਲਲਤੋਂ ਅਤੇ ਵੈਕੀ ਨੇ ਵੀ ਸਰਕਾਰ ਦੇ ਫੈਸਲੇ ਦੀ ਨਿਖੇਧੀ ਕੀਤੀ, ਅਤੇ ਕਿਹਾ ਕਿ ਹੁਣ ਲੋੜ ਹੈ ਨੌਜਵਾਨ ਪੀੜ੍ਹੀ ਨੂੰ ਆਪਣੇ ਆਪ ਨੂੰ ਸਿਹਤਮੰਦ ਰੱਖਣ ਦੀ ਤਾਂ ਜੋ ਉਹ ਨਾਮੁਰਾਦ ਬਿਮਾਰੀ ਕੋਰੋਨਾ ਨਾਲ ਲੜ ਸਕਣ।
ਤੁਹਾਨੂੰ ਦੱਸ ਦੇਈਏ ਕੁਝ ਦਿਨ ਪਹਿਲਾਂ ਯੂਥ ਅਕਾਲੀ ਦਲ ਵੱਲੋਂ ਸਰਕਾਰ ਦੇ ਠੇਕੇ ਖੋਲਣ ਵਾਲੇ ਫੈਸਲੇ ਦਾ ਵਿਰੋਧ ਕਰਦਿਆਂ ਘੰਟਾ ਘਰ ਚੌਂਕ ‘ਚ ਸ਼ਰਾਬ ਦੇ ਠੇਕੇ ਦੇ ਬਾਹਰ ਦੁੱਧ ਦਾ ਲੰਗਰ ਲਾਇਆ ਸੀ ਅਤੇ ਸ਼ਰਾਬ ਖ੍ਰੀਦਣ ਆਏ ਲੋਕ ਦੁੱਧ ਪੀ ਕੇ ਆਪਣੇ ਘਰਾਂ ਨੂੰ ਵਾਪਿਸ ਚਲੇ ਗਏ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਲੋਕ ਇਨਸਾਫ ਪਾਰਟੀ ਵੱਲੋਂ ਠੇਕੇ ਦੇ ਬਾਹਰ ਬਣਾਏ ਜਿੰਮ ‘ਚ ਕਿੰਨੇ ਕੁ ਸ਼ਰਾਬੀ ਕਸਰਤ ਕਰਦੇ ਨੇ ਤੇ ਬਿਨ੍ਹਾਂ ਸ਼ਰਾਬ ਲਏ ਆਪਣੇ ਘਰਾਂ ਨੂੰ ਵਾਪਿਸ ਚਲੇ ਜਾਂਦੇ ਨੇ।
ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…
