ਨਵੀਂ ਦਿੱਲੀ : 2012 ਵਿੱਚ ਨਿਰਭੈਆ ਦਾ ਬੜੀ ਦਰਿੰਦਗੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦੇਣ ਦੇ ਮਾਮਲੇ ਵਿੱਚ ਅਦਾਲਤ ਵੱਲੋਂ 4 ਮੁਜ਼ਰਿਮਾਂ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਆਪਣੇ ਆਖਰੀ ਸਾਹਾਂ ਤੱਕ ਜਾਨ ਬਚਾਉਣ ਲਈ ਅਦਾਲਤਾਂ ਦੇ ਗੇੜੇ ਖਾਂਦੇ ਰਹੇ ਮੁਜ਼ਰਿਮਾਂ ਦੀ ਆਖਰੀ ਅਰਜ਼ੀ ਵੀ ਜਦੋਂ ਅਦਾਲਤ ਨੇ ਖਾਰਿਜ ਕਰ ਦਿੱਤੀ ਤਾਂ ਉਸ ਤੋਂ ਬਾਅਦ ਦੇ ਉਹ ਢਾਈ ਘੰਟੇ ਦਾ ਹਾਲ ਜੋ ਬੰਦਾ ਇੱਕ ਵਾਰ ਜਾਨ ਲੈਂਦਾ ਤਾਂ ਸ਼ਾਇਦ ਮੁੜ ਕੇ ਹੋਰ ਕੋਈ ਅਜਿਹਾ ਘਿਨੌਣਾ ਅਪਰਾਧ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇਗਾ।ਜੀ ਹਾਂ ਇਹ ਬਿਲਕੁਲ ਸੱਚ ਐ ਤੇ ਅੱਜ ਅਸੀਂ ਇੱਥੇ ਤੁਹਾਨੂੰ ਉਨ੍ਹਾਂ ਚਾਰਾਂ ਮੁਜ਼ਰਮਾਂ ਦੇ ਫਾਂਸੀ ਤੋਂ ਪਹਿਲਾਂ ਵਾਲੇ ਉਹ ਢਾਈ ਘੰਟੇ ਦਾ ਹਾਲ ਬਿਆਨ ਕਰਨ ਜਾ ਰਹੇ ਹਾਂ ਜਿਹੜਾ ਕਿ ਜ਼ੇਲ੍ਹ ਅਧਿਕਾਰੀਆਂ ਅਤੇ ਮੌਕੇ ਤੇ ਮੌਜੂਦ ਕੁਝ ਹੋਰ ਲੋਕਾਂ ਨੇ ਆਪਣੇ ਅੱਖੀਂ ਵੇਖਿਆ ਸੀ ਉਹ ਹਾਲ ਜਿਸ ਵਿੱਚ ਚਾਰਾਂ ਨੇ ਦਹਾੜਾਂ ਮਾਰ ਮਾਰ ਕੇ ਜ਼ੇਲ੍ਹ ਦੇ ਮੁਲਾਜ਼ਮਾਂ ਦੇ ਪੈਰ ਫੜ ਲਏ ਸਨ ਉਹ ਹਾਲ ਜਿਸ ਵਿੱਚ ਫਾਂਸੀ ਤੋਂ ਪਹਿਲਾਂ ਮੁਜ਼ਰਮਾਂ ਦੇ ਹੱਥ ਪੈਰ ਬੰਨੇ ਜਾਣ ਵੇਲੇ ਵਿਰੋਧ ਹੋਣ ਤੇ ਛੇ ਛੇ ਵਾਰਡਨਾਂ ਨੂੰ ਇੱਕ ਇੱਕ ਮੁਜਰਮ ਕਾਬੂ ਕਰਨਾ ਪਿਆ ਸੀ।ਸੱਚ ਜਾਣਿਓ ਉਹ ਇੱਕ ਅਜਿਹਾ ਮੰਜ਼ਰ ਸੀ ਜਿਸ ਨੇ ਸ਼ਾਇਦ ਮਰਹੂਮ ਨਿਰਭੈਆ ਦੀ ਆਤਮਾ ਨੂੰ ਕੁਝ ਹੱਦ ਤੱਕ ਸ਼ਾਂਤੀ ਜ਼ਰੂਰ ਪਹੁੰਚਾਈ ਹੋਵੇਗੀ।

ਏਸ ਸੰਬੰਧ ਵਿੱਚ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਜਿਨ੍ਹਾਂ ਜ਼ੇਲ੍ਹ ਮੁਲਾਜ਼ਮਾਂ ਤੇ ਅਫਸਰਾਂ ਨੇ ਮੌਕੇ ਦਾ ਹਾਲ ਬਿਆਨ ਕੀਤਾ ਉਹ ਦੱਸਦੇ ਹਨ ਕਿ ਸਵੇਰੇ ਤਿੰਨ ਵਜੇ ਅਕਸ਼ੈ ਸਿੰਘ, ਮੁਕੇਸ਼ ਸਿੰਘ, ਪਵਨ ਗੁਪਤਾ ਅਤੇ ਵਿਨੈ ਸ਼ਰਮਾ ਨਾਮ ਦੇ ਉਨ੍ਹਾਂ ਚਾਰਾਂ ਮੁਜ਼ਰਮਾਂ ਨੂੰ ਜ਼ੇਲ੍ਹ ਦੀ ਕਾਲਕੋਠੜੀ ਵਿੱਚੋਂ ਇੱਕ ਇੱਕ ਕਰਕੇ ਅਲੱਗ ਅਲੱਗ ਬਾਹਰ ਕੱਢਿਆ ਗਿਆ।ਅਧਿਕਾਰੀ ਦੱਸਦੇ ਹਨ ਕਿ ਜਿਵੇਂ ਹੀ ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਉਹ ਆਪਣੀ ਰੋਜ਼ਾਨਾ ਦੀ ਰੂਟੀਨ ਵਾਂਗ ਲੈਟਰਿੰਗ, ਬਾਥਰੂਮ ਜਾ ਆਉਣ ਤੇ ਨਹਾ ਧੋ ਕੇ ਉਹ ਨਵੇਂ ਕੱਪੜੇ ਪਾ ਲੈਣ ਜਿਹੜੇ ਜ਼ੇਲ੍ਹ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਮੁਹੱਈਆ ਕਰਵਾਏ ਗਏ ਸਨ।ਅਧਿਕਾਰੀਆਂ ਅਨੁਸਾਰ ਇਨ੍ਹਾਂ ਸੁਣਦਿਆਂ ਹੀ ਉਨ੍ਹਾਂ ਵਿੱਚੋਂ ਦੋ ਕੈਦੀ ਦਹਾੜਾਂ ਮਾਰ ਮਾਰ ਕੇ ਜ਼ੇਲ੍ਹ ਮੁਲਾਜ਼ਮਾਂ ਦੇ ਪੈਰਾਂ ਵਿੱਚ ਲਿਟ ਗਏ, ਜਿਨ੍ਹਾਂ ਦੇ ਚਿਹਰੇ ਦੇ ਰੰਗ ਉੱਡੇ ਹੋਏ ਸਨ।

ਜ਼ੇਲ੍ਹ ਅਧਿਕਾਰੀਆਂ ਅਨੁਸਾਰ ਇੰਝ ਜਾਪਦਾ ਸੀ ਕਿ ਜਿਵੇਂ ਉਹ ਸਾਰੇ ਉਨ੍ਹਾਂ ਨੂੰ ਕੁਝ ਕਹਿਣਾ ਤਾਂ ਚਾਹੁੰਦੇ ਹਨ ਪਰ ਆਵਾਜ਼ ਉਨ੍ਹਾਂ ਦੇ ਬੁੱਲਾਂ ਵਿੱਚ ਫਸ ਕੇ ਅੱਗੇ ਨਹੀਂ ਜਾ ਰਹੀ ਸੀ ਮੌਕੇ ਤੇ ਜ਼ੇਲ੍ਹ ਮੁਲਾਜ਼ਮਾਂ ਵੱਲੋਂ ਉਨ੍ਹਾਂ ਚਾਰਾਂ ਨੂੰ ਪੀਣ ਲਈ ਚਾਹ ਦਿੱਤੀ ਪਰ ਚਾਹ ਪੀਣਾ ਤਾਂ ਦੂਰ ਉਨ੍ਹਾਂ ਨੇ ਚਾਹ ਵੱਲ ਝਾਕਿਆ ਵੀ ਨਹੀਂ।
ਏਸੇ ਤਰ੍ਹਾਂ ਜ਼ੇਲ੍ਹ ਸੂਤਰ ਦੱਸਦੇ ਹਨ ਕਿ ਫਾਂਸੀ ਤੋਂ ਪਹਿਲਾਂ ਸਵੇਰੇ ਪੰਜ ਵਜੇ ਇਲਾਕੇ ਦੇ ਡੀਸੀ ਉਨ੍ਹਾਂ ਚਾਰਾਂ ਕੈਦੀਆਂ ਨੂੰ ਮਿਲਣ ਜ਼ੇਲ੍ਹ ਪਹੁੰਚੇ, ਜਿਨ੍ਹਾਂ ਨਾਲ ਵਾਰੀ ਵਾਰੀ ਜ਼ੇਲ੍ਹ ਸੁਪਰਡੈਂਟ ਨੇ ਜਾਣ ਪਹਿਚਾਣ ਕਰਵਾਈ ਜਿਸ ਮਗਰੋਂ ਕੁਝ ਕਾਗਜ਼ੀ ਕਾਰਵਾਈ ਮੁਕੰਮਲ ਕੀਤੀ ਗਈ ਤੇ ਚਾਰਾਂ ਕੈਦੀਆਂ ਨੂੰ ਉਨ੍ਹਾਂ ਦੇ ਸੈਲ ‘ਚੋਂ ਬਾਹਰ ਕੱਢ ਲਿਆ ਗਿਆ। ਜਿੱਥੇ ਸਭ ਤੋਂ ਪਹਿਲਾਂ ਉਨ੍ਹਾਂ ਦੇ ਮੂੰਹ ਤੇ ਕਾਲਾ ਕੱਪੜਾ ਪਾ ਕੇ ਚਿਹਰੇ ਢੱਕ ਦਿੱਤੇ ਗਏ ਤੇ ਉਦੋਂ ਤੱਕ ਉਹ ਸਾਰੇ ਸ਼ਾਂਤ ਸਨ, ਜ਼ੇਲ੍ਹ ਸੂਤਰਾਂ ਅਨੁਸਾਰ ਉਨ੍ਹਾਂ ਚਾਰਾਂ ਨੂੰ ਜਿਓਂ ਹੀ ਫਾਂਸੀ ਘਰ ਪਹੁੰਚਣ ਦਾ ਅਹਿਸਾਸ ਹੋਇਆ ਤਾਂ ਚਾਰਾਂ ਵਿੱਚੋਂ ਇੱਕ ਕੈਦੀ ਚੀਕਾਂ ਮਾਰ ਮਾਰ ਕੇ ਰੋਣ ਲੱਗ ਪਿਆ ਤੇ ਇੱਕ ਵਾਰ ਤਾਂ ਅਜਿਹਾ ਲੱਗਿਆ ਕਿ ਉਹ ਧਰਤੀ ਤੇ ਡਿੱਗ ਪਵੇਗਾ।ਜਿਸ ਨੂੰ ਨਾਲ ਚੱਲ ਰਹੇ ਸੁਰੱਖਿਆ ਮੁਲਾਜ਼ਮਾਂ ਨੇ ਸਹਾਰਾ ਦੇ ਕੇ ਖੜਾ ਕੀਤਾ ਬਾਅਦ ਵਿੱਚ ਸਾਰਿਆਂ ਨੂੰ ਇੱਕਠੇ ਕਰਕੇ ਫਾਂਸੀ ਦੇ ਤਖਤੇ ਤੇ ਖੜਾ ਕਰ ਦਿੱਤਾ ਗਿਆ।ਇੱਥੇ ਵੀ ਜਦੋਂ ਚਾਰਾਂ ਵਿੱਚੋਂ ਇੱਕ ਨੂੰ ਆਪਣੇ ਹੱਥ ਪੈਰ ਬੰਨੇ ਜਾਣ ਦਾ ਅਹਿਸਾਸ ਹੋਇਆ ਤਾਂ ਉਸ ਨੇ ਤੁਰੰਤ ਇਸ ਗੱਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਏਸ ਨੂੰ ਵੀ ਸੁਰੱਖਿਆ ਮੁਲਾਜ਼ਮਾਂ ਨੇ ਜ਼ਬਰਦਸਤੀ ਕਾਬੂ ਕਰ ਲਿਆ।

ਜ਼ੇਲ੍ਹ ਸੂਤਰਾਂ ਅਨੁਸਾਰ ਹਰ ਇੱਕ ਕੈਦੀ ਨਾਲ ਛੇ ਛੇ ਵਾਰਡਨ ਅਤੇ ਇੱਕ ਡਿਪਟੀ ਸੁਪਰਡੈਂਟ ਚੱਲ ਰਿਹਾ ਸੀ, ਜਿਨ੍ਹਾਂ ਕੈਦੀਆਂ ਦੇ ਹੱਥ ਪਿੱਛੇ ਵੱਲ ਕਰਕੇ ਉਸ ਵੇਲੇ ਹੀ ਬੰਨ ਦਿੱਤੇ ਗਏ ਸਨ ਜਦੋਂ ਉਨ੍ਹਾਂ ਨੂੰ ਕਾਲ ਕੋਠੜੀ ਤੋਂ ਬਾਹਰ ਕੱਢਿਆ ਗਿਆ ਸੀ ਤੇ ਚਾਰਾਂ ਦੇ ਪੈਰ ਉਸ ਵੇਲੇ ਇੱਕ ਇੱਕ ਕਰਕੇ ਬੰਨ ਦਿੱਤੇ ਗਏ ਜਦੋਂ ਉਨ੍ਹਾਂ ਨੂੰ ਫਾਂਸੀ ਦੇ ਤਖਤੇ ਤੇ ਖੜਾ ਕੀਤਾ ਗਿਆ।ਸੂਤਰਾਂ ਅਨੁਸਾਰ ਇਨ੍ਹਾਂ ਚਾਰਾਂ ਕੈਦੀਆਂ ਨੂੰ ਫਾਂਸੀ ਦੇਣ ਲਈ ਫਾਂਸੀ ਦਾ ਲੀਵਰ ਇੱਕੋ ਵਾਰ ‘ਚ ਖਿੱਚਿਆ ਜਾਣਾ ਸੀ ਪਰ ਜੱਲਾਦ ਇੱਕ ਸੀ ਜਿਸਦਾ ਨਾਂ ਪਵਨ ਐ।ਏਸ ਲਈ ਜੱਲਾਦ ਦੀ ਮਦਦ ਕਰਨ ਲਈ ਜ਼ੇਲ੍ਹ ਦੇ ਕੁਝ ਮੁਲਾਜ਼ਮਾਂ ਨੂੰ ਫਾਂਸੀ ਦੇ ਤਖਤੇ ਵਾਲਾ ਲੀਵਰ ਖਿੱਚਣ ਲਈ ਮਦਦ ਲਈ ਬੁਲਾਇਆ ਗਿਆ ਤੇ ਉਸ ਊਪਰੰਤ ਜ਼ੇਲ੍ਹ ਸੁਪਰਡੈਂਟ ਐਸ ਸੁਨੀਲ ਨੇ ਆਪਣੇ ਹੱਥ ਤੇ ਬੰਨੀ ਘੜੀ ਤੇ ਸਾਢੇ ਪੰਜ ਵੱਜਿਆ ਦੇਖ ਜਿਓਂ ਹੀ ਇਸ਼ਾਰਾ ਕੀਤਾ ਤਾਂ ਜੱਲਾਦ ਪਵਨ ਅਤੇ ਜ਼ੇਲ੍ਹ ਮੁਲਾਜ਼ਮਾਂ ਨੇ ਤੁਰੰਤ ਫਾਂਸੀ ਵਾਲਾ ਲੀਵਰ ਖਿੱਚ ਕੇ ਚਾਰਾਂ ਨੂੰ ਉਨ੍ਹਾਂ ਦੇ ਅੰਜ਼ਾਮ ਤੱਕ ਪਹੁੰਚਾ ਦਿੱਤਾ।ਜਿਸ ਤੋਂ ਬਾਅਦ ਉਹ ਚਾਰੇ ਲਗਭਗ ਅੱਧਾ ਘੰਟਾ ਫਾਂਸੀ ਦੇ ਤਖਤੇ ਤੇ ਗਰਦਨ ਦੇ ਭਾਰ ਰੱਸੀ ਨਾਲ ਲਟਕਦੇ ਰਹੇ ਤੇ ਏਸ ਮਗਰੋਂ ਉਨ੍ਹਾਂ ਦੀਆਂ ਲਾਸ਼ਾਂ ਨੂੰ ਧਰਤੀ ਤੇ ਉਤਾਰ ਲਿਆ ਗਿਆ।
