ਲੁਧਿਆਣਾ : ਪੁਲਿਸ ਜਲਦ ਹੀ ਇੱਕ ਪਾਲਿਸੀ ਲੈ ਕੇ ਆ ਰਹੀ ਹੈ, ਜਿਸਦੇ ਤਹਿਤ ਸ਼ਹਿਰ ਦੀ ਸੜਕਾਂ ‘ਤੇ 20 ਹਜ਼ਾਰ ਡੀਜ਼ਲ ਆਟੋ ਰਿਕਸ਼ਾ ‘ਤੇ ਰੋਕ ਲਾ ਦਿੱਤੀ ਜਾਵੇਗੀ l ਇਸ ਸੰਬੰਧ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 2009 ਵਿੱਚ ਆਦੇਸ਼ ਵੀ ਜ਼ਾਰੀ ਕੀਤਾ ਸੀ l ਪੁਲਿਸ ਨੇ ਇਸ ਸੰਬੰਧੀ ਅਭਿਆਨ ਵੀ ਛੇੜ ਦਿੱਤਾ ਹੈ l ਫ਼ਿਲਹਾਲ ਹੁਣ ਉਨ੍ਹਾਂ ਆਟੋਆਂ ਨੂੰ ਹੀ ਜ਼ਬਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਕਾਗਜ਼ਾਤ ਨਹੀਂ ਹਨ ਜਾਂ ਫ਼ਿਰ ਇਹ ਆਟੋ ਦੂਜੇ ਸ਼ਹਿਰਾਂ ਵਿੱਚ ਰਜਿਸਟਰਡ ਹਨ l ਇਨ੍ਹਾਂ ਨੂੰ ਬੰਦ ਕਰਨ ਵਿੱਚ ਪੁਲਿਸ ਨੂੰ ਕਾਫ਼ੀ ਸਮੇਂ ਲੱਗੂਗਾ l ਕਿਉਂਕਿ ਇੱਕੋ ਵਾਰ ਇੰਨੇ ਆਟੋ ਜ਼ਬਤ ਕਰਨ ਦੇ ਲਈ ਪੁਲਿਸ ਦੇ ਕੋਲ ਜਗ੍ਹਾ ਵੀ ਨਹੀਂ ਹੈ ਅਤੇ ਇੰਨੇ ਜ਼ਿਆਦਾ ਲੋਕ ਇੱਕੋ ਵਾਰ ਬੇਰੁਜ਼ਗਾਰ ਹੋ ਜਾਣਗੇ l ਇਸ ਲਈ ਪੁਲਿਸ ਚਾਹੁੰਦੀ ਹੈ ਕਿ ਚਾਲਕ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੇ ਆਟੋ ਵੇਚ ਕੇ ਸੀਐਨਜੀ ਜਾਂ ਈ ਰਿਕਸ਼ਾ ਆਟੋ ਖਰੀਦ ਲੈਣ l ਏਸੀਪੀ ਗੁਰਦੇਵ ਸਿੰਘ ਦੇ ਅਨੁਸਾਰ ਇਹ ਅਭਿਆਨ ਹੁਣ ਲਗਾਤਾਰ ਚੱਲੇਗਾ l
