ਚੰਡੀਗੜ੍ਹ : ਲੰਘੇ ਦਿਨੀਂ ਇੱਕ ਪੱਤਰਕਾਰ ਸੰਮੇਲਨ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕਮੇਡੀਅਨ ਤੋਂ ਪੱਤਰਕਾਰਾਂ ਲਈ ਵਿਲੇਨ ਬਣੇ ਮਾਨ ਨੂੰ ਆਖਰਕਾਰ ਆਪਣੀ ਗਲਤੀ ਦਾ ਅਹਿਸਾਸ ਹੋ ਹੀ ਗਿਆ l ਇਸੇ ਲਈ ਮਾਨ ਅੱਜ ਚੰਡੀਗੜ੍ਹ ਦੇ ਪੱਤਰਕਾਰਾਂ ਵਿੱਚ ਪਹੰੁਚੇ ਤੇ ਉਸ ਦਿਨ ਹੋਈ ਘਟਨਾ ਨੂੰ ਮੰਦਭਾਗੀ ਕਹਿੰਦਿਆਂ ਨਰਾਜ਼ ਪੱਤਰਕਾਰ ਨਾਲ ਜੱਫ਼ੀ ਪਾ ਕੇ ਉਸਦਾ ਗਿਲਾ ਸ਼ਿਕਵਾ ਦੂਰ ਕਰਨ ਦੀ ਕੋਸ਼ਿਸ਼ ਕੀਤੀ l ਹਾਲਾਂਕਿ ਮੌਕੇ ‘ਤੇ ਮੌਜੂਦ ਇੱਕ ਸੀਨੀਅਰ ਪੱਤਰਕਾਰ ਨੇ ਭਗਵੰਤ ਮਾਨ ਵੱਲ ਸੰਬੋਧਿਤ ਹੁੰਦੇ ਹੋਏ ਮਾਈਕ ਤੇ ਮਾਫ਼ੀ ਮੰਗਣ ਲਈ ਵੀ ਕਿਹਾ, ਪਰ ਮਾਨ ਨੇ ਉਸ ਪੱਤਰਕਾਰ ਦੀ ਗੱਲ ਤੇ ਕੰਨ ਹੀ ਨਹੀਂ ਧਰਿਆ, ਤੇ ਹੋਰ ਗੱਲਾਂ ‘ਚ ਉਲਝਾ ਕੇ ਮਾਫ਼ੀ ਵਾਲੀ ਗੱਲ ਨੂੰ ਹੋਰ ਪਾਸੇ ਭਟਕਾ ਦਿੱਤਾ l ਇਸ ਮੌਕੇ ਪੀੜਿਤ ਪੱਤਰਕਾਰ ਨੇ ਭਗਵੰਤ ਮਾਨ ਦੇ ਮੂੰਹ ‘ਤੇ ਹੀ ਇਹ ਗੱਲ ਫ਼ੇਰ ਦੁਹਰਾਈ ਕਿ ਉਹ ਅਜਿਹੇ ਸਵਾਲ ਅੱਗੋਂ ਵੀ ਪੱੁਛਦੇ ਰਹਿਣਗੇ, ਜਿਸ ਸਵਾਲ ਤੇ ਮਾਨ ਉਸ ਦਿਨ ਭੜਕ ਗਏ ਸਨ l
ਭਗਵੰਤ ਮਾਨ ਵੱਲੋਂ ਚੰਡੀਗੜ੍ਹ ਦੇ ਪੱਤਰਕਾਰਾਂ ਨੂੰ ਸੰਤੁਸ਼ਟ ਕਰਨ ਤੋਂ ਬਾਅਦ ਬੇਸ਼ੱਕ ਉਨ੍ਹਾਂ ਨੇ ਇਹ ਕਹਿ ਦਿੱਤਾ ਹੋਵੇ,ਕਿ ਹੁਣ ਇਹ ਮਾਮਲਾ ਸੁਲਝ ਗਿਆ ਹੈ, ਪਰ ਇਹ ਕੋਈ ਪਹਿਲਾ ਮੌਕਾ ਨਹੀਂ ਸੀ ਜਦੋਂ ਮਾਨ ਇੰਝ ਪੱਤਰਕਾਰਾਂ ਨਾਲ ਉਲਝੇ ਹੋਣ l ਲਿਹਾਜ਼ਾ ਪੱਤਰਕਾਰਾਂ ਨੂੰ ਭਗਵੰਤ ਮਾਨ ਤੇ ਇਹ ਨਿਗ੍ਹਾ ਬਣਾ ਕੇ ਰੱਖਣੀ ਪਵੇਗੀ ਕਿ ਉਹ ਮੁੜ ਕਿਸੇ ਪੱਤਰਕਾਰ ਨਾਲ ਇੰਝ ਬੇਵਜਾ ਨਾ ਉਲਝ ਪੈਣ l
