ਬਠਿੰਡਾ : ਅੱਜ ਬਠਿੰਡਾ ਦੀਆਂ ਸੜਕਾਂ ਤੇ ਉਹ ਨਜ਼ਾਰਾ ਦੇਖਣ ਨੂੰ ਮਿਲਿਆ ਜਿਹੜਾ ਕਿ ਸ਼ਾਇਦ ਇਤਿਹਾਸ ਵਿੱਚ ਨਾ ਤਾਂ ਪਹਿਲਾਂ ਕਦੇ ਕਿਸੇ ਨੂੰ ਵਖਣ ਨੂੰ ਮਿਲਿਆ ਸੀ ਤੇ ਨਾ ਹੀ ਸ਼ਾਇਦ ਕਦੇ ਭਵਿੱਖ ਵਿੱਚ ਛੇਤੀ ਕਿਤੇ ਵੇਖਣ ਨੂੰ ਮਿਲੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਨਜ਼ਾਰਾ ਸੀ ਹੱਥ ਜੋੜ ਕੇ ਤੇ ਕੰਨਾਂ ਨੂੰ ਹੱਥ ਲਾ ਕੇ ਐਸਐਸਪੀ ਨਾਨਕ ਸਿੰਘ ਦੀਆਂ ਮਿੰਨਤਾਂ ਕਰਦਾ ਦਿਖਾਈ ਦਿੱਤਾ ਇੱਕ ਅਜਿਹਾ ਸੇਵਾਮੁਕਤ ਪੁਲਿਸ ਅਧਿਕਾਰੀ ਜਿਸ ਬਾਰੇ ਕਿਹਾ ਜਾਂਦਾ ਕਿ ਉਹ ਆਪਦੇ ਸਮੇਂ ਤੇ ਨਾਨਕ ਸਿੰਘ ਵਾਂਗ ਹੀ ਧਾਕੜ ਪੁਲਿਸ ਅਧਿਕਾਰੀ ਮੰਨਿਆ ਜਾਂਦਾ ਸੀ।ਪੰਜਾਬ ਵਿਜੀਲੈਂਸ ਪੁਲਿਸ ‘ਚੋਂ ਕੁਝ ਦੇਰ ਪਹਿਲਾਂ ਹੀ ਸੇਵਾਮੁਕਤ ਹੋਏ ਵਿਜੀਲੈਂਸ ਦੇ ਸੇਵਾਮੁਕਤ ਅਧਿਕਾਰੀ ਖੁਸ਼ੀ ਮੁਹੰਮਦ ਦਾ ਕਸੂਰ ਇਹ ਸੀ ਕਿ ਉਹ ਆਪਣੇ ਪਰਿਵਾਰ ਸਮੇਤ ਇੱਕ ਅਜਿਹੀ ਗੱਡੀ ਵਿੱਚ ਸਵਾਰ ਹੋ ਕੇ ਉਸ ਵੇਲੇ ਫਸ ਗਿਆ ਜਦੋਂ ਉਨ੍ਹਾਂ ਦਾ ਪੁੱਤਰ ਗੱਡੀ ਚਲਾ ਰਿਹਾ ਸੀ ਤੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਸ਼ਰੇਆਮ ਅਜਿਹੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਿਆਂ ਫੜ ਲਿਆ ਜਿਸ ਬਾਰੇ ਕਾਨੂੰਨ ਵਿੱਚ ਸਜ਼ਾ ਗੱਡੀ ਸਮੇਤ ਡਰਾਈਵਰ ਨੂੰ ਵੀ ਥਾਣੇ ਵਿੱਚ ਬੰਦ ਕਰਨੀ ਦੱਸੀ ਗਈ ਹੈ ਤੇ ਇਹੋ ਉਹ ਕਾਰਨ ਸੀ ਜਿਸ ਨੇ ਖੁਸ਼ੀ ਰਾਮ ਨੁੰ ਸ਼ਰੇਆਮ ਬਜ਼ਾਰ ਵਿੱਚ ਹੱਥ ਜੋੜ ਕੇ ਤੇ ਕੰਨਾਂ ਨੂੰ ਹੱਥ ਲਾਉਂਦਿਆਂ ਐਸਐਸਪੀ ਨਾਨਕ ਸਿੰਘ ਦੀਆਂ ਮਿੰਨਤਾਂ ਕਰਨ ਤੇ ਮਜ਼ਬੂਰ ਕਰ ਦਿੱਤਾ ਕਿ ਗਲਤੀ ਹੋ ਗਈ।

ਇਹ ਕਹਾਣੀ ਸ਼ੁਰੂ ਹੋਈ ਕੋਰੋਨਾ ਵਾਇਰਸ ਕਾਰਨ ਲੋਕਾਂ ‘ਚ ਫੈਲ ਰਹੇ ਡਰ ਅਤੇ ਭੈਅ ਨੂੰ ਸ਼ਾਂਤ ਕਰਨ ਲਈ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਾਂਗ ਬਠਿੰਡਾ ਵਿੱਚ ਵੀ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਇੱਕ ਵੱਡਾ ਫਲੈਗ ਮਾਰਚ ਕੱਢਣ ਤੋਂ ,,, ਜਿੱਥੇ ਬਾਕੀ ਮੀਡੀਆ ਵਾਂਗ ਸਾਡੇ ਬਠਿੰਡਾ ਤੋਂ ਪੱਤਰਕਾਰ ਨਰੇਸ਼ ਕੁਮਾਰ ਵੀ ਫਲੈਗ ਮਾਰਚ ਦੀ ਕਵਰੇਜ ਕਰਨ ਪਹੁੰਚੇ ਹੋਏ ਸਨ ਤੇ ਏਸ ਦੌਰਾਨ ਐਸਐਸਪੀ ਨਾਨਕ ਸਿੰਘ ਨੇ ਜਿਓਂ ਹੀ ਵਿਜੀਲੈਂਸ ਦੇ ਸਾਬਕਾ ਅਧਿਕਾਰੀ ਦੀ ਗੱਡੀ ਪੜਤਾਲ ਲਈ ਰੋਕੀ ਤਾਂ ਸਾਡੇ ਪੱਤਰਕਾਰ ਨੇ ਤੁਰੰਤ ਮੌਕੇ ਤੇ ਅਕਸਕਲੂਸਿਵ ਤਸਵੀਰਾਂ ਆਪਣੇ ਕੈਮਰੇ ਵਿੱਚ ਕੈਦ ਕਰ ਲਈਆਂ।ਉਹ ਤਸਵੀਰਾਂ ਜਿਸ ਵਿੱਚ ਜਦੋਂ ਵਿਜੀਲੈਂਸ ਦੇ ਸੇਵਾਮੁਕਤ ਅਧਿਕਾਰੀ ਦੀ ਗੱਡੀ ਰੋਕ ਕੇ ਐਸਐਸਪੀ ਥਾਣੇ ‘ਚ ਬੰਦ ਕਰਨ ਦੀ ਗੱਲ ਕਰ ਰਹੇ ਹੁੰਦੇ ਹਨ ਤਾਂ ਖੁਸ਼ੀ ਮੁਹੰਮਦ ਉਨ੍ਹਾਂ ਨੂੰ ਹੱਥ ਬੰਨ ਕੇ ਮਾਫੀ ਮੰਗਣ ਦੀ ਗੰਲ ਕਰਦੇ ਹਨ।ਉਹ ਤਸਵੀਰਾਂ ਜਿਸ ਵਿੱਚ ਐਸਐਸਪੀ ਨਾਨਕ ਸਿੰਘ ਖੁਸ਼ੀ ਮੁਹੰਮਦ ਨੂੰ ਇਹ ਕਹਿੰਦੇ ਹਨ ਕਿ ਗਲਤੀ ਕੀਤੀ ਹੈ ਤਾਂ ਹੁਣ ਭੁਗਤੋ, ਜੇਕਰ ਇਹ ਗੱਡੀ ਤੁਸੀਂ ਚਲਾ ਰਹੇ ਸੀ ਤਾਂ ਮੈਂ ਤੁਹਾਨੂੰ ਬੰਦ ਕਰ ਦਿੰਦਾ ਹਾਂ ਨਹੀਂ ਤਾਂ ਤੁਹਾਡੇ ਉਸ ਪੁੱਤਰ ਨੂੰ ਥਾਣੇ ‘ਚ ਬੰਦ ਕੀਤਾ ਜਾਵੇਗਾ ਜਿਹੜਾ ਕਿ ਗੱਡੀ ਚਲਾ ਰਿਹਾ ਸੀ ਤੇ ਇਹ ਕਹਿਕੇ ਨਾਨਕ ਸਿੰਘ ਨੇ ਆਪਣੇ ਮੁਲਾਜ਼ਮਾਂ ਨੂੰ ਹੁਕਮ ਦਿੱਤਾ ਕਿ ਗੱਡੀ ਦੇ ਡਰਾਈਵਰ ਖੁਸ਼ੀ ਮੁਹੰਮਦ ਦੇ ਪੁੱਤਰ ਨੂੰ ਵੀ ਗੱਡੀ ਸਮੇਤ ਬੰਦ ਕਰ ਦਿੱਤਾ ਜਾਵੇ।

ਏਸ ਦੌਰਾਨ ਮੌਕੇ ਤੇ ਐਚਟੀਵੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਖੁਸ਼ੀ ਮੁਹੰਮਦ ਨੇ ਦੱਸਿਆ ਕਿ ਇਹ ਗੱਡੀ ਮੈਂ ਨਹੀਂ ਮੇਰਾ ਪੁੱਤਰ ਚਲਾਉਂਦਾ ਸੀ ਤੇ ਮੈਂ ਵਿਜੀਲੈਂਸ ਪੁਲਿਸ ਦਾ ਸੇਵਾਮੁਕਤ ਐਸਐਸਪੀ ਹਾਂ ਏਸ ਤੋਂ ਪਹਿਲਾਂ ਕਿ ਸਾਡਾ ਪੱਤਰਕਾਰ ਕੋਈ ਹੋਰ ਸਵਾਲ ਕਰਦਾ ਖੁਸ਼ੀ ਮੁਹੰਮਦ ਨੇ ਕੈਮਰੇ ਅੱਗੋਂ ਪਾਸਾ ਵੱਟ ਲਿਆ ਪਰ ਤਸਵੀਰਾਂ ‘ਚ ਸਾਫ ਦਿਖਾਈ ਦਿੱਤਾ ਕਿ ਕਿਸੇ ਵੇਲੇ ਘਾਕੜ ਅਧਿਕਾਰੀ ਵੱਜੋਂ ਮਸ਼ਹੂਰ ਖੁਸ਼ੀ ਮੁਹੰਮਦ ਉਸ ਮੌਕੇ ਪਾਰੀ ਪੁਲਿਸ ਫੋਰਸ ਤੇ ਆਮ ਲੋਕਾਂ ਦੀ ਹਾਜ਼ਰੀ ਵਿੱਚ ਬਿਲਕੁਲ ਇੱਕਲਾ ਤੇ ਅਣਗੌਲਿਆ ਖਲੌਤਾ ਸੀ, ਜਿਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸੀ।ਖੁਸ਼ੀ ਮੁਹੰਮਦ ਦੀ ਗੱਡੀ ਪੁਲਿਸ ਵਾਲੇ ਲੈ ਗਏ ਸਨ ਤੇ ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵ ਉਨ੍ਹਾਂ ਦੇ ਅੰਦਰ ਦੀ ਹਾਲਤ ਸਾਫ ਬਿਆਨ ਕਰ ਰਹੇ ਸਨ।

ਕਾਨੂੰਨ ਸਾਰਿਆਂ ਲਈ ਬਰਾਬਰ ਹੈ ਅਕਸਰ ਇਹ ਕਹਿਣ ਸੁਣਨ ਨੂੰ ਤਾਂ ਆਮ ਮਿਲ ਜਾਂਦਾ ਹੈ ਪਰ ਜਿੱਥੇ ਗੱਲ ਆਪਣਿਆਂ ਦੀ ਆ ਜਾਵੇ ਤਾਂ ਉੱਥੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਲੱਗਿਆਂ ਅਧਿਕਾਰੀਆਂ ਵੱਲੋਂ ਅਕਸਰ ਪੱਤਰਕਾਰਾਂ ਦੇ ਕੈਮਰੇ ਬੰਦ ਕਰਵਾ ਕੇ ਆਪਣਿਆਂ ਨੂੰ ਛੂਟ ਦੇਣ ਦੇ ਦੋਸ਼ ਆਮ ਲੱਗਦੇ ਨੇ ਪਰ ਜੋ ਕਦਮ ਬਠਿੰਡਾ ਦੇ ਐਸਐਸਪੀ ਨਾਨਕ ਸਿੰਘ ਨੇ ਅੱਜ ਚੁੱਕਿਆ ਹੈ। ਉਹ ਕਿਸੇ ਨੂੰ ਦੱਸਣ ਜਾਂ ਸੁਣਨ ਦੀ ਚੀਜ਼ ਨਹੀਂ ਬਲਕਿ ਮੌਕੇ ਤੇ ਜਾਂ ਤਸਵੀਰਾਂ ਰਾਹੀਂ ਵੇਖਣ ਦੀ ਚੀਜ਼ ਬਣ ਗਿਆ ਹੈ। ਉਹ ਕੁਝ ਵੇਖਣ ਦੀ ਜਿਸ ਵਿੱਚ ਨਾਨਕ ਸਿੰਘ ਹੋਰਾਂ ਲਈ ਉਦਾਹਰਣ ਪੇਸ਼ ਕਰਦੇ ਹਨ ਕਿ ਡਿਊਟੀ ਕਰੋ ਤਾਂ ਇੰਝ ਕਰੋ, ਜਿਸ ਦੌਰਾਨ ਕਾਨੂੰਨ ਤੋਂ ਉੱਪਰ ਨਾ ਤੁਹਾਡਾ ਕੋਈ ਆਪਣਾ ਹੈ ਤੇ ਨਾ ਹੀ ਕੋਈ ਬੇਗਾਨਾ, ਵਰਨਾ ਕਰਨ ਵਾਲਿਆਂ ਨੇ ਤਾਂ ਸਮਾਂ ਆਉਣ ਤੇ ਆਪਣੀ ਪੁਲਿਸ ਨੂੰ ਵੀ ਅਣਪਛਾਤੀ ਬਣਾ ਦਿੱਤਾ ਸੀ।
