Htv Punjabi
Punjab

ਸ਼ਹਿਰ `ਚ ਬਿਜਲੀ ਗੁੱਲ, ਜੇਈ ਸਾਹਬ ਨਸ਼ੇ `ਚ!

ਬਿਜਲੀ ਬੋਰਡ ਦਫ਼ਤਰ ਸਰਹਿੰਦ ਵਿਖੇ ਬੀਤੀ ਦੇਰ ਰਾਤ ਉਸ ਸਮੇਂ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ, ਜਦੋਂ ਸ਼ਹਿਰ ਵਿਚ ਵੱਖ-ਵੱਖ ਥਾਂਵਾ’ਤੇ 9 ਵਜੇ ਦੇ ਕਰੀਬ ਖਰਾਬ ਹੋਈ ਬਿਜਲੀ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਠੀਕ ਨਾ ਹੋਈ ਅਤੇ ਨਾ ਹੀ ਬਿਜਲੀ ਬੋਰਡ ਦਫ਼ਤਰ ਵਿਚ ਮੌਜੂਦ ਜੇ.ਈ. ਵਲੋਂ ਫੋਨ ਚੁੱਕਿਆ ਜਾ ਰਿਹਾ ਸੀ।

ਜਦੋਂ ਲੋਕਾਂ ਨੇ ਦਫ਼ਤਰ ਜਾ ਕੇ ਵੇਖਿਆ ਤਾਂ ਉੱਥੇ ਡਿਊਟੀ ’ਤੇ ਹਾਜ਼ਰ ਜੇ.ਈ. ਆਪਣੀ ਪੱਗ ਮੇਜ ਤੇ ਰੱਖਕੇ ਏ.ਸੀ. ਚਲਾਕੇ ਬੈਠਾ ਸੀ ਜਿਸਦਾ ਫੋਨ ਵੀ ਉਸਦੇ ਕੋਲ ਹੀ ਬੰਦ ਪਿਆ ਸੀ। ਲੋਕਾਂ ਨੇ ਜਦੋਂ ਉਸ ਨਾਲ ਗੱਲ ਕੀਤੀ ਤਾਂ ਉਸ ਵਲੋਂ ਕਿਹਾ ਜਾਂਦਾ ਰਿਹਾ ਕਿ ਬਿਜਲੀ ਠੀਕ ਕਰਨ ਵਾਲੇ ਮੁਲਾਜ਼ਮ ਉਸਦੀ ਗੱਲ ਨਹੀਂ ਸੁਣਦੇ। ਲੋਕਾਂ ਨੇ ਦੋਸ਼ ਲਗਾਇਆ ਕਿ ਜੇ.ਈ. ਦੀ ਸ਼ਰਾਬ ਪੀਤੀ ਹੋਈ ਹੈ ਜਿਸਦਾ ਮੈਡੀਕਲ ਕਰਵਾਇਆ ਜਾਵੇ। ਉੱਥੇ ਮੌਜੂਦ ਕੌਂਸਲਰ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਲਸ਼ਨ ਰਾਏ ਬੋਬੀ ਵਲੋਂ ਐਕਸ਼ੀਅਨ ਅਤੇ ਪੁਲਸ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਬਿਜਲੀ ਮੁਲਾਜ਼ਮਾਂ ਨੇ 1 ਵਜੇ ਦੇ ਕਰੀਬ ਲਾਈਟ ਠੀਕ ਕੀਤੀ ਅਤੇ ਪੁਲਸ ਮੁਲਾਜ਼ਮ ਜੇ.ਈ. ਨੂੰ ਮੈਡੀਕਲ ਕਰਵਾਉਣ ਦਾ ਕਹਿਕੇ ਆਪਣੇ ਨਾਲ ਕਾਰ ਵਿਚ ਬਿਠਾਕੇ ਲੈ ਗਏ|

ਕੌਂਸਲਰ ਗੁਲਸ਼ਨ ਰਾਏ ਬੋਬੀ ਨੇ ਦੱਸਿਆ ਕਿ ਬਿਜਲੀ ਖਰਾਬ ਹੋਣ ਕਾਰਨ ਉਨਾਂ ਕੋਲ ਲੋਕਾਂ ਦੇ ਕਈ ਫੋਨ ਆਏ ਜਿਸ ਤੋਂ ਬਾਅਦ ਉਨਾਂ ਨੇ ਵੀ ਜੇ.ਈ. ਨੂੰ ਫੋਨ ਕੀਤਾ ਪਰ ਉਸਨੇ ਫੋਨ ਨਹੀਂ ਚੁੱਕਿਆ। ਜਦੋਂ ਉਨਾਂ ਨੇ ਕੰਪਲੈਂਟ ਸੈਂਟਰ ਵਿਚ ਬੈਠੇ ਮੁਲਾਜ਼ਮ ਨੂੰ ਫੋਨ ਕਰਕੇ ਜੇ.ਈ. ਨਾਲ ਗੱਲ ਕਰਵਾਉਣ ਲਈ ਕਿਹਾ ਤਾਂ ਜੇ.ਈ. ਨੇ ਗੱਲ ਕਰਨ ਤੋਂ ਮਨਾ ਕਰ ਦਿੱਤਾ ਜਿਸ ਕਾਰਨ ਉਹ ਬਿਜਲੀ ਬੋਰਡ ਦਫ਼ਤਰ ਪਹੁੰਚੇ ਤਾਂ ਦੇਖਿਆ ਕਿ ਜੇ.ਈ. ਆਪਣੇ ਹੋਸ਼ ਵਿੱਚ ਨਹੀਂ ਸੀ ਜਿਸਦੀ ਜਾਣਕਾਰੀ ਉਨਾਂ ਨੇ ਤੁਰੰਤ ਫੋਨ ਕਰਕੇ ਐਕਸ਼ੀਅਨ ਨੂੰ ਦਿੱਤੀ।

ਜੇ.ਈ. ਦਾ ਕਹਿਣਾ ਸੀ ਕਿ ਉਸਨੇ ਸ਼ਰਾਬ ਨਹੀਂ ਪੀਤੀ । ਉਸਨੇ ਕਿਹਾ ਕਿ ਮੁਲਾਜ਼ਮ ਉਸਦੀ ਗੱਲ ਨਹੀਂ ਸੁਣਦੇ।

ਬਿਜਲੀ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਹ ਆਪਣੀ ਡਿਊਟੀ ’ਤੇ ਸਨ ਅਤੇ ਬਿਜਲੀ ਖਰਾਬ ਹੋਣ ਦੀਆਂ ਆਈਆਂ ਸ਼ਿਕਾਇਤਾਂ ’ਤੇ ਬਿਜਲੀ ਠੀਕ ਕਰ ਰਹੇ ਸਨ। ਉਨਾਂ ਦੱਸਿਆ ਕਿ ਜਦੋਂ ਤੱਕ ਬਿਜਲੀ ਗਰਿੱਡ ਵਿਚੋਂ ਸਾਰੀ ਬਿਜਲੀ ਬੰਦ ਨਹੀਂ ਹੋਵੇਗੀ ਉਸ ਸਮੇਂ ਤੱਕ ਉਹ ਫੇਸ ਠੀਕ ਨਹੀਂ ਕਰ ਸਕਦੇ ਸੀ ਅਤੇ ਇਸ ਸਬੰਧੀ ਉਨਾਂ ਨੇ ਜੇ.ਈ. ਤੋਂ ਪਰਮਿਸ਼ਨ ਵੀ ਮੰਗੀ ਸੀ, ਪਰ ਪਰਮਿਸ਼ਨ ਨਾ ਮਿਲਣ ਕਾਰਨ ਉਹ ਬਿਨਾਂ ਬਿਜਲੀ ਠੀਕ ਕੀਤੇ ਉਥੋਂ ਵਾਪਸ ਆ ਗਏ ਸਨ।

Related posts

ਆਚਾਨਕ ਆਉਣ ਲੱਗਿਆ ਅਜਿਹਾ ਧੂੰਆਂ ਡਰੇ ਲੋਕ

htvteam

ਦੇਖੋ ਕਿਹੜੇ ਬੰਦੇ ਦੀ ਰੈਲੀ ‘ਚੋਂ ਨਿੱਕਲਣ ਲੱਗੀਆਂ ਬੋਤਲਾਂ ਹੀ ਬੋਤਲਾਂ

htvteam

ਸਵਿਫਟ ਡਿਜਾਇਰ ਦੇ ਵਿੱਚ ਬੈਠੇ ਸੀ ਦੋ ਮੁੰਡੇ

htvteam