ਮੋਗਾ : ਵਿਆਹ ਕਰਕੇ ਕੁੁੜੀ ਨੂੰ ਵਿਦੇਸ਼ ਲੈ ਜਾਣ ਦੇ ਨਾਮ ‘ਤੇ ਸਵਾ ਨੌਂ ਮਹੀਨੇ ਤੋਂ ਟਾਲਮਟੋਲ ਕਰਦੇ ਆ ਰਹੇ ਸਹੁਰੇ ਪਰਿਵਾਰ ਦੇ ਖਿਲਾਫ ਵਿਆਹੁਤਾ ਦੇ ਪਿਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਜਾਂਚ ਦੇ ਬਾਅਦ 43 ਲੱਖ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਵਿੱਚ ਜਵਾਈ ਅਰਸ਼ਦੀਪ ਤੂਰ, ਪਿਤਾ ਸੁਖਦਰਸ਼ਨ ਸਿੰਘ, ਮਾਤਾ ਅਵਨਿੰਦਰ ਕੌਰ ਇੱਕ ਹੋਰ ਰਿਸ਼ੇਤਦਾਰ ਗੁਰਮੀਤ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਹੈ l ਥਾਣਾ ਅਜੀਤਵਾਲ ਦੇ ਏਐਸਆਈ ਪ੍ਰੀਤਮ ਸਿੰਘ ਨੇ ਦੱਸਿਆ ਕਿ ਪਿੰਡ ਚੂੜਚੱਕ ਵਾਸੀ ਰਣਜੀਤ ਸਿੰਘ ਨੇ 17 ਦਸੰਬਰ 2019 ਨੂੰ ਐਸਐਸਪੀ ਮੋਗਾ ਨੂੰ ਦਿੱਤੀ ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਕਿ ਉਹ ਆਪਣੀ ਧੀ ਸਤਿੰਦਰਪਾਲ ਕੌਰ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ l ਇਸ ਪੇ ਲਈ ਉਸ ਨੇ ਜਗਰਾਓਂ ਦੇ ਸ਼ੇਰਜੰਗ ਕੋਠੇ ਵਾਸੀ ਐਨਆਰਆਈ ਪਰਿਵਾਰ ਦੇ ਨਾਲ ਧੀ ਦੇ ਰਿਸ਼ਤੇ ਦੀ ਗੱਲ ਚਲਾਈ l 21 ਅਪ੍ਰੈਲ 2019 ਨੂੰ ਧੀ ਸਤਿੰਦਰਪਾਲ ਕੌਰ ਦਾ ਵਿਆਹ ਐਨਆਰਆਈ ਅਰਸ਼ਦੀਪ ਤੂਰ ਨਾਲ ਕਰ ਦਿੱਤਾ l ਉਨ੍ਹਾਂ ਦੇ ਦੁਆਰਾ 35 ਲੱਖ ਦੀ ਨਕਦੀ ਅਤੇ 8 ਲੱਖ ਵਿਆਹ ਤੇ ਖਰਚੇ ਕੀਤੇ ਸਨ l ਉਨ੍ਹਾਂ ਨੇ 5 ਏਕੜ ਜ਼ਮੀਨ ਵੇਚ ਕੇ ਰੁਪਏ ਇੱਕਠੇ ਕੀਤੇ ਸਨ l ਵਿਆਹ ਦੇ ਕੁਝ ਦਿਨ ਤੱਕ ਜਵਾਈ ਜਗਰਾਓਂ ਵਿੱਚ ਰਿਹਾ l ਬਾਅਦ ਵਿੱਚ ਕੈਨੇਡਾ ਵਾਪਸ ਮੁੜ ਗਿਆ l ਧੀ ਪਤੀ ਦੇ ਵਿਦੇਸ਼ ਜਾਣ ਦੇ ਬਾਅਦ ਪੇਕੇ ਵਿੱਚ ਆ ਗਈ l ਦੋ ਤਿੰਨ ਬਾਰ ਜਵਾਈ ਵਿਦੇਸ਼ ਤੋਂ ਆਇਆ ਪਰ ਨਾ ਤਾਂ ਉਹ ਧੀ ਨੂੰ ਮਿਲਿਆ ਅਤੇ ਨਾ ਹੀ ਆਉਣ ਦੇ ਬਾਰੇ ਵਿੱਚ ਕੋਈ ਸੂਚਨਾ ਦਿੱਤੀ l
ਪਤੀ ਨੇ ਵਿਦੇਸ਼ ਵਿੱਚ ਗੱਲ ਕਰਨ ਦੇ ਲਈ ਮੋਬਾਈਲ ਨੰਬਰ ਦੀ ਬਜਾਏ ਲੈਂਡਲਾਈਨ ਨੰਬਰ ਦਿੱਤਾ ਸੀ l ਜਦ ਕੁੜੀ ਪਤੀ ਨਾਲ ਗੱਲ ਕਰਨ ਦੇ ਲਈ ਫੋਨ ਕਰਦੀ ਤਾਂ ਦਾਮਾਦ ਦਾ ਨਾਨਾ ਗੱਲ ਕਰਦਾ ਸੀ l ਜਦੋਂ ਮੋਬਾਈਲ ਨੰਬਰ ਮੰਗਿਆ ਤਾਂ ਟਾਲਮਟੋਲ ਕੀਤਾ l ਇਸ ਤਰ੍ਹਾਂ 9 ਮਹੀਨੇ ਲੰਘ ਗਏ l ਸਹੁਰੇ ਵਾਲਿਆਂ ਨੇ ਉਸ ਨੂੰ ਵਿਦੇਸ਼ ਨਹੀਂ ਸੱਦਿਆ l ਠੱਗੀ ਦੇ ਸੰਬੰਧ ਵਿੱਚ ਐਸਐਸਪੀ ਨੂੰ ਸ਼ਿਕਾਇਤ ਦੇਣ ‘ਤੇ ਮਾਮਲੇ ਦੀ ਜਾਂਚ ਐਸਪੀਡੀ ਹਰਿੰਦਰਪਾਲ ਸਿੰਘ ਪਰਮਾਰ ਨੂੰ ਦੇ ਦਿੱਤੀ ਗਈ ਸੀ l
